ਢਾਕਾ: ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਸੰਭਾਵਿਤ ਵਾਪਸੀ ਤੋਂ ਪਹਿਲਾਂ ਦੇਸ਼ ਵਿੱਚ ਸਿਆਸੀ ਤਣਾਅ ਵਧ ਗਿਆ ਹੈ। ਢਾਕਾ ਵਿੱਚ ਉਨ੍ਹਾਂ ਦੇ ਸਾਬਕਾ ਉਪ ਪ੍ਰੈੱਸ ਸਕੱਤਰ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਰਕਾਰ ਨੇ ਕਈ ਜ਼ਿਲ੍ਹਿਆਂ ਵਿੱਚ ਸੁਰੱਖਿਆ ਬਲਾਂ ਦੀਆਂ 108 ਪਲਟੂਨਾਂ ਤਾਇਨਾਤ ਕੀਤੀਆਂ ਹਨ। ਅਵਾਮੀ ਲੀਗ ਵੱਲੋਂ 29 ਅਤੇ 30 ਨਵੰਬਰ ਨੂੰ ਲੌਕਡਾਊਨ ਦੇ ਪ੍ਰਚਾਰ ਕਾਰਨ ਹਿੰਸਾ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ।
ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਸਾਬਕਾ ਉਪ ਪ੍ਰੈੱਸ ਸਕੱਤਰ ਸਮੇਤ ਤਿੰਨ ਲੋਕਾਂ ਨੂੰ ਵੀਰਵਾਰ ਤੜਕੇ ਰਾਜਧਾਨੀ ਢਾਕਾ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ ਹੈ।
ਸਰਕਾਰੀ ਸਮਾਚਾਰ ਏਜੰਸੀ BSS ਮੁਤਾਬਕ, ਹਸੀਨਾ ਦੇ ਸਾਬਕਾ ਉਪ ਪ੍ਰੈੱਸ ਸਕੱਤਰ ਕੇ.ਐੱਮ. ਸ਼ਖਾਵਤ ਮੂਨ ਅਤੇ ਦੋ ਹੋਰ ਲੋਕਾਂ ਨੂੰ ਢਾਕਾ ਦੇ ਧਾਨਮੰਡੀ-27 ਇਲਾਕੇ ਤੋਂ ਹਿਰਾਸਤ ਵਿੱਚ ਲਿਆ ਗਿਆ। ਗ੍ਰਿਫ਼ਤਾਰ ਕੀਤੇ ਗਏ ਦੋ ਹੋਰ ਵਿਅਕਤੀਆਂ ਵਿੱਚ ਸਾਬਕਾ ਡਿਪਟੀ ਕਮਿਸ਼ਨਰ ਮੁਹੰਮਦ ਇਲਿਆਸ ਹੁਸੈਨ ਅਤੇ ਇਨਕਮ ਟੈਕਸ ਵਕੀਲ ਸੂਫੀ ਮੁਹੰਮਦ ਅਲ ਮਾਮੂਨ ਸ਼ਾਮਲ ਹਨ।
‘ਦ ਡੇਲੀ ਸਟਾਰ’ ਅਖ਼ਬਾਰ ਮੁਤਾਬਕ, ਜਾਤੀਅਤਾਬਾਦੀ ਛਾਤਰ ਦਲ (JCD) ਦੇ ਆਗੂਆਂ ਅਤੇ ਵਰਕਰਾਂ ਨੇ ਤਿੰਨਾਂ ਨੂੰ ਢਾਕਾ ਦੇ ਧਾਨਮੰਡੀ ਇਲਾਕੇ ਵਿੱਚ ਫੜਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ। JCD ਸੱਤਾਧਾਰੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (BNP) ਦਾ ਵਿਦਿਆਰਥੀ ਸੰਗਠਨ ਹੈ।
ਮੁਹੰਮਦਪੁਰ ਥਾਣੇ ਦੇ ਡਿਊਟੀ ਅਧਿਕਾਰੀ ਸਬ-ਇੰਸਪੈਕਟਰ ਮਸੂਦੁਰ ਰਹਿਮਾਨ ਨੇ ਦੱਸਿਆ ਕਿ ਪੁਲਸ ਤਿੰਨਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ।
ਇਸ ਦੌਰਾਨ ਹਸੀਨਾ ਦੀ ਅਗਲੇ ਮਹੀਨੇ ਪ੍ਰਸਤਾਵਿਤ ਵਾਪਸੀ ਨੂੰ ਲੈ ਕੇ ਸਿਆਸੀ ਤਣਾਅ ਵਧਣ ਕਾਰਨ BNP ਦੀ ਅਗਵਾਈ ਵਾਲੀ ਸਰਕਾਰ ਨੇ ਕਈ ਜ਼ਿਲ੍ਹਿਆਂ ਵਿੱਚ ਸੁਰੱਖਿਆ ਵਧਾ ਦਿੱਤੀ ਹੈ। ਸਰਹੱਦੀ ਸੁਰੱਖਿਆ ਬਲ ਦੀਆਂ 108 ਪਲਟੂਨਾਂ ਤਾਇਨਾਤ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ 56 ਪਲਟੂਨਾਂ ਹਸੀਨਾ ਦੇ ਗ੍ਰਹਿ ਜ਼ਿਲ੍ਹੇ ਗੋਪਾਲਗੰਜ ਵਿੱਚ ਤਾਇਨਾਤ ਹਨ।
ਹਸੀਨਾ ਦੀ ਸੰਭਾਵਿਤ ਵਾਪਸੀ ਨੂੰ ਲੈ ਕੇ ਪਿਛਲੇ ਕੁਝ ਹਫ਼ਤਿਆਂ ਦੌਰਾਨ ਬੰਗਲਾਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹਿੰਸਾ ਦੀਆਂ ਘਟਨਾਵਾਂ ਵਾਪਰੀਆਂ ਹਨ। ਇਨ੍ਹਾਂ ਵਿੱਚ ਰੇਲ ਗੱਡੀਆਂ, ਬੱਸਾਂ ਅਤੇ ਬੈਂਕਾਂ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਵੀ ਸ਼ਾਮਲ ਹਨ।
ਅਗਸਤ 2024 ਵਿੱਚ ਵਿਦਿਆਰਥੀ ਅੰਦੋਲਨ ਕਾਰਨ ਉਨ੍ਹਾਂ ਦੀ ਸਰਕਾਰ ਡਿੱਗਣ ਤੋਂ ਬਾਅਦ ਸ਼ੇਖ ਹਸੀਨਾ ਢਾਕਾ ਛੱਡ ਕੇ ਭਾਰਤ ਆ ਗਈ ਸੀ ਅਤੇ ਉਦੋਂ ਤੋਂ ਭਾਰਤ ਵਿੱਚ ਰਹਿ ਰਹੀ ਹੈ।
ਹਿੰਸਕ ਘਟਨਾਵਾਂ ਲਈ ਅਵਾਮੀ ਲੀਗ ਦੇ ਵਰਕਰਾਂ ਨੂੰ ਦੱਸਿਆ ਜ਼ਿੰਮੇਵਾਰ
ਪੁਲਸ ਨੇ ਹਾਲੀਆ ਹਿੰਸਕ ਘਟਨਾਵਾਂ ਲਈ ਅਵਾਮੀ ਲੀਗ ਅਤੇ ਉਸ ਨਾਲ ਜੁੜੇ ਸੰਗਠਨਾਂ ਦੇ ਵਰਕਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸੁਰੱਖਿਆ ਵਧਾਉਣ ਪਿੱਛੇ ਇਹ ਖ਼ਦਸ਼ਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹਸੀਨਾ ਦੇ ਸਮਰਥਕ ਹਿੰਸਾ ਅਤੇ ਭੰਨਤੋੜ ਦੀਆਂ ਘਟਨਾਵਾਂ ਤੇਜ਼ ਕਰ ਸਕਦੇ ਹਨ।
ਪਾਬੰਦੀਸ਼ੁਦਾ ਅਵਾਮੀ ਲੀਗ ਆਨਲਾਈਨ ਮਾਧਿਅਮਾਂ ਰਾਹੀਂ 29 ਅਤੇ 30 ਨਵੰਬਰ ਨੂੰ ਲੌਕਡਾਊਨ ਪ੍ਰੋਗਰਾਮ ਦਾ ਪ੍ਰਚਾਰ ਕਰ ਰਹੀ ਹੈ, ਜਿਸ ਕਾਰਨ ਤਣਾਅ ਵਧਣ ਦਾ ਖ਼ਦਸ਼ਾ ਹੈ।
BSS ਮੁਤਾਬਕ, ਗ੍ਰਹਿ ਮੰਤਰੀ ਸਲਾਹੁਦੀਨ ਅਹਿਮਦ ਨੇ ਬੁੱਧਵਾਰ ਨੂੰ ਕਿਹਾ ਕਿ ਅਵਾਮੀ ਲੀਗ ਨੂੰ ਬੰਗਲਾਦੇਸ਼ ਵਿੱਚ ਕਦੇ ਵੀ ਸਿਆਸਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਅਹਿਮਦ ਨੇ ਅਵਾਮੀ ਲੀਗ ਨੂੰ ”ਫਾਸ਼ੀਵਾਦੀ ਅਤੇ ਮਾਫੀਆ ਤਾਕਤ” ਦੱਸਦਿਆਂ ਦੋਸ਼ ਲਗਾਇਆ ਕਿ ਜੁਲਾਈ 2024 ਦੇ ਜਨ-ਵਿਦਰੋਹ ਦੌਰਾਨ ਹੋਏ ਸਮੂਹਿਕ ਕਤਲੇਆਮ ਲਈ ਪਾਰਟੀ ਜ਼ਿੰਮੇਵਾਰ ਸੀ।










