Homeਦੇਸ਼ਭਾਰਤੀ ਰੇਲਵੇ ਦੇ ਆਧੁਨਿਕ ਕੂੜਾ ਪ੍ਰਬੰਧਨ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ

ਭਾਰਤੀ ਰੇਲਵੇ ਦੇ ਆਧੁਨਿਕ ਕੂੜਾ ਪ੍ਰਬੰਧਨ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ

ਰਾਮਪੁਰਾ ਫੂਲ: ਭਾਰਤੀ ਰੇਲਵੇ ਵੱਲੋਂ ਸਫ਼ਾਈ ਅਤੇ ਆਧੁਨਿਕ ਕੂੜਾ ਪ੍ਰਬੰਧਨ ਨੂੰ ਲੈ ਕੇ ਕੀਤੇ ਜਾ ਰਹੇ ਵੱਡੇ-ਵੱਡੇ ਦਾਅਵੇ ਜ਼ਮੀਨੀ ਹਕੀਕਤ ਤੋਂ ਕੋਹਾਂ ਦੂਰ ਨਜ਼ਰ ਆ ਰਹੇ ਹਨ। ਰੇਲ ਮੰਤਰਾਲੇ ਦੇ 24 ਜੁਲਾਈ 2026 ਦੇ ਅੰਕੜਿਆਂ ਅਤੇ ਤਾਜ਼ਾ ਹਾਲਾਤਾਂ ‘ਤੇ ਝਾਤ ਮਾਰੀਏ ਤਾਂ ਕਈ ਗੰਭੀਰ ਪ੍ਰਸ਼ਾਸਨਿਕ ਕਮੀਆਂ ਅਤੇ ਵਿਰੋਧਾਭਾਸ ਉੱਭਰ ਕੇ ਸਾਹਮਣੇ ਆਉਂਦੇ ਹਨ। ਜਿੱਥੇ ਇੱਕ ਪਾਸੇ ਮੰਤਰਾਲਾ ਬਾਇਓ-ਟਾਇਲਟਾਂ ਵਿੱਚ 38 ਗੁਣਾ ਵਾਧੇ ਦੀ ਪ੍ਰਾਪਤੀ ਗਿਣਾ ਰਿਹਾ ਹੈ, ਉੱਥੇ ਦੂਜੇ ਪਾਸੇ ਰੇਲਵੇ ਕੋਲ ਅੱਜ ਤੱਕ ਇਸ ਗੱਲ ਦਾ ਕੋਈ ਵਿਗਿਆਨਕ ਅੰਕੜਾ ਹੀ ਨਹੀਂ ਹੈ ਕਿ ਉਸ ਦੀਆਂ ਹਜ਼ਾਰਾਂ ਗੱਡੀਆਂ, ਸਟੇਸ਼ਨਾਂ ਅਤੇ ਹੋਰ ਅਦਾਰਿਆਂ ਵਿੱਚ ਰੋਜ਼ਾਨਾ ਕੁੱਲ ਕਿੰਨਾ ਕੂੜਾ ਪੈਦਾ ਹੁੰਦਾ ਹੈ। ਸਫ਼ਾਈ ਸਕੀਮਾਂ ਦੇ ਮਹਿਜ਼ 1,450 ਰੇਲ ਗੱਡੀਆਂ ਅਤੇ 63 ਪ੍ਰਮੁੱਖ ਸਟੇਸ਼ਨਾਂ ਤੱਕ ਸੀਮਤ ਰਹਿਣ ਕਾਰਨ ਬਾਕੀ ਸਟੇਸ਼ਨਾਂ ਦੇ ਕੂੜੇ ਦਾ ਬੋਝ ਸਿੱਧੇ ਤੌਰ ‘ਤੇ ਸਥਾਨਕ ਨਗਰ ਨਿਗਮਾਂ ਅਤੇ ਕੌਂਸਲਾਂ ਦੇ ਸਿਰ ਮੜ੍ਹ ਦਿੱਤਾ ਗਿਆ ਹੈ।

ਮੰਤਰਾਲੇ ਵੱਲੋਂ ਦਿੱਤੇ ਗਏ ਅੰਕੜਿਆਂ ਅਨੁਸਾਰ ਪੂਰੇ ਦੇਸ਼ ਵਿੱਚ ਭਾਰਤੀ ਰੇਲਵੇ ਕੋਲ ਕੁੱਲ 13 ਬਾਇਓ-ਗੈਸ ਪਲਾਂਟ (ਸਮਰੱਥਾ 5,095 ਕਿਲੋਗ੍ਰਾਮ ਪ੍ਰਤੀ ਦਿਨ), 171 ਕੰਪੋਸਟਿੰਗ ਪਲਾਂਟ (ਸਮਰੱਥਾ 24,817 ਕਿਲੋਗ੍ਰਾਮ ਪ੍ਰਤੀ ਦਿਨ) ਅਤੇ 8 ਮਟੀਰੀਅਲ ਰਿਕਵਰੀ ਫੈਸਿਲਿਟੀਜ਼ (ਸਮਰੱਥਾ 7,725 ਕਿਲੋਗ੍ਰਾਮ ਪ੍ਰਤੀ ਦਿਨ) ਮੌਜੂਦ ਹਨ। ਇਨ੍ਹਾਂ ਤਿੰਨਾਂ ਕਿਸਮਾਂ ਦੇ ਪਲਾਂਟਾਂ ਦੀ ਕੁੱਲ ਸਮਰੱਥਾ ਮਹਿਜ਼ 37,637 ਕਿਲੋਗ੍ਰਾਮ ਭਾਵ ਲਗਭਗ 37.6 ਟਨ ਪ੍ਰਤੀ ਦਿਨ ਹੀ ਬਣਦੀ ਹੈ, ਜੋ ਕਿ ਵਿਸ਼ਾਲ ਰੇਲ ਨੈੱਟਵਰਕ ਦੇ ਮੁਕਾਬਲੇ ਨਿਗੂਣੀ ਹੈ। ਇਸ ਤੋਂ ਇਲਾਵਾ 858 ਪਲਾਸਟਿਕ ਬੋਤਲ ਕਰੱਸ਼ਿੰਗ ਮਸ਼ੀਨਾਂ ਵੀ ਲਗਾਈਆਂ ਗਈਆਂ ਹਨ, ਪਰ ਜ਼ੋਨ-ਵਾਰ ਵੇਰਵਿਆਂ ਅਤੇ ਜ਼ਿੰਮੇਵਾਰ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਨਾ ਹੋਣ ਕਾਰਨ ਇਨ੍ਹਾਂ ਦੀ ਕਾਰਗੁਜ਼ਾਰੀ ‘ਤੇ ਸਵਾਲ ਉੱਠ ਰਹੇ ਹਨ।

ਜ਼ਿਕਰਯੋਗ ਹੈ ਕਿ ਨਵੇਂ ਸਾਲਿਡ ਵੇਸਟ ਮੈਨੇਜਮੈਂਟ ਨਿਯਮ-2026 ਲਾਗੂ ਹੋਣ ਅਤੇ ਸੁਪਰੀਮ ਕੋਰਟ ਦੀ ਸਖ਼ਤ ਫਟਕਾਰ ਤੋਂ ਬਾਅਦ ਹੁਣ ਰੇਲਵੇ ਪ੍ਰਸ਼ਾਸਨ ਹਰਕਤ ਵਿੱਚ ਆਇਆ ਹੈ। ਅਦਾਲਤ ਵੱਲੋਂ ਦੇਸ਼ ਦੇ 8,809 ਰੇਲਵੇ ਸਟੇਸ਼ਨਾਂ ਵਿੱਚੋਂ ਸਿਰਫ਼ 630 ਦੇ ਸਥਾਨਕ ਇਕਾਈਆਂ ਨਾਲ ਜੁੜੇ ਹੋਣ ‘ਤੇ ਚਿੰਤਾ ਜ਼ਾਹਰ ਕਰਦਿਆਂ ਅੱਠ ਹਫ਼ਤਿਆਂ ਵਿੱਚ ਮੁਕੰਮਲ ਪਾਲਣਾ ਕਰਨ ਦੇ ਹੁਕਮ ਦਿੱਤੇ ਗਏ ਹਨ, ਜਿਸ ਤੋਂ ਬਾਅਦ ਰੇਲਵੇ ਨੇ ‘ਬਲਕ ਵੇਸਟ ਜਨਰੇਟਰਾਂ’ ਦੀ ਪਛਾਣ ਕਰਨ ਅਤੇ ਕੂੜੇ ਦੀ ਮਾਤਰਾ ਦਾ ਮੁਲਾਂਕਣ ਕਰਨ ਲਈ ਵਿਸ਼ੇਸ਼ ਅਧਿਐਨ ਵਿੱਢਣ ਦਾ ਫੈਸਲਾ ਲਿਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments