Home ਪੰਜਾਬ ਲੁਧਿਆਣਾ ਦੇ ਮੁਹੱਲਾ ਗੋਬਿੰਦਸਰ ਕਾਲੋਨੀ ’ਚ ਕੱਢੇ ਜਾ ਰਹੇ ਨਗਰ ਕੀਰਤਨ ਦੌਰਾਨ...

ਲੁਧਿਆਣਾ ਦੇ ਮੁਹੱਲਾ ਗੋਬਿੰਦਸਰ ਕਾਲੋਨੀ ’ਚ ਕੱਢੇ ਜਾ ਰਹੇ ਨਗਰ ਕੀਰਤਨ ਦੌਰਾਨ 10 ਸਾਲ ਦੇ ਬੱਚੇ ਦੇ ਲੱਗੀ ਗੋਲੀ

0

ਲੁਧਿਆਣਾ : ਥਾਣਾ ਢਾਬਾ ਦੇ ਅਧੀਨ ਆਉਂਦੇ ਮੁਹੱਲਾ ਗੋਬਿੰਦਸਰ ਕਾਲੋਨੀ ਸ਼ਿਮਲਾਪੁਰੀ ਵਿੱਚ ਗੁਰੂ ਪਰਵ ਦੇ ਸਬੰਧ ਵਿੱਚ ਕੱਢੇ ਜਾ ਰਹੇ ਨਗਰ ਕੀਰਤਨ ਵਿੱਚ ਮਾਂ ਦੇ ਨਾਲ ਮੱਥਾ ਟੇਕਣ ਪਹੁੰਚਿਆ ਬੱਚਾ ਬੰਦੂਕ ਤੋਂ ਚਲੀ ਗੋਲੀ ਲੱਗਣ ਨਾਲ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਇਹ ਘਟਨਾ ਬੀਤੀ ਦੇਰ ਸ਼ਾਮ ਵਾਪਰੀ ਹੈ ਜਦੋਂ ਮੁਹੱਲਾ ਗੋਬਿੰਦਸਰ ਵਿੱਚ ਕੱਢੇ ਜਾ ਰਹੇ ਨਗਰ ਕੀਰਤਨ ਵਿੱਚ ਮੱਥਾ ਟੇਕਣ ਲਈ ਵੱਡੀ ਗਿਣਤੀ ਵਿੱਚ ਇਲਾਕੇ ਦੀ ਸੰਗਤ ਇਕੱਠੀ ਹੋਈ ਸੀ। ਇਹਨਾਂ ਵਿੱਚੋਂ ਪਾਰਥ (10) ਜੋ ਕਿ ਤੀਜੀ ਜਮਾਤ ਦਾ ਵਿਦਿਆਰਥੀ ਹੈ ਅਤੇ ਉਸਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ, ਆਪਣੀ ਮਾਂ ਗੁਰਪ੍ਰੀਤ ਕੌਰ ਦੇ ਨਾਲ ਮੱਥਾ ਟੇਕਣ ਆਇਆ ਹੋਇਆ ਸੀ। ਇਸੇ ਦੌਰਾਨ ਇਲਾਕੇ ਦੇ ਹੀ ਇੱਕ ਵਿਅਕਤੀ ਨੇ ਹੱਥ ਵਿੱਚ ਫੜੀ 12 ਬੋਰ ਦੀ ਬੰਦੂਕ ਨਾਲ ਅਚਾਨਕ ਫਾਇਰ ਕਰਨਾ ਸ਼ੁਰੂ ਕਰ ਦਿੱਤਾ ਜਿਸ ਕਾਰਨ ਲੋਕ ਡਰ ਗਏ।

ਇਸੇ ਦੌਰਾਨ ਦੋਸ਼ੀ ਵੱਲੋਂ ਚਲਾਈ ਇੱਕ ਗੋਲੀ ਕੋਲ ਖੜ੍ਹੇ ਪਾਰਥ ਦੀ ਲੱਤ ਵਿੱਚ ਵੱਜੀ ਅਤੇ ਉਹ ਧਰਤੀ ‘ਤੇ ਡਿੱਗ ਪਿਆ। ਅਚਾਨਕ ਵਾਪਰੀ ਇਸ ਘਟਨਾ ਨਾਲ ਲੋਕਾਂ ਵਿੱਚ ਹਫੜਾ-ਦਫੜੀ ਮਚ ਗਈ ਅਤੇ ਦੋਸ਼ੀ ਮੌਕੇ ਦਾ ਫਾਇਦਾ ਉਠਾ ਕੇ ਘਟਨਾ ਸਥਾਨ ਤੋਂ ਫਰਾਰ ਹੋ ਗਿਆ। ਗੰਭੀਰ ਰੂਪ ਵਿੱਚ ਜ਼ਖ਼ਮੀ ਪਾਰਥ ਨੂੰ ਲੋਕਾਂ ਨੇ ਤੁਰੰਤ ਨੇੜਲੇ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਅਤੇ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ।

ਮੌਕੇ ‘ਤੇ ਪਹੁੰਚੀ ਥਾਣਾ ਢਾਬਾ ਦੀ ਇੰਚਾਰਜ ਕੁਲਵੰਤ ਕੌਰ ਨੇ ਦੱਸਿਆ ਕਿ ਨਗਰ ਕੀਰਤਨ ਦੌਰਾਨ ਗੋਲੀ ਚਲਾਉਣ ਵਾਲੇ ਦੋਸ਼ੀ ਦੀ ਪਛਾਣ ਸੁਖਪਾਲ ਸਿੰਘ ਗਾਬੜੀਆ ਪੁੱਤਰ ਦਰਸ਼ਨ ਸਿੰਘ ਵਾਸੀ ਸ਼ਿਮਲਾਪੁਰੀ ਵਜੋਂ ਹੋਈ ਹੈ। ਪੁਲਿਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ ਜਿਸਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਦੋਸ਼ੀ ਕੋਲ ਲਾਇਸੈਂਸੀ ਹਥਿਆਰ ਸੀ ਜਾਂ ਨਹੀਂ। ਇਸ ਦੌਰਾਨ, ਨਗਰ ਕੀਰਤਨ ਵਿੱਚ ਮੱਥਾ ਟੇਕਣ ਆਏ ਗੁੱਸੇ ਵਿੱਚ ਆਏ ਸ਼ਰਧਾਲੂਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਦੋਸ਼ੀ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੋ ਵੀ ਇਸ ਤਰ੍ਹਾਂ ਗੋਲੀਬਾਰੀ ਕਰਕੇ ਧਾਰਮਿਕ ਸਮਾਗਮ ਦੇ ਮਾਹੌਲ ਨੂੰ ਵਿਗਾੜਦਾ ਹੈ, ਉਸਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਣਾ ਚਾਹੀਦਾ।

NO COMMENTS

LEAVE A REPLY

Please enter your comment!
Please enter your name here

Exit mobile version