Homeਪੰਜਾਬਪੱਟੀ 'ਚ ਵਿਆਹ ਸਮਾਗਮ ਦੌਰਾਨ ਫਾਇਰਿੰਗ, ਨੌਜਵਾਨ ਦੀ ਮੌਤ

ਪੱਟੀ ‘ਚ ਵਿਆਹ ਸਮਾਗਮ ਦੌਰਾਨ ਫਾਇਰਿੰਗ, ਨੌਜਵਾਨ ਦੀ ਮੌਤ

ਤਰਨਤਾਰਨ: ਜ਼ਿਲ੍ਹਾ ਤਰਨਤਾਰਨ ਦੇ ਪੱਟੀ ਸ਼ਹਿਰ ਵਿੱਚ ਵਿਆਹ ਸਮਾਗਮ ਦੌਰਾਨ ਵਾਪਰੀ ਗੋਲੀ ਲੱਗਣ ਦੀ ਘਟਨਾ ਨੇ ਖੁਸ਼ੀਆਂ ਨੂੰ ਮਾਤਮ ਵਿੱਚ ਬਦਲ ਦਿੱਤਾ। ਪਾਰਟੀ ਦੌਰਾਨ ਪਿਸਤੌਲ ਵਿੱਚੋਂ ਅਚਾਨਕ ਗੋਲੀ ਚੱਲਣ ਕਾਰਨ ਇੱਕ ਨੌਜਵਾਨ ਦੀ ਜਾਨ ਚਲੀ ਗਈ। ਮ੍ਰਿਤਕ ਦੀ ਪਛਾਣ ਜਸ਼ਨਦੀਪ ਸਿੰਘ ਵਜੋਂ ਹੋਈ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਜਾਣਕਾਰੀ ਅਨੁਸਾਰ, ਪੱਟੀ ਦੇ ਵਾਰਡ ਨੰਬਰ 6 ਦੇ ਰਹਿਣ ਵਾਲੇ ਗੁਰਲਾਲ ਸਿੰਘ ਉਰਫ਼ ਲਾਲੀ ਦਾ ਵਿਆਹ ਸੀ। ਉਹ ਅਮਰੀਕਾ ਤੋਂ ਵਾਪਸ ਆਇਆ ਹੋਇਆ ਸੀ ਅਤੇ 25 ਨਵੰਬਰ ਨੂੰ ਉਸ ਦੇ ਘਰ ਵਿਆਹ ਸਬੰਧੀ ਸਮਾਗਮ ਰੱਖਿਆ ਗਿਆ ਸੀ। ਇਸ ਸਮਾਗਮ ਵਿੱਚ ਜਸ਼ਨਦੀਪ ਸਿੰਘ ਅਤੇ ਉਸ ਦਾ ਦੋਸਤ ਨੂਰਦਿਲ ਸਿੰਘ ਉਰਫ਼ ਨੂਰ ਵੀ ਸ਼ਾਮਲ ਹੋਏ ਸਨ।

ਦੱਸਿਆ ਜਾ ਰਿਹਾ ਹੈ ਕਿ ਪਾਰਟੀ ਦੌਰਾਨ ਜਸ਼ਨਦੀਪ ਸਿੰਘ ਆਪਣੇ ਦੋਸਤ ਨੂਰਦਿਲ ਸਿੰਘ ਦੇ ਘਰ ਚਲਾ ਗਿਆ। ਉੱਥੇ ਮੌਜੂਦ ਪਿਸਤੌਲ ਵਿੱਚੋਂ ਅਚਾਨਕ ਗੋਲੀ ਚੱਲ ਗਈ, ਜੋ ਜਸ਼ਨਦੀਪ ਸਿੰਘ ਦੀ ਛਾਤੀ ਵਿੱਚ ਲੱਗੀ। ਗੋਲੀ ਲੱਗਣ ਕਾਰਨ ਉਸ ਦੀ ਹਾਲਤ ਕਾਫ਼ੀ ਗੰਭੀਰ ਹੋ ਗਈ।

ਦੋ ਹਸਪਤਾਲਾਂ ਵਿੱਚ ਲਿਜਾਣ ਤੋਂ ਬਾਅਦ ਨੌਜਵਾਨ ਦੀ ਮੌਤ

ਜ਼ਖ਼ਮੀ ਜਸ਼ਨਦੀਪ ਸਿੰਘ ਨੂੰ ਪਹਿਲਾਂ ਪੱਟੀ ਦੇ ਸੰਧੂ ਹਸਪਤਾਲ ਲਿਜਾਇਆ ਗਿਆ। ਉੱਥੇ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਕਿਸੇ ਹੋਰ ਹਸਪਤਾਲ ਲਿਜਾਣ ਦੀ ਸਲਾਹ ਦਿੱਤੀ। ਇਸ ਤੋਂ ਬਾਅਦ ਉਸ ਨੂੰ ਭਿੱਖੀਵਿੰਡ ਦੇ ਆਨੰਦ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਰਿਕਾਰਡ ਮੁਤਾਬਕ, ਅੱਧੀ ਰਾਤ ਦੇ ਸਮੇਂ ਜਸ਼ਨਦੀਪ ਸਿੰਘ ਦੀ ਲਾਸ਼ ਉਸ ਦੇ ਪਿਤਾ ਮਲਕੀਤ ਸਿੰਘ ਦੇ ਘਰ ਛੱਡ ਦਿੱਤੀ ਗਈ ਸੀ।

ਬਿਨਾਂ ਪੁਲਿਸ ਨੂੰ ਸੂਚਿਤ ਕੀਤੇ ਕੀਤਾ ਅੰਤਿਮ ਸੰਸਕਾਰ

ਮਾਮਲੇ ਵਿੱਚ ਇੱਕ ਹੋਰ ਅਹਿਮ ਗੱਲ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ, 26 ਨਵੰਬਰ ਨੂੰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੇ ਬਿਨਾਂ ਹੀ ਲਾਹੌਰ ਚੌਕ ਪੱਟੀ ਸਥਿਤ ਸ਼ਮਸ਼ਾਨਘਾਟ ਵਿੱਚ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਇਸ ਤੋਂ ਬਾਅਦ ਪੁਲਿਸ ਨੇ ਮੁਖਬਰ ਤੋਂ ਮਿਲੀ ਸੂਚਨਾ ਦੇ ਆਧਾਰ ‘ਤੇ ਸਬੂਤ ਖੁਰਦ-ਬੁਰਦ ਕਰਨ ਦੇ ਦੋਸ਼ਾਂ ਸਬੰਧੀ ਮਾਮਲਾ ਦਰਜ ਕੀਤਾ ਹੈ। ਡੀ.ਐੱਸ.ਪੀ. ਪੱਟੀ ਜਗਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਪੂਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੇ ਸਾਰੇ ਪਹਿਲੂਆਂ ਦੀ ਪੜਤਾਲ ਕੀਤੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments