ਮੁੰਬਈ: ਬਾਲੀਵੁੱਡ ਅਦਾਕਾਰ ਸਲਮਾਨ ਖਾਨ (Bollywood Actor Salman Khan) ਨਾਲ ਗੈਂਗਸਟਰ ਲਾਰੇਂਸ ਬਿਸ਼ਨੋਈ (Gangster Lawrence Bishnoi) ਦੀ ਦੁਸ਼ਮਣੀ ਬਹੁਤ ਪੁਰਾਣੀ ਹੈ ਅਤੇ ਹਾਲ ਹੀ ਦੀਆਂ ਘਟਨਾਵਾਂ ਤੋਂ ਬਾਅਦ ਇਹ ਮਾਮਲਾ ਹੋਰ ਗੰਭੀਰ ਹੁੰਦਾ ਨਜ਼ਰ ਆ ਰਿਹਾ ਹੈ। ਐਨ.ਸੀ.ਪੀ. ਨੇਤਾ ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਸਲਮਾਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਬਾਬਾ ਸਿੱਦੀਕੀ ਵੀ ਸਲਮਾਨ ਦੇ ਦੋਸਤ ਸਨ ਅਤੇ ਬਾਲੀਵੁੱਡ ਦੇ ਕਈ ਮਸ਼ਹੂਰ ਹਸਤੀਆਂ ਨਾਲ ਉਨ੍ਹਾਂ ਦੀ ਨੇੜਲੀ ਦੋਸਤੀ ਸੀ। ਇਸ ਦੌਰਾਨ ਹੁਣ ਮੁੰਬਈ ਟ੍ਰੈਫਿਕ ਪੁਲਿਸ ਨੂੰ ਸਲਮਾਨ ਖਾਨ ਦੇ ਨਾਂ ‘ਤੇ ਧਮਕੀ ਭਰਿਆ ਸੰਦੇਸ਼ ਮਿਲਿਆ ਹੈ।
ਸੰਦੇਸ਼ ਭੇਜਣ ਵਾਲੇ ਵਿਅਕਤੀ ਨੇ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਕਰੀਬੀ ਦੱਸਿਆ ਹੈ। ਇਹ ਧਮਕੀ ਭਰਿਆ ਸੰਦੇਸ਼ ਮੁੰਬਈ ਟ੍ਰੈਫਿਕ ਪੁਲਿਸ ਦੇ ਵਟਸਐਪ ਨੰਬਰ ‘ਤੇ ਮਿਲਿਆ ਹੈ। ਇਸ ‘ਚ ਅਦਾਕਾਰ ਸਲਮਾਨ ਖਾਨ ਤੋਂ ਲਾਰੇਂਸ ਬਿਸ਼ਨੋਈ ਨਾਲ ਪੁਰਾਣੀ ਦੁਸ਼ਮਣੀ ਖਤਮ ਕਰਨ ਲਈ 5 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ। ਮੈਸੇਜ ‘ਚ ਇਹ ਵੀ ਲਿਖਿਆ ਗਿਆ ਹੈ ਕਿ ‘ਇਸ ਨੂੰ ਹਲਕੇ ‘ਚ ਨਾ ਲਓ, ਨਹੀਂ ਤਾਂ ਸਲਮਾਨ ਖਾਨ ਦੀ ਹਾਲਤ ਬਾਬਾ ਸਿੱਦੀਕੀ ਤੋਂ ਵੀ ਬਦਤਰ ਹੋ ਜਾਵੇਗੀ।’ ਇਸ ਮਾਮਲੇ ਦੀ ਜਾਂਚ ਮੁੰਬਈ ਪੁਲਿਸ ਨੇ ਸ਼ੁਰੂ ਕਰ ਦਿੱਤੀ ਹੈ।
ਰਚੀ ਜਾ ਰਹੀ ਹੈ ਸਲਮਾਨ ਦੇ ਕਤਲ ਦੀ ਸਾਜ਼ਿਸ਼?
ਇਸ ਤੋਂ ਪਹਿਲਾਂ ਮੁੰਬਈ ਪੁਲਿਸ ਨੇ ਸਲਮਾਨ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਦੋਸ਼ ‘ਚ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਸੀ। ਬੁੱਧਵਾਰ ਨੂੰ ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਕ ਦੋਸ਼ੀ ਨੂੰ ਪਾਣੀਪਤ, ਹਰਿਆਣਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿਅਕਤੀ ਦਾ ਨਾਮ ਸੁੱਖਾ ਹੈ। ਉਹ ਬਿਸ਼ਨੋਈ ਗੈਂਗ ਦਾ ਸ਼ਾਰਪ ਸ਼ੂਟਰ ਹੈ ਅਤੇ ਉਸ ਨੂੰ ਨਵੀਂ ਮੁੰਬਈ ਲਿਆਂਦਾ ਗਿਆ ਹੈ।
ਜਾਣਕਾਰੀ ਮੁਤਾਬਕ ਮੁੰਬਈ ਪੁਲਿਸ ਅਤੇ ਹਰਿਆਣਾ ਪੁਲਿਸ ਨੇ ਸਾਂਝੇ ਆਪਰੇਸ਼ਨ ‘ਚ ਲਾਰੇਂਸ ਬਿਸ਼ਨੋਈ ਦੇ ਇਸ ਸ਼ਾਰਪ ਸ਼ੂਟਰ ਨੂੰ ਪਾਣੀਪਤ ਤੋਂ ਗ੍ਰਿਫ਼ਤਾਰ ਕੀਤਾ ਸੀ। ਸੁੱਖਾ ਨੇ ਸਾਲ 2022 ‘ਚ ਲਾਰੈਂਸ ਅਤੇ ਗੋਲਡੀ ਬਰਾੜ ਦੇ ਕਹਿਣ ‘ਤੇ ਸਲਮਾਨ ਖਾਨ ਦੇ ਮੁੰਬਈ ਸਥਿਤ ਪਨਵੇਲ ਫਾਰਮ ਹਾਊਸ ਦੀ ਰੇਕੀ ਕਰਵਾਈ ਸੀ। ਰੇਕੀ ਤੋਂ ਬਾਅਦ ਸੁੱਖਾ ਨੇ ਸਲਮਾਨ ‘ਤੇ ਹਮਲਾ ਕਰਨਾ ਸੀ, ਪਰ ਉਸ ਦੀ ਯੋਜਨਾ ਅਸਫ਼ਲ ਹੋ ਗਈ ਸੀ। ਬਿਸ਼ਨੋਈ ਦੇ ਸ਼ੂਟਰਾਂ ਨੇ ਸਾਲ 2022 ‘ਚ ਸਲਮਾਨ ਨੂੰ ਮਾਰਨ ਲਈ ਕਈ ਵਾਰ ਫਾਰਮ ਹਾਊਸ ਦੀ ਰੇਕੀ ਕੀਤੀ ਪਰ ਹਮਲੇ ਦੀ ਯੋਜਨਾ ਅਸਫ਼ਲ ਰਹੀ। ਸ਼ੂਟਰਾਂ ਨੇ ਫਾਰਮ ਹਾਊਸ ਦੇ ਗਾਰਡ ਨਾਲ ਵੀ ਦੋਸਤੀ ਕਰ ਲਈ ਸੀ।
ਡਰਿਆ ਹੋਇਆ ਹੈ ਸਲਮਾਨ ਦਾ ਪਰਿਵਾਰ
ਸਲਮਾਨ ਖਾਨ ਨਾਲ ਜੁੜੇ ਇੱਕ ਸੂਤਰ ਨੇ ਦੱਸਿਆ ਸੀ ਕਿ ਭਾਵੇਂ ਅਦਾਕਾਰ ਦਾ ਪਰਿਵਾਰ ਅਤੇ ਉਨ੍ਹਾਂ ਦੇ ਦੋਸਤ ਬਹਾਦਰੀ ਦਿਖਾ ਰਹੇ ਹਨ ਪਰ ਉਹ ਅੰਦਰੋਂ ਬਹੁਤ ਪ੍ਰੇਸ਼ਾਨ ਅਤੇ ਡਰੇ ਹੋਏ ਹਨ। ਉਨ੍ਹਾਂ ਨੂੰ ਇਹ ਵੀ ਉਮੀਦ ਹੈ ਕਿ ਸਰਕਾਰ ਅਤੇ ਪੁਲਿਸ ਇਸ ਮਾਮਲੇ ਨਾਲ ਸਬੰਧਤ ਅਸਲ ਦੋਸ਼ੀ ਨੂੰ ਫੜੇਗੀ। ਸਲਮਾਨ ਖਾਨ ਨਾਲ ਜੁੜੇ ਲੋਕਾਂ ਦਾ ਮੰਨਣਾ ਹੈ ਕਿ ਮਾਮਲਾ ਅਸਲ ‘ਚ ਉਸ ਤੋਂ ਵੀ ਵੱਡਾ ਹੋ ਸਕਦਾ ਹੈ ਜੋ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ।
ਬਾਬਾ ਸਿੱਦੀਕੀ ਦੇ ਕਤਲ ਅਤੇ ਸਲਮਾਨ ਖਾਨ ਨੂੰ ਮਿਲੀ ਧਮਕੀ ‘ਤੇ ਸੂਤਰ ਨੇ ਕਿਹਾ ਸੀ, ‘ਜ਼ਾਹਿਰ ਹੈ ਕਿ ਲਾਰੇਂਸ ਨੇ ਇਸ ਸਭ ਦੀ ਜ਼ਿੰਮੇਵਾਰੀ ਲਈ ਹੈ। ਪਰ ਕਈਆਂ ਨੂੰ ਲੱਗਦਾ ਹੈ ਕਿ ਇਹ ਸਾਰਾ ਡਰਾਮਾ ਕਿਸੇ ਵੱਡੀ ਸਾਜ਼ਿਸ਼ ਨੂੰ ਛੁਪਾਉਣ ਲਈ ਕੀਤਾ ਜਾ ਰਿਹਾ ਹੈ। ਕੀ ਕਿਸੇ ਲਈ ਜੇਲ੍ਹ ਤੋਂ ਇਹ ਸਭ ਕਰਨਾ ਇੰਨਾ ਆਸਾਨ ਹੈ? ਨਾਲ ਹੀ ਕਈ ਸਵਾਲ ਉੱਠਦੇ ਹਨ ਕਿ ਸਲਮਾਨ ਨੂੰ ਡਰਾਉਣ ਲਈ ਕੋਈ ਬਾਬਾ ਸਿੱਦੀਕੀ ‘ਤੇ ਹਮਲਾ ਕਿਉਂ ਕਰੇਗਾ।
ਸਲਮਾਨ ਨੇ ਇਹ ਬਿਆਨ ਦਿੱਤਾ ਸੀ
ਇਸ ਸਾਲ ਦੀ ਸ਼ੁਰੂਆਤ ‘ਚ ਸਲਮਾਨ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ‘ਚ ਕਿਹਾ ਸੀ ਕਿ ਉਸ ਨੂੰ ਲਾਰੇਂਸ ਬਿਸ਼ਨੋਈ ਗੈਂਗ ‘ਤੇ ਉਸ ਦੇ ਘਰ ਦੇ ਬਾਹਰ ਹਮਲਾ ਕਰਨ ਦਾ ਸ਼ੱਕ ਸੀ ਅਤੇ ਅਜਿਹਾ ਉਸ ਨੂੰ ਅਤੇ ਉਸ ਦੇ ਪਰਿਵਾਰ ਦੇ ਲੋਕਾਂ ਨੂੰ ਮਾਰਨ ਦੇ ਇਰਾਦੇ ਨਾਲ ਕੀਤਾ ਗਿਆ ਸੀ। ਸਲਮਾਨ ਦਾ ਬਿਆਨ ਉਸ ਚਾਰਜਸ਼ੀਟ ਦਾ ਹਿੱਸਾ ਹੈ ਜੋ ਪੁਲਿਸ ਨੇ ਇਸ ਮਾਮਲੇ ਵਿੱਚ ਦਾਇਰ ਕੀਤੀ ਹੈ। ਸਲਮਾਨ ਨੇ ਦੱਸਿਆ ਸੀ ਕਿ ਜਨਵਰੀ 2024 ‘ਚ ਦੋ ਅਣਪਛਾਤੇ ਲੋਕਾਂ ਨੇ ਫਰਜ਼ੀ ਪਛਾਣ ਰਾਹੀਂ ਪਨਵੇਲ ਨੇੜੇ ਉਨ੍ਹਾਂ ਦੇ ਫਾਰਮ ਹਾਊਸ ‘ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ।