ਚੰਡੀਗੜ੍ਹ : ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਸੂਬੇ ਦੇ ਸੈਰ ਸਪਾਟਾ ਖੇਤਰ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਮਜ਼ਬੂਤ ਕਰਨ ਲਈ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ।
ਇੱਥੇ ਸੈਕਟਰ-38 ਸਥਿਤ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਦੇ ਦਫ਼ਤਰ ਵਿਖੇ ਸੈਰ ਸਪਾਟਾ ਤੇ ਸੱਭਿਆਚਾਰਕ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਦੌਰਾਨ ਸ੍ਰੀ ਸੌਂਦ ਨੇ ਕਿਹਾ ਕਿ ਸੂਬੇ ਵਿੱਚ ਸੈਰ ਸਪਾਟੇ ਦੇ ਖੇਤਰ ਵਿੱਚ ਅਥਾਹ ਸੰਭਾਵਨਾਵਾਂ ਹਨ ਅਤੇ ਇਸ ਵਿੱਚ ਸੈਰ ਸਪਾਟੇ ਦੀਆਂ ਸੰਭਾਵਨਾਵਾਂ ਹਨ। ਧਾਰਮਿਕ ਖੇਤਰ ਦੇ ਨਾਲ-ਨਾਲ ਹੋਰ ਖੇਤਰਾਂ ਵਿੱਚ ਵੀ ਇਸ ਨੂੰ ਉਤਸ਼ਾਹਿਤ ਕਰਨ ਲਈ ਜਲਦੀ ਹੀ ਇੱਕ ਨੀਤੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ‘ਵਿਲੇਜ ਟੂਰਿਜ਼ਮ’ ਨੂੰ ਹੋਰ ਪ੍ਰਫੁੱਲਤ ਕੀਤਾ ਜਾ ਸਕਦਾ ਹੈ। ਜਿਹੜੇ ਲੋਕ ਪੇਂਡੂ ਜੀਵਨ ਦਾ ਅਨੁਭਵ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ‘ਬੈੱਡ ਐਂਡ ਬ੍ਰੇਕਫਾਸਟ’ ਸਕੀਮ ਦਾ ਵੱਡੇ ਪੱਧਰ ‘ਤੇ ਪ੍ਰਚਾਰ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦਾ ਖਾਣਾ ਵਿਸ਼ਵ ਭਰ ਵਿੱਚ ਮਸ਼ਹੂਰ ਹੈ ਅਤੇ ਕਈ ਸ਼ਹਿਰਾਂ ਵਿੱਚ ਸੁਆਦਲੇ ਪਕਵਾਨਾਂ ਦਾ ਆਨੰਦ ਮਾਣਿਆ ਜਾ ਸਕਦਾ ਹੈ। ਇਸ ਲਈ ‘ਫੂਡ ਟੂਰਿਜ਼ਮ’ ਦੇ ਖੇਤਰ ਵਿੱਚ ਵੀ ਸੰਭਾਵਨਾਵਾਂ ਤਲਾਸ਼ੀਆਂ ਜਾਣੀਆਂ ਚਾਹੀਦੀਆਂ ਹਨ। ਹਰਿਆਣਾ ਵਾਲੇ ਪਾਸਿਓਂ ਪੰਜਾਬ ਵਿੱਚ ਦਾਖ਼ਲੇ ਮੌਕੇ ਐਂਟਰੀ ਗੇਟ ਦੀ ਉਸਾਰੀ ਅਤੇ ਸੁੰਦਰੀਕਰਨ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੀ.ਟੀ. ਰੋਡ ‘ਤੇ ਪੰਜਾਬ ਵਿੱਚ ਦਾਖ਼ਲ ਹੋਣ ਸਮੇਂ ਸੂਬੇ ਦੇ ਸੱਭਿਆਚਾਰ, ਵਿਰਸੇ ਅਤੇ ਸਮਾਜਿਕ ਤਾਣੇ-ਬਾਣੇ ਨੂੰ ਦਰਸਾਉਂਦੇ ਗੇਟ ਅਤੇ ਮੂਰਤੀਆਂ ਲਗਾਉਣ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਕੰਮ ਕਰਵਾਇਆ ਜਾਵੇਗਾ।