ਨਿਊਯਾਰਕ: ਨਿਊਯਾਰਕ ਦੇ ਮੇਅਰ ਜ਼ੋਹਰਾਨ ਮਮਦਾਨੀ ਦੀ ਫੁੱਟਬਾਲ ਮੈਚ ਦੌਰਾਨ ਸੱਜੀ ਅੱਡੀ ਦੀ ਨਸ ਫਟ ਗਈ ਸੀ। ਬੀਤੇ ਦਿਨ ਉਨ੍ਹਾਂ ਦੀ ਕਰੀਬ 70 ਮਿੰਟ ਤੱਕ ਸਰਜਰੀ ਚੱਲੀ, ਜੋ ਸਫਲ ਰਹੀ। ਫਿਲਹਾਲ ਉਹ ਆਪਣੇ ਸਰਕਾਰੀ ਨਿਵਾਸ ਗ੍ਰੇਸੀ ਮੈਨਸ਼ਨ ਵਿੱਚ ਆਰਾਮ ਕਰ ਰਹੇ ਹਨ। ਡਾਕਟਰਾਂ ਨੂੰ ਉਮੀਦ ਹੈ ਕਿ ਉਹ ਪੂਰੀ ਤਰ੍ਹਾਂ ਸਿਹਤਮੰਦ ਹੋ ਜਾਣਗੇ।
ਨਿਊਯਾਰਕ ਦੇ ਮੇਅਰ ਜ਼ੋਹਰਾਨ ਮਮਦਾਨੀ ਦੀ ਸ਼ੁੱਕਰਵਾਰ ਨੂੰ ਸਰਜਰੀ ਹੋਈ। ਪਿਛਲੇ ਹਫ਼ਤੇ ਸਥਾਨਕ ਪੱਤਰਕਾਰਾਂ ਨਾਲ ਫੁੱਟਬਾਲ ਮੈਚ ਖੇਡਦੇ ਸਮੇਂ ਉਨ੍ਹਾਂ ਦੀ ਸੱਜੀ ਅੱਡੀ ਦੀ ਨਸ ਫਟ ਗਈ ਸੀ।
ਮੇਅਰ ਦੇ ਪ੍ਰੈੱਸ ਸਕੱਤਰ ਜੋ ਕੈਲਵੇਲੋ ਮੁਤਾਬਕ, ਲਗਭਗ 70 ਮਿੰਟ ਤੱਕ ਚੱਲੀ ਇਹ ਸਰਜਰੀ ਸਫਲ ਰਹੀ। 35 ਸਾਲਾ ਮਮਦਾਨੀ ਸ਼ੁੱਕਰਵਾਰ ਸ਼ਾਮ ਤੋਂ ਆਪਣੇ ਸਰਕਾਰੀ ਨਿਵਾਸ ‘ਗ੍ਰੇਸੀ ਮੈਨਸ਼ਨ’ ਵਿੱਚ ਆਰਾਮ ਕਰ ਰਹੇ ਹਨ।
ਸਕੱਤਰ ਨੇ ਇੱਕ ਬਿਆਨ ਵਿੱਚ ਕਿਹਾ, “ਉਮੀਦ ਹੈ ਕਿ ਮੇਅਰ ਪੂਰੀ ਤਰ੍ਹਾਂ ਸਿਹਤਮੰਦ ਹੋ ਜਾਣਗੇ।” ਮੇਅਰ ਦਫ਼ਤਰ ਨੇ ਸਰਜਰੀ ਵਿੱਚ ਸ਼ਾਮਲ ਸਿਹਤ ਕਰਮਚਾਰੀਆਂ ਦਾ ਧੰਨਵਾਦ ਵੀ ਕੀਤਾ। ਹਾਲਾਂਕਿ, ਦਫ਼ਤਰ ਵੱਲੋਂ ਇਸ ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ ਕਿ ਇਹ ਸਰਜਰੀ ਕਿੱਥੇ ਹੋਈ।
ਡੈਮੋਕ੍ਰੇਟਿਕ ਪਾਰਟੀ ਨਾਲ ਸਬੰਧਤ ਮਮਦਾਨੀ ਫੁੱਟਬਾਲ ਦੇ ਕਾਫ਼ੀ ਸ਼ੌਕੀਨ ਹਨ। ਉਨ੍ਹਾਂ ਨੇ 19 ਨਵੰਬਰ ਨੂੰ ਆਪਣੇ ਦਫ਼ਤਰ ਅਤੇ ਸਿਟੀ ਹਾਲ ਦੇ ਪੱਤਰਕਾਰਾਂ ਦੀਆਂ ਟੀਮਾਂ ਵਿਚਾਲੇ ਖੇਡੇ ਗਏ ਦੋਸਤਾਨਾ ਮੈਚ ਵਿੱਚ ਹਿੱਸਾ ਲਿਆ ਸੀ।
ਉਨ੍ਹਾਂ ਦੀ ਟੀਮ ਨੇ ਇਹ ਮੈਚ ਜਿੱਤਿਆ ਸੀ ਅਤੇ ਮੇਅਰ ਨੇ ਇੱਕ ਗੋਲ ਵੀ ਕੀਤਾ ਸੀ। ਇਸ ਤੋਂ ਬਾਅਦ ਮਮਦਾਨੀ ‘ਮੈਡੀਕਲ ਬੂਟ’ ਪਹਿਨ ਕੇ ਅਤੇ ਬੈਸਾਖੀਆਂ ਦੇ ਸਹਾਰੇ ਆਪਣਾ ਕੰਮ ਕਰ ਰਹੇ ਹਨ। ਉਹ ਜਨਤਕ ਸਮਾਗਮਾਂ ਵਿੱਚ ਵੀ ਹਿੱਸਾ ਲੈ ਰਹੇ ਹਨ।
ਸਰਜਰੀ ਬਾਰੇ ਉਨ੍ਹਾਂ ਨੇ ਸੋਮਵਾਰ ਨੂੰ ਕਿਹਾ ਸੀ ਕਿ ਉਹ ਇਸ ਨੂੰ ਲੈ ਕੇ ਥੋੜ੍ਹੇ ਚਿੰਤਤ ਹਨ। ਹਾਲਾਂਕਿ, ਉਨ੍ਹਾਂ ਨੇ ਮਜ਼ਾਕੀਆ ਅੰਦਾਜ਼ ਵਿੱਚ ਕਿਹਾ, “ਮੈਂ ਆਪਣੇ ਆਪ ਨੂੰ ਸਿਰਫ਼ ਇਹੀ ਕਹਿੰਦਾ ਰਹਿੰਦਾ ਹਾਂ ਕਿ ਜੇਸਨ ਟੈਟਮ ਦੀ ਵੀ ਇਹ ਸਰਜਰੀ ਹੋਈ ਸੀ।”
ਬੋਸਟਨ ਸੈਲਟਿਕਸ ਦੇ ਸਟਾਰ ਖਿਡਾਰੀ ਜੇਸਨ ਟੈਟਮ ਨੂੰ 2025 ਵਿੱਚ ਨਿਊਯਾਰਕ ਨਿਕਸ ਖ਼ਿਲਾਫ਼ ‘NBA ਪਲੇਆਫ਼’ ਮੁਕਾਬਲੇ ਦੌਰਾਨ ਅੱਡੀ ਦੀ ਨਸ ਵਿੱਚ ਸੱਟ ਲੱਗੀ ਸੀ। ਟੈਟਮ ਦੀ ਸਰਜਰੀ ਹੋਈ ਸੀ ਅਤੇ ਕਰੀਬ 10 ਮਹੀਨਿਆਂ ਬਾਅਦ ਉਨ੍ਹਾਂ ਨੇ ਮੁੜ ਖੇਡ ਦੇ ਮੈਦਾਨ ਵਿੱਚ ਵਾਪਸੀ ਕੀਤੀ ਸੀ।










