ਭਵਾਨੀਗੜ੍ਹ : ਸੰਗਰੂਰ ਨੂੰ ਜਾਂਦੇ ਹਾਈਵੇ ‘ਤੇ ਬੀਤੀ ਰਾਤ ਇੱਕ ਦਰਦਨਾਕ ਹਾਦਸਾ ਵਾਪਰਿਆ। ਜਿੱਥੇ ਕਿ ਫੱਗੂਵਾਲਾ ਕੈਂਚੀਆਂ ਵਿਖੇ ਬਣੇ ਫਲਾਈਓਵਰ ‘ਤੇ ਅਚਾਨਕ ਇੱਕ ਕਾਰ ਬੇਕਾਬੂ ਹੋ ਕੇ ਪਲਟ ਗਈ। ਇਸ ਹਾਦਸੇ ’ਚ ਇੱਕ ਨੌਜਵਾਨ ਦੀ ਮੌਤ ਹੋ ਗਈ। ਹਾਦਸੇ ਦੌਰਾਨ ਕਾਰ ਵਿੱਚ ਕੁੱਲ 2 ਨੌਜਵਾਨ ਸਵਾਰ ਸਨ ਜਿਨ੍ਹਾਂ ਵਿੱਚੋਂ ਇੱਕ ਦੀ ਮੌਕੇ ਤੇ ਮੌਤ ਹੋ ਗਈ ਅਤੇ ਦੂਜੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।ਉਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਪੁਲਸ ਦੇ ਅਧਿਕਾਰੀ ਨੇ ਦੱਸਿਆ ਕਿ ਦੇਰ ਰਾਤ ਸੰਗਰੂਰ ਸਾਈਡ ਨੂੰ ਜਾ ਰਹੀ ਇਕ ਕਾਰ ’ਚ 2 ਨੌਜਵਾਨ ਸਵਾਰ ਸਨ। ਜਦੋਂ ਕਾਰ ਸਥਾਨਕ ਸ਼ਹਿਰ ਤੋਂ ਅੱਗੇ ਫੱਗੂਵਾਲਾ ਕੈਂਚੀਆਂ ’ਚ ਪਹੁੰਚੀ ਤਾਂ ਇੱਥੇ ਨੈਸ਼ਨਲ ਹਾਈਵੇ ਨੰਬਰ-7 ਦੇ ਫਲਾਈਓਵਰ ਉੱਪਰ ਅਚਾਨਕ ਬੇਕਾਬੂ ਹੋ ਕੇ ਪਲਟ ਗਈ।
ਸੂਚਨਾ ਮਿਲਣ ’ਤੇ ਉਹ ਤੁਰੰਤ ਆਪਣੀ ਟੀਮ ਸਮੇਤ ਘਟਨਾ ਸਥਾਨ ’ਤੇ ਪਹੁੰਚ ਗਏ ਅਤੇ ਹੋਰ ਰਾਹਗੀਰਾਂ ਦੀ ਮਦਦ ਨਾਲ ਗੰਭੀਰ ਰੂਪ ’ਚ ਜ਼ਖਮੀ ਹੋਏ ਕਾਰ ’ਚ ਸਵਾਰ ਦੋਵੇ ਨੌਜਵਾਨਾਂ ਨੂੰ ਕਾਰ ਤੋਂ ਬਾਹਰ ਕੱਢਿਆ ਤੇ ਇਲਾਜ ਲਈ ਸਥਾਨਕ ਹਪਸਤਾਲ ਵਿਖੇ ਲਿਆਂਦਾ। ਇੱਥੇ ਡਾਕਟਰਾਂ ਨੇ ਇਕ ਨੌਜਵਾਨ ਏਕਮਵੀਰ ਸਿੰਘ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਅਤੇ ਦੂਜੇ ਗੰਭੀਰ ਰੂਪ ’ਚ ਜ਼ਖਮੀ ਹੋਏ ਕਾਰ ਚਾਲਕ ਨੌਜਵਾਨ ਹਰਜੋਤ ਸਿੰਘ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਪਟਿਆਲਾ ਵਿਖੇ ਰੈਫ਼ਰ ਕਰ ਦਿੱਤਾ।











