ਕਾਠਮੰਡੂ: ਨੇਪਾਲ ਦੇ ਬਾਗਮਤੀ ਸੂਬੇ ਵਿੱਚ ਅੱਜ , ਵੀਰਵਾਰ ਨੂੰ ਇੱਕ ਯਾਤਰੀ ਵਾਹਨ ਦੇ ਡੂੰਘੀ ਖਾਈ ਵਿੱਚ ਡਿੱਗ ਜਾਣ ਕਾਰਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖ਼ਮੀ ਹੋ ਗਏ। ਮੀਡੀਆ ਵਿੱਚ ਆਈਆਂ ਰਿਪੋਰਟਾਂ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਇਹ ਹਾਦਸਾ ਮਕਵਾਨਪੁਰ ਜ਼ਿਲ੍ਹੇ ਵਿੱਚ ਸਵੇਰੇ ਕਰੀਬ 5 ਵੱਜ ਕੇ 45 ਮਿੰਟ ‘ਤੇ ਵਾਪਰਿਆ। ਹਾਦਸੇ ਸਮੇਂ ਵਾਹਨ ਵਿੱਚ ਕਰੀਬ 15 ਲੋਕ ਸਵਾਰ ਸਨ, ਜੋ ਕਾਠਮੰਡੂ ਤੋਂ ਸਰਲਾਹੀ ਜਾ ਰਹੇ ਸਨ।
ਇਸੇ ਦੌਰਾਨ ਵਾਹਨ ਕਰੀਬ 500 ਮੀਟਰ ਡੂੰਘੀ ਖਾਈ ਵਿੱਚ ਜਾ ਡਿੱਗਿਆ, ਜਿਸ ਕਾਰਨ 10 ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖ਼ਮੀ ਹੋ ਗਏ। ਖ਼ਬਰ ਅਨੁਸਾਰ, ਮ੍ਰਿਤਕਾਂ ਵਿੱਚ ਤਿੰਨ ਔਰਤਾਂ, ਦੋ ਲੜਕੀਆਂ ਅਤੇ ਪੰਜ ਪੁਰਸ਼ ਸ਼ਾਮਲ ਹਨ। ਅਜੇ ਤੱਕ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਹੈ। ਜ਼ਖ਼ਮੀਆਂ ਨੂੰ ਇਲਾਜ ਲਈ ਹੇਟੌਡਾ ਹਸਪਤਾਲ ਲਿਜਾਇਆ ਗਿਆ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਸੱਤ ਮੈਂਬਰੀ ਬਚਾਅ ਟੀਮ ਨੂੰ ਘਟਨਾ ਸਥਾਨ ‘ਤੇ ਭੇਜਿਆ ਗਿਆ।
