ਹਨੋਈ: ਪੁਲਿਸ ਅਤੇ ਸਰਕਾਰੀ ਮੀਡੀਆ ਮੁਤਾਬਕ ਅੱਜ ਵੀਅਤਨਾਮ ਦੇ ਹਨੋਈ ਵਿੱਚ ਇੱਕ ਹੌਟਪੌਟ ਰੈਸਟੋਰੈਂਟ ਵਿੱਚ ਹੋਏ ਧਮਾਕੇ ਕਾਰਨ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖ਼ਮੀ ਹੋ ਗਏ। ਮੁੱਢਲੀ ਜਾਂਚ ਵਿੱਚ ਗੈਸ ਲੀਕ ਹੋਣ ਦਾ ਖ਼ਦਸ਼ਾ ਜਤਾਇਆ ਗਿਆ ਹੈ।
ਇਹ ਧਮਾਕਾ ਸਵੇਰੇ ਕਰੀਬ 8 ਵਜੇ (0100 GMT) ਡੋਂਗ ਦਾ ਸਟ੍ਰੀਟ ‘ਤੇ ਹੋਇਆ, ਜਿਸ ਕਾਰਨ ਰੈਸਟੋਰੈਂਟ ਅਤੇ ਆਸ-ਪਾਸ ਦੀਆਂ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਆਨਲਾਈਨ ਅਖ਼ਬਾਰ ‘ਵੀਐਨਐਕਸਪ੍ਰੈੱਸ’ (VnExpress) ਦੀ ਰਿਪੋਰਟ ਮੁਤਾਬਕ ਧਮਾਕੇ ਕਾਰਨ ਨੇੜਲੇ ਇਲਾਕੇ ਦੀਆਂ ਇਮਾਰਤਾਂ ਦੀਆਂ ਖਿੜਕੀਆਂ ਟੁੱਟ ਗਈਆਂ, ਕੰਧਾਂ ਵਿੱਚ ਤਰੇੜਾਂ ਆ ਗਈਆਂ ਅਤੇ ਆਸ-ਪਾਸ ਦੀਆਂ ਛੱਤਾਂ ਤੇ ਛੱਜਿਆਂ ਦੇ ਕੁਝ ਹਿੱਸੇ ਡਿੱਗ ਗਏ।
ਮਲਬੇ ਹੇਠਾਂ ਲੋਕਾਂ ਦੇ ਦੱਬੇ ਹੋਣ ਦੇ ਖ਼ਦਸ਼ੇ ਕਾਰਨ ਬਚਾਅ ਟੀਮਾਂ ਜਿਉਂਦੇ ਬਚੇ ਲੋਕਾਂ ਦੀ ਭਾਲ ਲਈ ਡਿਟੈਕਸ਼ਨ ਉਪਕਰਨਾਂ ਦੀ ਵਰਤੋਂ ਕਰ ਰਹੀਆਂ ਹਨ ਅਤੇ ਕੰਕਰੀਟ ਦੀਆਂ ਸਲੈਬਾਂ ਨੂੰ ਹਟਾਉਣ ਲਈ ਹਾਈਡ੍ਰੌਲਿਕ ਮਸ਼ੀਨਾਂ ਦੀ ਮਦਦ ਲਈ ਜਾ ਰਹੀ ਹੈ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਅਧਿਕਾਰੀਆਂ ਨੇ ਆਸ-ਪਾਸ ਦੀਆਂ ਉਨ੍ਹਾਂ ਇਮਾਰਤਾਂ ਵਿੱਚੋਂ ਵੀ ਲੋਕਾਂ ਨੂੰ ਬਾਹਰ ਕੱਢ ਲਿਆ ਹੈ, ਜਿਨ੍ਹਾਂ ਨੂੰ ਅਸੁਰੱਖਿਅਤ ਮੰਨਿਆ ਜਾ ਰਿਹਾ ਹੈ।
ਹਨੋਈ ਪੁਲਿਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ, ਪਰ ਮੁੱਢਲੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਗੈਸ ਧਮਾਕੇ ਕਾਰਨ ਇਮਾਰਤ ਦਾ ਕੁਝ ਹਿੱਸਾ ਢਹਿ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਜ਼ਖ਼ਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲਾਂ ਵਿੱਚ ਲਿਜਾਇਆ ਗਿਆ ਹੈ।










