ਨਵੀਂ ਦਿੱਲੀ: ਦਿੱਲੀ ਦੀ ਜਨਤਕ ਟਰਾਂਸਪੋਰਟ ਪ੍ਰਣਾਲੀ ਨੂੰ ਵਧੇਰੇ ਹਾਈਟੈਕ, ਆਰਾਮਦਾਇਕ ਅਤੇ ਵਾਤਾਵਰਣ ਅਨੁਕੂਲ ਬਣਾਉਣ ਲਈ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ। ਮੁੱਖ ਮੰਤਰੀ ਰੇਖਾ ਗੁਪਤਾ ਨੇ ਐਲਾਨ ਕੀਤਾ ਕਿ 4 ਜੁਲਾਈ ਤੋਂ ਰਾਜਧਾਨੀ ਦੀਆਂ ਸੜਕਾਂ ‘ਤੇ 300 ਨਵੀਆਂ ਏਅਰ ਕੰਡੀਸ਼ਨਡ ਯਾਨੀ ਏ.ਸੀ ਇਲੈਕਟ੍ਰਿਕ ਬੱਸਾਂ ਚੱਲਣਗੀਆਂ। ਇਸ ਨਵੀਂ ਫਲੀਟ ਦੇ ਸ਼ਾਮਲ ਹੋਣ ਨਾਲ ਨਾ ਸਿਰਫ਼ ਦਿੱਲੀ ਵਾਸੀਆਂ ਦਾ ਸਫ਼ਰ ਆਸਾਨ ਹੋ ਜਾਵੇਗਾ, ਸਗੋਂ ਇਹ ਕਦਮ ਰਾਜਧਾਨੀ ਦੇ ਪ੍ਰਦੂਸ਼ਣ ਦੇ ਪੱਧਰ ਨੂੰ ਘੱਟ ਕਰਨ ਵਿੱਚ ਵੀ ਬਹੁਤ ਮਦਦਗਾਰ ਸਾਬਤ ਹੋਵੇਗਾ।
ਦੱਸ ਦੇਈਏ ਕਿ ਰੂਟ ਅਲਾਟਮੈਂਟ ਦੀ ਪ੍ਰਕਿਰਿਆ ਤੋਂ ਬਾਅਦ ਅਗਲੇ ਮਹੀਨੇ ਦੇ ਪਹਿਲੇ ਹਫ਼ਤੇ ਤੋਂ ਆਮ ਲੋਕਾਂ ਲਈ ਇਹ ਅਤਿ-ਆਧੁਨਿਕ ਬੱਸਾਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਇਹ ਨਵੀਆਂ ਏਅਰ ਕੰਡੀਸ਼ਨਡ (ਏ.ਸੀ.) ਬੱਸਾਂ ਦਿੱਲੀ ਦੀ ਤੇਜ਼ ਗਰਮੀ ਅਤੇ ਨਮੀ ਦੇ ਵਿਚਕਾਰ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਬਹੁਤ ਹੀ ਆਰਾਮਦਾਇਕ ਸਫ਼ਰ ਪ੍ਰਦਾਨ ਕਰਨਗੀਆਂ। ਸੁਰੱਖਿਆ ਲਈ ਇਨ੍ਹਾਂ ਸਾਰੀਆਂ ਇਲੈਕਟ੍ਰਿਕ ਬੱਸਾਂ ਵਿੱਚ ਸੀ.ਸੀ.ਟੀ.ਵੀ. ਕੈਮਰੇ, ਪੈਨਿਕ ਬਟਨ ਅਤੇ ਅੰਗਹੀਣਾਂ ਲਈ ਰੈਂਪ ਵਰਗੀਆਂ ਆਧੁਨਿਕ ਸਹੂਲਤਾਂ ਸ਼ਾਮਲ ਕੀਤੀਆਂ ਗਈਆਂ ਹਨ। ਇਸ ਮੌਕੇ ਬੋਲਦਿਆਂ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਦਿੱਲੀ ਸਰਕਾਰ ਰਾਜਧਾਨੀ ਵਿੱਚ ਵਿਸ਼ਵ ਪੱਧਰੀ ਅਤੇ ਪ੍ਰਦੂਸ਼ਣ ਮੁਕਤ ਜਨਤਕ ਆਵਾਜਾਈ ਪ੍ਰਣਾਲੀ ਵਿਕਸਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਦੱਸ ਦਈਏ ਕਿ ਇਹ ਬੱਸਾਂ ਪੂਰੀ ਤਰ੍ਹਾਂ ਬਿਜਲੀ ‘ਤੇ ਚਲਦੀਆਂ ਹਨ, ਜਿਸ ਕਾਰਨ ਇਨ੍ਹਾਂ ‘ਚੋਂ ਬਿਲਕੁਲ ਵੀ ਧੂੰਆਂ ਨਹੀਂ ਨਿਕਲਦਾ। 300 ਨਵੀਆਂ ਬੱਸਾਂ ਦੇ ਆਉਣ ਨਾਲ ਰਵਾਇਤੀ ਡੀਜ਼ਲ ਅਤੇ ਸੀ.ਐਨ.ਜੀ. ਬੱਸਾਂ ‘ਤੇ ਨਿਰਭਰਤਾ ਘੱਟ ਜਾਵੇਗੀ। ਇਹ ਫ਼ੈਸਲਾ ਦਿੱਲੀ ਦੇ ‘ਗਰੀਨ ਕਵਰ’ ਨੂੰ ਵਧਾਉਣ ਅਤੇ ਵਾਤਾਵਰਣ ਦੀ ਸੁਰੱਖਿਆ ਪ੍ਰਤੀ ਸਰਕਾਰ ਦੇ ਲੰਬੇ ਸਮੇਂ ਦੇ ਏਜੰਡੇ ਦਾ ਅਹਿਮ ਹਿੱਸਾ ਹੈ। ਅੰਤ ਵਿੱਚ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਬੱਸਾਂ ਦੇ ਆਉਣ ਨਾਲ ਖਾਸ ਤੌਰ ‘ਤੇ ਵਿਅਸਤ ‘ਤੇ ਯਾਤਰੀਆਂ ਨੂੰ ਬੱਸਾਂ ਦੇ ਲਈ ਜ਼ਿਆਦਾ ਲੰਬਾ ਇੰਤਜ਼ਾਰ ਨਹੀਂ ਕਰਨਾ ਪਵੇਗਾ ।
