ਮੁੰਬਈ: ਮੁੰਬਈ ਵਿੱਚ ਗੈਂਗਸਟਰ ਦਾਊਦ ਇਬਰਾਹਿਮ ਦੇ ਘਰ ਨੂੰ ਮਸਜਿਦ ਦੱਸਣ ਦੇ ਦਾਅਵੇ ’ਤੇ ਬੰਬੇ ਹਾਈ ਕੋਰਟ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਬੁੱਧਵਾਰ ਨੂੰ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਪਟੀਸ਼ਨਕਰਤਾਵਾਂ ਨੂੰ ਝਿੜਕਦਿਆਂ ਕਿਹਾ ਕਿ ਅਦਾਲਤ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ।
ਮਾਮਲਾ ਮੁੰਬਈ ਸਥਿਤ ਦੋ ਮੰਜ਼ਿਲਾ ਗੈਸਟ ਹਾਊਸ ਨੂੰ ਢਾਹੁਣ ਨਾਲ ਸਬੰਧਤ ਹੈ। 19 ਨਵੰਬਰ ਨੂੰ ਜਦੋਂ ਬ੍ਰਿਹਨਮੁੰਬਈ ਨਗਰ ਨਿਗਮ (ਬੀਐਮਸੀ) ਦੀ ਟੀਮ ਇਮਾਰਤ ਢਾਹੁਣ ਪਹੁੰਚੀ ਸੀ, ਤਾਂ ਅਬਦੁਲ ਰਜ਼ਾਕ ਅਤੇ ਅਮੀਰਾਲੀ ਵਜ਼ੀਰਾਲੀ ਪੰਜਵਾਨੀ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਪਟੀਸ਼ਨ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਇਹ ਇਮਾਰਤ ਮਸਜਿਦ ਹੈ। ਇਸ ਤੋਂ ਬਾਅਦ ਅਦਾਲਤ ਨੇ ਇਮਾਰਤ ਦੀ ਮੌਜੂਦਾ ਸਥਿਤੀ ਬਰਕਰਾਰ ਰੱਖਣ ਦਾ ਹੁਕਮ ਦਿੱਤਾ ਸੀ।
ਮਾਮਲੇ ਦੀ ਦੂਜੀ ਸੁਣਵਾਈ ਚੀਫ਼ ਜਸਟਿਸ ਮਹੇਸ਼ ਚੰਦਰ ਤ੍ਰਿਪਾਠੀ ਅਤੇ ਜਸਟਿਸ ਅਦਵੈਤ ਸੇਠਨਾ ਦੇ ਬੈਂਚ ਸਾਹਮਣੇ ਹੋਈ। ਬੈਂਚ ਨੇ ਇਮਾਰਤ ਨੂੰ ਢਾਹੁਣ ’ਤੇ ਲੱਗੀ ਰੋਕ 30 ਨਵੰਬਰ ਤੱਕ ਵਧਾ ਦਿੱਤੀ।
ਅਦਾਲਤ ਨੇ ਇਮਾਰਤ ਦੇ ਅੰਦਰ ਨਮਾਜ਼ ਅਦਾ ਕਰਨ ਅਤੇ ਕਿਸੇ ਵੀ ਵਿਅਕਤੀ ਦੇ ਅੰਦਰ ਜਾਣ ’ਤੇ ਵੀ ਪਾਬੰਦੀ ਲਗਾਉਣ ਦੇ ਹੁਕਮ ਦਿੱਤੇ। ਇਸ ਤਰ੍ਹਾਂ ਅਗਲੀ ਸੁਣਵਾਈ ਤੱਕ ਇਮਾਰਤ ਦੀ ਮੌਜੂਦਾ ਸਥਿਤੀ ਬਰਕਰਾਰ ਰਹੇਗੀ ਅਤੇ ਢਾਹੁਣ ਦੀ ਕਾਰਵਾਈ ਰੁਕੀ ਰਹੇਗੀ।










