ਟੋਰਾਂਟੋ: ਕੈਨੇਡਾ ਦੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਨੂੰ ਇਮੀਗ੍ਰੇਸ਼ਨ ਨੀਤੀ ਦੇ ਮਾਮਲੇ ਵਿੱਚ ਵੱਡੀ ਰਾਹਤ ਮਿਲੀ ਹੈ। 25 ਨਵੰਬਰ ਨੂੰ ਕੈਨੇਡਾ ਦੀ ਸੰਸਦ ਵਿੱਚ ਕੰਜ਼ਰਵੇਟਿਵ ਆਗੂ ਪੀਅਰ ਪੋਲੀਏਵ ਵੱਲੋਂ ਸਰਕਾਰ ਦੀ ਇਮੀਗ੍ਰੇਸ਼ਨ ਯੋਜਨਾ ਖ਼ਿਲਾਫ਼ ਪੇਸ਼ ਕੀਤਾ ਗਿਆ ਮਤਾ 21 ਵੋਟਾਂ ਦੇ ਫ਼ਰਕ ਨਾਲ ਰੱਦ ਹੋ ਗਿਆ।
ਮਤੇ ਦੇ ਹੱਕ ਵਿੱਚ 154 ਵੋਟਾਂ ਪਈਆਂ, ਜਦਕਿ ਇਸ ਦੇ ਵਿਰੋਧ ਵਿੱਚ 175 ਸੰਸਦ ਮੈਂਬਰਾਂ ਨੇ ਵੋਟ ਦਿੱਤੀ। ਐਨਡੀਪੀ ਅਤੇ ਗਰੀਨ ਪਾਰਟੀ ਨੇ ਲਿਬਰਲ ਸਰਕਾਰ ਦਾ ਸਮਰਥਨ ਕੀਤਾ, ਜਦਕਿ ਬਲਾਕ ਕਿਊਬਿਕਾ ਨੇ ਕੰਜ਼ਰਵੇਟਿਵਾਂ ਦੇ ਹੱਕ ਵਿੱਚ ਵੋਟ ਪਾਈ।
2027 ‘ਚ 6.62 ਲੱਖ ਤੱਕ ਹੋ ਸਕਦੀ ਹੈ PR ਦੀ ਗਿਣਤੀ
ਲਿਬਰਲ ਸਰਕਾਰ ਦੀ 2027 ਤੋਂ 2029 ਤੱਕ ਦੀ ਇਮੀਗ੍ਰੇਸ਼ਨ ਯੋਜਨਾ ਮੁਤਾਬਕ ਹਰ ਸਾਲ 3 ਲੱਖ 80 ਹਜ਼ਾਰ ਲੋਕਾਂ ਨੂੰ ਪਰਮਾਨੈਂਟ ਰੈਜ਼ੀਡੈਂਸੀ (PR) ਦੇਣ ਦਾ ਟੀਚਾ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਵਿਸ਼ੇਸ਼ ਯੋਜਨਾਵਾਂ ਅਤੇ ਪਿਛਲੇ ਬਕਾਇਆ ਮਾਮਲਿਆਂ ਨੂੰ ਜੋੜ ਕੇ ਸਾਲ 2027 ਵਿੱਚ PR ਹਾਸਲ ਕਰਨ ਵਾਲਿਆਂ ਦੀ ਕੁੱਲ ਗਿਣਤੀ 6 ਲੱਖ 62 ਹਜ਼ਾਰ ਤੱਕ ਪਹੁੰਚਣ ਦੀ ਸੰਭਾਵਨਾ ਹੈ।
ਕੰਜ਼ਰਵੇਟਿਵਾਂ ਨੇ ਸਰਕਾਰ ਦੀ ਨੀਤੀ ‘ਤੇ ਚੁੱਕੇ ਸਵਾਲ
ਕੰਜ਼ਰਵੇਟਿਵ ਪਾਰਟੀ ਨੇ ਸਰਕਾਰ ਦੀ ਇਮੀਗ੍ਰੇਸ਼ਨ ਨੀਤੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਵੱਡੀ ਗਿਣਤੀ ਵਿੱਚ ਲੋਕਾਂ ਦੇ ਆਉਣ ਕਾਰਨ ਕੈਨੇਡਾ ਵਿੱਚ ਰਿਹਾਇਸ਼ ਦੀ ਸਮੱਸਿਆ, ਬੇਰੁਜ਼ਗਾਰੀ ਅਤੇ ਸਿਹਤ ਸੇਵਾਵਾਂ ‘ਤੇ ਦਬਾਅ ਵਧ ਰਿਹਾ ਹੈ। ਪਾਰਟੀ ਮੁਤਾਬਕ ਇਮੀਗ੍ਰੇਸ਼ਨ ਦੀ ਗਿਣਤੀ ਦੇਸ਼ ਵਿੱਚ ਉਪਲਬਧ ਘਰਾਂ, ਰੁਜ਼ਗਾਰ ਦੇ ਮੌਕਿਆਂ ਅਤੇ ਬੁਨਿਆਦੀ ਸਹੂਲਤਾਂ ਦੀ ਸਮਰੱਥਾ ਨੂੰ ਧਿਆਨ ਵਿੱਚ ਰੱਖ ਕੇ ਤੈਅ ਹੋਣੀ ਚਾਹੀਦੀ ਹੈ।
ਕਾਰਨੀ ਸਰਕਾਰ ਨੇ ਕੀਤਾ ਨੀਤੀ ਦਾ ਬਚਾਅ
ਦੂਜੇ ਪਾਸੇ, ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਦੇਸ਼ ਵਿੱਚ ਇਮੀਗ੍ਰੇਸ਼ਨ ਪ੍ਰਕਿਰਿਆ ਕੰਟਰੋਲ ਹੇਠ ਹੈ। ਇਮੀਗ੍ਰੇਸ਼ਨ ਮੰਤਰੀ ਲੀਨਾ ਡਾਇਬ ਮੁਤਾਬਕ PR ਹਾਸਲ ਕਰਨ ਵਾਲੇ ਕਈ ਲੋਕ ਪਹਿਲਾਂ ਹੀ ਕੈਨੇਡਾ ਵਿੱਚ ਰਹਿ ਰਹੇ ਹਨ ਅਤੇ ਉੱਥੋਂ ਦੀ ਆਰਥਿਕਤਾ ਵਿੱਚ ਯੋਗਦਾਨ ਪਾ ਰਹੇ ਹਨ।
ਉਨ੍ਹਾਂ ਸਪੱਸ਼ਟ ਕੀਤਾ ਕਿ 2027 ਵਿੱਚ 6 ਲੱਖ 62 ਹਜ਼ਾਰ PR ਦਾ ਅੰਕੜਾ ਹੋਣ ਦਾ ਇਹ ਮਤਲਬ ਨਹੀਂ ਕਿ ਇੰਨੇ ਹੀ ਨਵੇਂ ਲੋਕ ਵਿਦੇਸ਼ਾਂ ਤੋਂ ਕੈਨੇਡਾ ਪਹੁੰਚਣਗੇ। ਜ਼ਿਕਰਯੋਗ ਹੈ ਕਿ ਸੰਸਦ ਵਿੱਚ ਪੇਸ਼ ਕੀਤਾ ਗਿਆ ਇਹ ਮਤਾ ਕਾਨੂੰਨੀ ਤੌਰ ‘ਤੇ ਸਰਕਾਰ ਨੂੰ ਆਪਣੀ ਇਮੀਗ੍ਰੇਸ਼ਨ ਨੀਤੀ ਬਦਲਣ ਲਈ ਮਜਬੂਰ ਨਹੀਂ ਕਰਦਾ ਸੀ।










