ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬ੍ਰਾਜ਼ੀਲ ਦੀ ਆਪਣੀ ਸਰਕਾਰੀ ਯਾਤਰਾ ਲਈ ਬ੍ਰਾਸੀਲੀਆ ਪਹੁੰਚ ਗਏ ਹਨ। ਜਿੱਥੇ ਬ੍ਰਾਜ਼ੀਲ ਦੇ ਰੱਖਿਆ ਮੰਤਰੀ ਜੋਸ ਮੁਸੀਓ ਮੋਂਟੇਰੀਓ ਫਿਲਹੋ ਵੱਲੋਂ ਹਵਾਈ ਅੱਡੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੇ ਸਵਾਗਤ ਲਈ ਰਵਾਇਤੀ ਬ੍ਰਾਜ਼ੀਲੀਆਈ ਸਾਂਬਾ ਰੇਗੇ ਅਤੇ ਸ਼ਿਵ ਤਾਂਡਵ ਪੇਸ਼ ਕੀਤਾ ਗਿਆ। ਜਿਵੇਂ ਕਿ ਪ੍ਰਧਾਨ ਮੰਤਰੀ ਮੋਦੀ 6-7 ਜੁਲਾਈ ਨੂੰ ਰੀਓ ਡੀ ਜਨੇਰੀਓ ਵਿੱਚ ਬ੍ਰਿਕਸ ਸੰਮੇਲਨ ਵਿੱਚ ਸ਼ਾਮਲ ਹੋਣ ਗਏ ਸਨ ਉਸ ਤੋਂ ਬਾਅਦ ਹੁਣ ਬ੍ਰਾਸੀਲੀਆ ਪਹੁੰਚੇ ਸਨ ਜਿੱਥੇ ਉਨ੍ਹਾ ਦਾ ਸ਼ਾਨਦਾਰ ਸਵਾਗਤ ਹੋਇਆ।

ਇਸ ਸੰਬੰਦੀ ਜਾਣਕਾਰੀ ਦਿੰਦਿਆਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ X ‘ਤੇ ਇੱਕ ਪੋਸਟ ਵਿੱਚ ਕਿਹਾ ਕਿ ਭਾਰਤ-ਬ੍ਰਾਜ਼ੀਲ ਦੀ ਮਜ਼ਬੂਤ ਸਾਂਝੇਦਾਰੀ ਵਿੱਚ ਨਵੇਂ ਕਦਮ ਚੁੱਕੇ ਜਾ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬ੍ਰਾਜ਼ੀਲ ਦੇ ਸਰਕਾਰੀ ਦੌਰੇ ‘ਤੇ ਰਾਜਧਾਨੀ ਬ੍ਰਾਸੀਲੀਆ ਪਹੁੰਚੇ ਹਨ। ਬ੍ਰਾਜ਼ੀਲ ਦੇ ਰੱਖਿਆ ਮੰਤਰੀ ਜੋਸ ਮੁਸੀਓ ਮੋਂਟੇਰੀਓ ਫਿਲਹੋ ਨੇ ਹਵਾਈ ਅੱਡੇ ‘ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।

ਰਣਧੀਰ ਜੈਸਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਰਵਾਇਤੀ ਬ੍ਰਾਜ਼ੀਲੀਆਈ ਸਾਂਬਾ ਰੇਗੇ ਪ੍ਰਦਰਸ਼ਨ ਅਤੇ ਸ਼ਿਵ ਤਾਂਡਵ ਨਾਲ ਵਿਸ਼ੇਸ਼ ਬਣਾਇਆ ਗਿਆ। ਵਿਦੇਸ਼ ਮੰਤਰਾਲੇ ਦੇ ਇੱਕ ਬਿਆਨ ਅਨੁਸਾਰ ਆਪਣੀ ਫੇਰੀ ਦੌਰਾਨ ਪ੍ਰਧਾਨ ਮੰਤਰੀ ਮੋਦੀ ਵਪਾਰ, ਰੱਖਿਆ, ਊਰਜਾ, ਪੁਲਾੜ, ਤਕਨਾਲੋਜੀ, ਖੇਤੀਬਾੜੀ, ਸਿਹਤ ਅਤੇ ਲੋਕਾਂ ਤੋਂ ਲੋਕਾਂ ਦੇ ਸੰਪਰਕ ਸਮੇਤ ਆਪਸੀ ਹਿੱਤਾਂ ਦੇ ਖੇਤਰਾਂ ਵਿੱਚ ਦੋਵਾਂ ਦੇਸ਼ਾਂ ਵਿਚਕਾਰ ਰਣਨੀਤਕ ਭਾਈਵਾਲੀ ਨੂੰ ਵਧਾਉਣ ‘ਤੇ ਲੁਈਸ ਇਨਾਸੀਓ ਲੂਲਾ ਡਾ ਸਿਲਵਾ ਨਾਲ ਦੁਵੱਲੀ ਗੱਲਬਾਤ ਕਰਨਗੇ।











