Homeਸੰਸਾਰਲਾਹੌਰ ਵਿਖੇ ਚੌਥੀ ਵਿਸ਼ਵ ਪੰਜਾਬੀ ਕਾਨਫਰੰਸ ਦਾ ਸ਼ਾਨਦਾਰ ਆਗਾਜ਼

ਲਾਹੌਰ ਵਿਖੇ ਚੌਥੀ ਵਿਸ਼ਵ ਪੰਜਾਬੀ ਕਾਨਫਰੰਸ ਦਾ ਸ਼ਾਨਦਾਰ ਆਗਾਜ਼

ਲਾਹੌਰ: ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਦੀ ਸਾਂਝੀ ਵਿਰਾਸਤ ਅਤੇ ਮਾਂ-ਬੋਲੀ ਪੰਜਾਬੀ ਦੀ ਚੜ੍ਹਦੀ ਕਲਾ ਲਈ ਲਾਹੌਰ ਦੇ ਗੱਦਾਫੀ ਸਟੇਡੀਅਮ ਸਥਿਤ ਪੰਜਾਬ ਇੰਸਟੀਚਿਊਟ ਆਫ਼ ਲੈਂਗੂਏਜ, ਆਰਟ ਐਂਡ ਕਲਚਰ (ਪਿਲਾਕ) ਵਿਖੇ ਤਿੰਨ ਰੋਜ਼ਾ ਚੌਥੀ ਵਿਸ਼ਵ ਪੰਜਾਬੀ ਕਾਨਫਰੰਸ ਪੂਰੇ ਉਤਸ਼ਾਹ ਅਤੇ ਚਾਵਾਂ ਨਾਲ ਆਰੰਭ ਹੋ ਗਈ ਹੈ। ‘ਪੰਜਾਬੀ ਪ੍ਰਚਾਰ’ ਅਤੇ ‘ਪੰਜਾਬੀ ਲਹਿਰ’ ਵੱਲੋਂ ਪਿਲਾਕ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਇਸ ਕਾਨਫਰੰਸ ਦਾ ਪਹਿਲਾ ਦਿਨ ਉੱਘੇ ਵਿਦਵਾਨ ਡਾ. ਮਹਿੰਦਰ ਸਿੰਘ ਰੰਧਾਵਾ ਅਤੇ ਮਨਜ਼ੂਰ ਇਜਾਜ਼ ਦੀ ਯਾਦ ਨੂੰ ਸਮਰਪਿਤ ਰਿਹਾ, ਜਿਸ ਵਿੱਚ ਅੱਧੀ ਦਰਜਨ ਤੋਂ ਵੱਧ ਮੁਲਕਾਂ ਦੇ ਡੈਲੀਗੇਟਾਂ ਨੇ ਸ਼ਿਰਕਤ ਕੀਤੀ।

ਕਾਨਫਰੰਸ ਦੇ ਮੁੱਖ ਸੰਚਾਲਕ ਅਹਿਮਦ ਰਜ਼ਾ ਪੰਜਾਬੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਲਹਿੰਦੇ ਪੰਜਾਬ ਦੇ ਸਕੂਲੀ ਸਿਲੇਬਸ ਵਿੱਚ ਪੰਜਾਬੀ ਬੋਲੀ ਨੂੰ ਲਾਜ਼ਮੀ ਵਿਸ਼ੇ ਵਜੋਂ ਲਾਗੂ ਕਰਵਾਉਣ ਲਈ ਉਨ੍ਹਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਭਰੋਸੇ ਤਾਂ ਮਿਲਦੇ ਹਨ ਪਰ ਅਮਲੀ ਰੂਪ ਵਿੱਚ ਅਜੇ ਬਹੁਤ ਕੁਝ ਕਰਨਾ ਬਾਕੀ ਹੈ ਅਤੇ ਉਹ ਆਖਰੀ ਸਾਹ ਤੱਕ ਮਾਂ-ਬੋਲੀ ਦੀ ਸੇਵਾ ਕਰਦੇ ਰਹਿਣਗੇ। ਇਸ ਮੌਕੇ ‘ਪੰਜਾਬ ਦੀ ਸਿਆਸਤ: ਜ਼ੁਬਾਨ, ਪਛਾਣ ਤੇ ਤਾਕਤ’ ਵਿਸ਼ੇ ‘ਤੇ ਹੋਈ ਵਿਸ਼ੇਸ਼ ਵਿਚਾਰ-ਚਰਚਾ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਮਲਿਕ ਮੁਹੰਮਦ ਅਹਿਮਦ ਖਾਨ ਅਤੇ ਸੀਨੀਅਰ ਆਗੂ ਖਵਾਜਾ ਸਆਦ ਰਫ਼ੀਕ ਨੇ ਸਾਂਝੀ ਰਾਏ ਪ੍ਰਗਟ ਕੀਤੀ ਕਿ ਸਰਹੱਦ ਦੇ ਦੋਵਾਂ ਪਾਸਿਆਂ ਦੇ ਪੰਜਾਬਾਂ ਵਿਚਾਲੇ ਵਪਾਰਕ ਸਾਂਝ ਮੁੜ ਸ਼ੁਰੂ ਹੋਣ ਨਾਲ ਹੀ ਖਿੱਤੇ ਵਿੱਚ ਅਸਲ ਖ਼ੁਸ਼ਹਾਲੀ ਆ ਸਕਦੀ ਹੈ।

ਇਸ ਸਮਾਗਮ ਵਿੱਚ ਫਵਾਦ ਚੌਧਰੀ, ਸੀਨੀਅਰ ਪੱਤਰਕਾਰ ਸੁਹੇਲ ਵੜੈਚ, ਜੁਗਨੂੰ ਮੋਹਸਨ, ਨਦੀਮ ਅਫ਼ਜ਼ਲ, ਉੱਘੇ ਨਾਵਲਕਾਰ ਡਾ. ਜਮੀਲ ਪਾਲ, ਡਾ. ਗੁਰਪ੍ਰੀਤ ਘੁੱਗੀ ਅਤੇ ਡਾ. ਨਬੀਲਾ ਰਹਿਮਾਨ ਨੇ ਵੀ ਪੰਜਾਬੀ ਸਾਹਿਤ, ਸੱਭਿਆਚਾਰ ਅਤੇ ਖੇਤੀਬਾੜੀ ਨਾਲ ਜੁੜੇ ਭਖਦੇ ਮੁੱਦਿਆਂ ‘ਤੇ ਆਪਣੇ ਅਹਿਮ ਵਿਚਾਰ ਸਾਂਝੇ ਕੀਤੇ। 29 ਨਵੰਬਰ ਤੱਕ ਚੱਲਣ ਵਾਲੀ ਇਸ ਕਾਨਫਰੰਸ ਦੌਰਾਨ ਨਵੀਆਂ ਕਿਤਾਬਾਂ ਦੀ ਘੁੰਡ-ਚੁਕਾਈ, ਸੂਫ਼ੀਆਨਾ ਕਲਾਮ ਅਤੇ ਨੌਜਵਾਨਾਂ ਦੇ ਮੁਕਾਬਲੇ ਖਿੱਚ ਦਾ ਮੁੱਖ ਕੇਂਦਰ ਬਣੇ ਹੋਏ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments