ਤੁਰਕੀ : ਦੱਖਣ-ਪੂਰਬੀ ਤੁਰਕੀ ਦੇ ਇੱਕ ਹਾਈ ਸਕੂਲ ਵਿੱਚ ਇੱਕ ਸਾਬਕਾ ਵਿਦਿਆਰਥੀ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਹੈ। ਗੋਲੀਬਾਰੀ ਵਿੱਚ ਘੱਟੋ-ਘੱਟ 16 ਲੋਕ ਜ਼ਖ਼ਮੀ ਹੋ ਗਏ। ਸਕੂਲ ਵਿੱਚ ਗੋਲੀਬਾਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਾਬਕਾ ਵਿਦਿਆਰਥੀ ਨੇ ਖੁਦ ਨੂੰ ਵੀ ਗੋਲੀ ਮਾਰ ਲਈ। ਇੱਕ ਅਧਿਕਾਰੀ ਨੇ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ ਹੈ। ਇੱਕ ਗਵਾਹ ਨੇ ਦੱਸਿਆ ਕਿ ਸ਼ੱਕੀ ਇੱਕ ਲੰਬੇ ਬੈਰਲ ਵਾਲੇ ਹਥਿਆਰ ਨਾਲ ਸਕੂਲ ਦੇ ਅਹਾਤੇ ਵਿੱਚ ਦਾਖਲ ਹੋਇਆ ਅਤੇ ਫਿਰ ਅੰਨ੍ਹੇਵਾਹ ਗੋਲੀਆਂ ਚਲਾਈਆਂ।
ਹਮਲਾਵਰ ਦੇ ਕੋਲ ਸੀ ਸ਼ਾਟਗਨ
ਹਮਲਾਵਾਰ ਵਿਦਿਆਰਥੀ ਦੀ ਉਮਰ 18 ਸਾਲ ਦੱਸੀ ਜਾ ਰਹੀ ਹੈ ਅਤੇ ਉਸ ਕੋਲ ਇੱਕ ਸ਼ਾਟਗਨ ਸੀ। ਉਸਨੇ ਸਾਨਲਿਉਰਫ਼ਾ ਸੂਬੇ ਦੇ ਸਿਵੇਰੇਕ ਵਿੱਚ ਸਥਿਤ ਇੱਕ ਵੋਕੇਸ਼ਨਲ ਹਾਈ ਸਕੂਲ ਵਿੱਚ ਗੋਲੀਬਾਰੀ ਕੀਤੀ ਅਤੇ ਫਿਰ ਇਮਾਰਤ ਦੇ ਅੰਦਰ ਲੁੱਕ ਗਿਆ। ਗਵਰਨਰ ਹਸਨ ਸਿਲਡਕ ਨੇ ਦੱਸਿਆ ਕਿ ਬਾਅਦ ਵਿੱਚ ਉਸਨੇ ਉਸੇ ਸ਼ਾਟਗਨ ਨਾਲ ਖੁਦ ਨੂੰ ਗੋਲੀ ਮਾਰ ਲਈ। ਸਿਲਡਕ ਨੇ ਦੱਸਿਆ ਕਿ ਇਸ ਹਮਲੇ ਵਿੱਚ 10 ਵਿਦਿਆਰਥੀ, 4 ਅਧਿਆਪਕ, ਕੰਟੀਨ ਦਾ ਇੱਕ ਕਰਮਚਾਰੀ ਅਤੇ ਇੱਕ ਕਰਮਚਾਰੀ ਅਤੇ ਇੱਕ ਪੁਲਿਸ ਅਧਿਆਰੀ ਜ਼ਖ਼ਮੀ ਹੋਇਆ ਹੈ। ਗਵਰਨਰ ਨੇ ਕਿਹਾ ਕਿ ਜ਼ਿਆਦਾਤਰ ਜ਼ਖਮੀਆਂ ਦਾ ਇਲਾਜ ਸਿਵੇਰੇਕ ਵਿੱਚ ਹੀ ਚੱਲ ਰਿਹਾ ਸੀ, ਪਰ ਜ਼ਖਮੀ ਅਧਿਆਪਕਾਂ ਅਤੇ ਵਿਦਿਆਰਥੀਆਂ ਵਿੱਚੋਂ ਪੰਜ ਨੂੰ ਸੂਬਾਈ ਰਾਜਧਾਨੀ ਦੇ ਇੱਕ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਹਮਲਾਵਰ ਨੇ ਆਤਮ ਸਮਰਪਣ ਕਰਨ ਤੋਂ ਕੀਤਾ ਇਨਕਾਰ
ਜਾਣਕਾਰੀ ਦੇ ਅਨੁਸਾਰ, ਜ਼ਖਮੀ ਅਧਿਆਪਕਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ। ਹਮਲੇ ਦਾ ਉਦੇਸ਼ ਅਜੇ ਵੀ ਸਪੱਸ਼ਟ ਨਹੀਂ ਹੈ। ਤੁਰਕੀ ਵਿੱਚ ਸਕੂਲ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਬਹੁਤ ਘੱਟ ਹੁੰਦੀਆਂ ਹਨ। ਜਾਣਕਾਰੀ ਦੇ ਅਨੁਸਾਰ ਜਦੋਂ ਹਮਲਾਵਰ ਨੇ ਆਤਮ ਸਮਰਪਣ ਕਰਨ ਤੋਂ ਇਨਕਾਰ ਕਰ ਦਿੱਤਾ, ਤਾਂ ਪੁਲਿਸ ਦੀਆਂ ਵਿਸ਼ੇਸ਼ ਕਾਰਵਾਈਆਂ ਇਕਾਈਆਂ ਨੂੰ ਤਾਇਨਾਤ ਕੀਤਾ ਗਿਆ ਸੀ, ਅਤੇ ਸਕੂਲ ਦੇ ਸਾਰੇ ਸਟਾਫ ਅਤੇ ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ। ਹਮਲੇ ਦੌਰਾਨ, ਦਰਜਨਾਂ ਵਿਦਿਆਰਥੀਆਂ ਨੂੰ ਸਕੂਲ ਤੋਂ ਗੇਟ ਵੱਲ ਅਤੇ ਫਿਰ ਗਲੀ ਵੱਲ ਭੱਜਦੇ ਦੇਖਿਆ ਗਿਆ।
ਗ੍ਰਹਿ ਮੰਤਰਾਲੇ ਨੇ ਕੀ ਕਿਹਾ?
ਤੁਰਕੀ ਦੇ ਗ੍ਰਹਿ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਇਹ ਹਮਲਾ ਸੈਨਲੀਉਰਫਾ ਦੇ ਸਿਵੇਰੇਕ ਜ਼ਿਲ੍ਹੇ ਦੇ ਅਹਿਮਤ ਕੋਯੂੰਕੂ ਵੋਕੇਸ਼ਨਲ ਅਤੇ ਟੈਕਨੀਕਲ ਐਨਾਟੋਲੀਅਨ ਹਾਈ ਸਕੂਲ ਵਿੱਚ ਹੋਇਆ। ਮੰਤਰਾਲੇ ਨੇ ਇਹ ਵੀ ਦੱਸਿਆ ਕਿ ਹਮਲਾਵਰ ਨੇ ਬੰਦੂਕ ਨਾਲ ਹਮਲਾ ਕੀਤਾ ਅਤੇ ਬਾਅਦ ਵਿੱਚ ਉਸੇ ਹਥਿਆਰ ਨਾਲ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਮੰਤਰਾਲੇ ਨੇ ਇਹ ਵੀ ਕਿਹਾ ਕਿ ਸੁਰੱਖਿਆ ਇਕਾਈਆਂ ਨੇ ਮਾਮਲੇ ਦੀ ਵਿਆਪਕ ਜਾਂਚ ਸ਼ੁਰੂ ਕਰ ਦਿੱਤੀ ਹੈ।
