ਹੁਸ਼ਿਆਰਪੁਰ : ਅੱਜ ਸਵੇਰੇ ਜਲੰਧਰ-ਪਠਾਨਕੋਟ ਮੁੱਖ ਮਾਰਗ (Jalandhar-Pathankot main road) ‘ਤੇ ਪਿੰਡ ਐਮਾ ਮਾਂਗਟ ਨੇੜੇ ਪੰਜਾਬ ਪੁਲਿਸ ਦੀ ਬੱਸ ਨਾਲ ਭਿਆਨਕ ਹਾਦਸਾ ਵਾਪਰ ਗਿਆ। ਇਸ ਦੌਰਾਨ 4 ਪੁਲਿਸ ਮੁਲਾਜ਼ਮਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।
ਦੱਸਿਆ ਜਾ ਰਿਹਾ ਹੈ ਕਿ ਸੰਘਣੀ ਧੁੰਦ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਹੈ। ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਦੀ ਬੱਸ ਜਲੰਧਰ ਦੇ ਪੀ.ਏ.ਪੀ ਤੋਂ ਗੁਰਦਾਸਪੁਰ ਜਾ ਰਹੀ ਸੀ।
ਜਦੋਂ ਇਹ ਮੁਕੇਰੀਆਂ ਨੇੜੇ ਪੁੱਜੀ ਤਾਂ ਸੰਘਣੀ ਧੁੰਦ ਕਾਰਨ ਪੰਜਾਬ ਪੁਲਿਸ ਦੀ ਬੱਸ ਦੀ ਖੜ੍ਹੇ ਟਰੱਕ ਨਾਲ ਟੱਕਰ ਹੋ ਗਈ, ਜਿਸ ਦੌਰਾਨ 4 ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ ਅਤੇ ਕਈ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।