ਕੁਰੂਕਸ਼ੇਤਰ: ਹਰਿਆਣਾ ਦੇ ਕੁਰੂਕਸ਼ੇਤਰ ਦੇ ਇੱਕ ਪਿੰਡ ਵਿੱਚ 2 ਮਗਰਮੱਛ (2 Crocodiles) ਵੜ ਗਏ। ਉਨ੍ਹਾ ਨੂੰ ਬਚਾਉਣ ਲਈ ਕਰੀਬ 6 ਘੰਟੇ ਤੱਕ ਆਪਰੇਸ਼ਨ ਚੱਲਿਆ। ਦੋਵਾਂ ਮਗਰਮੱਛਾਂ ਨੂੰ ਬਚਾਉਣ ਤੋਂ ਬਾਅਦ ਉਨ੍ਹਾਂ ਨੂੰ ਜੰਗਲੀ ਜੀਵ ਟੀਮ ਦੇ ਹਵਾਲੇ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਟੀਮ ਦੋਵਾਂ ਨੂੰ ਕ੍ਰੋਕੋਡਾਇਲ ਬਰੀਡਿੰਗ ਸੈਂਟਰ ਲੈ ਗਈ। ਦੱਸਿਆ ਜਾ ਰਿਹਾ ਹੈ ਕਿ ਮਗਰਮੱਛ ਨਹਿਰ ਦੇ ਦੂਜੇ ਪਾਸੇ ਤੋਂ ਨਾਲੇ ਵਿੱਚ ਆ ਗਏ ਸਨ। ਇਸ ਡਰੇਨ ਦੇ ਨਾਲ ਇੱਕ ਡੇਰਾ ਵੀ ਲੱਗਦਾ ਹੈ।
ਜਾਣਕਾਰੀ ਮੁਤਾਬਕ ਪਿੰਡ ਮੁਸਤਪੁਰ ‘ਚ ਲੋਕਾਂ ਨੇ ਨਾਲੇ ‘ਚ 2 ਮਗਰਮੱਛਾਂ ਨੂੰ ਦੇਖਿਆ। ਮਗਰਮੱਛ ਦੀ ਮੌਜੂਦਗੀ ਦੀ ਸੂਚਨਾ ਤੋਂ ਬਾਅਦ ਪਿੰਡ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਤੋਂ ਬਾਅਦ ਬੀਤੀ ਸ਼ਾਮ ਉਨ੍ਹਾਂ ਨੇ ਜੰਗਲੀ ਜੀਵ ਵਿਭਾਗ ਅਤੇ ਗੋਤਾਖੋਰ ਪ੍ਰਗਟ ਸਿੰਘ ਨੂੰ ਸੂਚਿਤ ਕੀਤਾ।
ਗੋਤਾਖੋਰ ਪ੍ਰਗਟ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਮਗਰਮੱਛਾਂ ਦੀਆਂ ਵੀਡੀਓ ਵੀ ਭੇਜੀਆਂ ਸਨ। ਜਿਸ ਤੋਂ ਬਾਅਦ ਉਹ ਟੀਮ ਨਾਲ ਪਿੰਡ ਪਹੁੰਚੇ। ਗੋਤਾਖੋਰ ਪ੍ਰਗਟ ਸਿੰਘ ਨੇ ਦੱਸਿਆ ਕਿ ਮਗਰਮੱਛ ਛੋਟੇ ਸਨ, ਪਰ ਉਨ੍ਹਾਂ ਤੋਂ ਵੀ ਖ਼ਤਰਾ ਸੀ। ਪੂਰੀ ਟੀਮ ਵੱਲੋਂ 4 ਵਜੇ ਸਰਚ ਐਂਡ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਗਿਆ। ਇੱਕ ਮਗਰਮੱਛ ਨੂੰ 5 ਘੰਟਿਆਂ ਵਿੱਚ ਅਤੇ ਦੂਜਾ 6 ਘੰਟਿਆਂ ਵਿੱਚ ਫੜਿਆ ਗਿਆ।