ਪਟਨਾ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ (Chief Minister Nitish Kumar) ਦਾ ਚੇਨਈ ਦੌਰਾ ਰੱਦ ਕਰ ਦਿੱਤਾ ਗਿਆ ਹੈ। ਉਪ ਮੁੱਖ ਮੰਤਰੀ ਤੇਜਸਵੀ ਯਾਦਵ ਅਤੇ ਮੰਤਰੀ ਸੰਜੇ ਝਾਅ ਚੇਨਈ ਲਈ ਪਟਨਾ ਤੋਂ ਰਵਾਨਾ ਹੋ ਗਏ ਹਨ। ਉਪ ਮੁੱਖ ਮੰਤਰੀ ਤੇਜਸਵੀ ਯਾਦਵ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ ਸਟਾਲਿਨ ਦੇ ਸੱਦੇ ‘ਤੇ ਚੇਨਈ ਜਾ ਰਹੇ ਹਨ।
ਤੇਜਸਵੀ ‘ਮੁਥੂਵੇਲਰ’ ਲਾਇਬ੍ਰੇਰੀ ਦਾ ਉਦਘਾਟਨ ਕਰਨਗੇ। ‘ਕਲੈਗਨਾਰ ਕੋਟਮ’ ਅਤੇ ‘ਮੁਥੂਵੇਲਰ’ ਲਾਇਬ੍ਰੇਰੀਆਂ ਦੋਵੇਂ ਕਰੁਣਾਨਿਧੀ ਦੇ ਜੱਦੀ ਜ਼ਿਲ੍ਹੇ ਤਿਰੂਵਰੂਰ ਵਿੱਚ ਸਥਾਪਿਤ ਹਨ। ਤਾਮਿਲ ਵਿੱਚ ‘ਕੋਟਮ’ ਇੱਕ ਬਹੁਤ ਹੀ ਸਤਿਕਾਰਯੋਗ ਵਿਅਕਤੀ ਦੀ ਯਾਦ ਵਿੱਚ ਬਣਾਈ ਗਈ ਇਮਾਰਤ ਨੂੰ ਦਰਸਾਉਂਦਾ ਹੈ। ਇਸ ਦੇ ਨਾਲ ਹੀ ਮੰਨਿਆ ਜਾ ਰਿਹਾ ਹੈ ਕਿ 23 ਜੂਨ ਨੂੰ ਪਟਨਾ ‘ਚ ਵਿਰੋਧੀ ਨੇਤਾਵਾਂ ਦੀ ਪ੍ਰਸਤਾਵਿਤ ਬੈਠਕ ਤੋਂ ਪਹਿਲਾਂ ਬਿਹਾਰ ਦੇ ਇਹ ਨੇਤਾ ਇਸ ਸਬੰਧੀ ਸਟਾਲਿਨ ਨਾਲ ਗੱਲਬਾਤ ਵੀ ਕਰ ਸਕਦੇ ਹਨ। ਪਟਨਾ ‘ਚ ਬਿਹਾਰ ਦੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ‘ਤੇ ਵਿਰੋਧੀ ਪਾਰਟੀਆਂ ਦੀ ਬੈਠਕ ਹੋਵੇਗੀ।
ਦੱਸ ਦੇਈਏ ਕਿ ਸਟਾਲਿਨ ਤੋਂ ਇਲਾਵਾ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਐਨ.ਸੀ.ਪੀ ਨੇਤਾ ਸ਼ਰਦ ਪਵਾਰ, ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ, ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ, ਸ਼ਿਵ ਸੈਨਾ (ਯੂ.ਬੀ.ਟੀ. ) ਨੇਤਾ ਊਧਵ ਠਾਕਰੇ ਅਤੇ ਕੁਝ ਹੋਰ ਵਿਰੋਧੀ ਨੇਤਾਵਾਂ ਨੇ ਬੈਠਕ ਵਿਚ ਸ਼ਾਮਲ ਹੋਣ ਲਈ ਆਪਣੀ ਸਹਿਮਤੀ ਦੇ ਦਿੱਤੀ ਹੈ।