ਚੰਡੀਗੜ੍ਹ: ਭਾਰਤ ਨੂੰ ਪਹਿਲਾ ਕ੍ਰਿਕਟ ਵਿਸ਼ਵ ਕੱਪ ਜਿਤਾਉਣ ਵਾਲੇ ਸਾਬਕਾ ਕਪਤਾਨ ਕਪਿਲ ਦੇਵ ਨੇ ਨੌਜਵਾਨ ਕ੍ਰਿਕਟਰ ਵੈਭਵ ਸੂਰਿਆਵੰਸ਼ੀ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ ਹੈ। ਚੰਡੀਗੜ੍ਹ ਵਿੱਚ ਗੱਲਬਾਤ ਕਰਦਿਆਂ ਉਨ੍ਹਾਂ ਨੇ ਵੈਭਵ ਨੂੰ ਭਾਰਤੀ ਕ੍ਰਿਕਟ ਦਾ ਭਵਿੱਖ ਦੱਸਿਆ। ਉਨ੍ਹਾਂ ਕਿਹਾ ਕਿ ਇੰਨੀ ਛੋਟੀ ਉਮਰ ਵਿੱਚ ਜਿਸ ਤਰ੍ਹਾਂ ਵੈਭਵ ਨੇ ਆਪਣੀ ਬੱਲੇਬਾਜ਼ੀ ਦਾ ਪ੍ਰਦਰਸ਼ਨ ਕੀਤਾ ਹੈ, ਉਹ ਕਾਬਿਲ-ਏ-ਤਾਰੀਫ਼ ਹੈ।
ਕਪਿਲ ਦੇਵ ਨੇ ਵੈਭਵ ਵੱਲੋਂ ਲਿਸਟ-ਏ ਕ੍ਰਿਕਟ ਵਿੱਚ 28 ਗੇਂਦਾਂ ‘ਤੇ ਸੈਂਕੜਾ ਲਗਾਉਣ ਦੇ ਕਾਰਨਾਮੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਇੱਕ ਨੌਜਵਾਨ ਖਿਡਾਰੀ ਲਈ ਅਜਿਹਾ ਕਰਨਾ ਕੋਈ ਆਸਾਨ ਕੰਮ ਨਹੀਂ ਹੈ। ਉਨ੍ਹਾਂ ਮੁਤਾਬਕ, ਇੰਨੀ ਤੇਜ਼ ਰਫ਼ਤਾਰ ਨਾਲ ਸੈਂਕੜਾ ਬਣਾਉਣ ਲਈ ਕਾਬਲੀਅਤ ਦੇ ਨਾਲ-ਨਾਲ ਆਤਮਵਿਸ਼ਵਾਸ ਅਤੇ ਖੇਡ ਦੀ ਸਮਝ ਵੀ ਲੋੜੀਂਦੀ ਹੁੰਦੀ ਹੈ।
ਵੈਭਵ ਸੂਰਿਆਵੰਸ਼ੀ ਨੇ ਆਪਣੀ ਹਮਲਾਵਰ ਬੱਲੇਬਾਜ਼ੀ ਨਾਲ ਕ੍ਰਿਕਟ ਜਗਤ ਵਿੱਚ ਖਾਸ ਪਛਾਣ ਬਣਾਈ ਹੈ। ਉਸ ਦੀ ਇਸ ਪ੍ਰਾਪਤੀ ਤੋਂ ਬਾਅਦ ਕਈ ਸਾਬਕਾ ਖਿਡਾਰੀਆਂ ਅਤੇ ਕ੍ਰਿਕਟ ਪ੍ਰੇਮੀਆਂ ਵੱਲੋਂ ਉਸ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ।
ਕਪਿਲ ਦੇਵ ਦੇ ਇਸ ਬਿਆਨ ਨਾਲ ਨੌਜਵਾਨ ਖਿਡਾਰੀ ਦੀ ਪ੍ਰਤਿਭਾ ਨੂੰ ਵੱਡਾ ਹੌਸਲਾ ਮਿਲਿਆ ਹੈ। ਹੁਣ ਕ੍ਰਿਕਟ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਇਸ ਗੱਲ ‘ਤੇ ਰਹਿਣਗੀਆਂ ਕਿ ਵੈਭਵ ਆਉਣ ਵਾਲੇ ਸਮੇਂ ਵਿੱਚ ਆਪਣੇ ਪ੍ਰਦਰਸ਼ਨ ਨੂੰ ਕਿਵੇਂ ਬਰਕਰਾਰ ਰੱਖਦਾ ਹੈ ਅਤੇ ਭਾਰਤੀ ਕ੍ਰਿਕਟ ਵਿੱਚ ਕਿਹੜੇ ਨਵੇਂ ਮੁਕਾਮ ਹਾਸਲ ਕਰਦਾ ਹੈ।










