Homeਧਰਮਸ੍ਰੀ ਗੁਰੂ ਨਾਨਕ ਦੇਵ ਜੀ ਦੀ ਤੀਜੀ ਉਦਾਸੀ

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤੀਜੀ ਉਦਾਸੀ

ਸ਼ਿਵਾਲਿਕ ਦੀਆਂ ਪਹਾੜੀਆਂ ਤੋਂ ਸਤਲੁਜ ਦੇ ਕੰਢਿਆਂ ਤੱਕ ਸੱਚ, ਨਿਮਰਤਾ ਅਤੇ ਪ੍ਰੇਮਾ–ਭਗਤੀ ਦਾ ਪ੍ਰਕਾਸ਼

ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਮੁੱਚਾ ਜੀਵਨ ਅਤੇ ਉਨ੍ਹਾਂ ਦੀਆਂ ਚਾਰ ਉਦਾਸੀਆਂ ਮਨੁੱਖਤਾ ਨੂੰ ਅਗਿਆਨਤਾ, ਵਹਿਮਾਂ-ਭਰਮਾਂ, ਪਾਖੰਡਾਂ ਅਤੇ ਕਰਮ-ਕਾਂਡਾਂ ਦੇ ਹਨੇਰੇ ਵਿੱਚੋਂ ਕੱਢ ਕੇ ‘ਇੱਕ ਓਅੰਕਾਰ‘ ਦੇ ਸਦੀਵੀ ਪ੍ਰਕਾਸ਼ ਨਾਲ ਜੋੜਨ ਦਾ ਇੱਕ ਮਹਾਨ ਅਭਿਆਨ ਸਨ। ਉੱਤਰੀ ਖੇਤਰਾਂ ਅਤੇ ਪਹਾੜੀ ਰਿਆਸਤਾਂ ਵੱਲ ਕੀਤੀ ਗਈ ਤੀਜੀ ਉਦਾਸੀ ਦੌਰਾਨ, ਗੁਰੂ ਸਾਹਿਬ ਨੇ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਨੀਮ-ਪਹਾੜੀ ਇਲਾਕਿਆਂ ਵਿੱਚ ਜਾ ਕੇ ਸੱਚ ਦੇ ਅਜਿਹੇ ਚਾਨਣ ਮੁਨਾਰੇ ਸਥਾਪਤ ਕੀਤੇ, ਜਿਨ੍ਹਾਂ ਦੀ ਰੌਸ਼ਨੀ ਸਦੀਆਂ ਬਾਅਦ ਵੀ ਸਮੁੱਚੀ ਲੋਕਾਈ ਦਾ ਮਾਰਗ-ਦਰਸ਼ਨ ਕਰ ਰਹੀ ਹੈ।

ਇਸ ਲੇਖ ਵਿੱਚ ਅਸੀਂ ਮੰਡੀ ਦੇ ਵਪਾਰੀਆਂ ਨੂੰ ‘ਹਰਿਨਾਮ ਧਨ’ ਦਾ ਸੱਚਾ ਵਪਾਰ ਕਰਨ ਦਾ ਉਪਦੇਸ਼ ਦੇਣ ਤੋਂ ਲੈ ਕੇ ਰਵਾਲਸਰ ਵਿਖੇ ਘਰੇਲੂ ਜੀਵਨ ਵਿੱਚ ਨਿਮਰਤਾ ਅਤੇ ਮਿੱਠੇ ਬੋਲਾਂ ਦੀ ਮਹੱਤਤਾ ਸਮਝਾਉਣ, ਬਿਲਾਸਪੁਰ ਦੇ ਰਾਜੇ ਨੂੰ ਮੂਲ (ਨਿਰੰਕਾਰ) ਨਾਲ ਜੁੜਨ ਦੀ ਪ੍ਰੇਰਨਾ ਦੇਣ, ਕੀਰਤਪੁਰ ਸਾਹਿਬ ਵਿਖੇ ਬੱਕਰੀਆਂ ਚਰਾਉਣ ਵਾਲੇ ਚਰਵਾਹੇ ਬੁੱਢਣ ਸ਼ਾਹ ਨੂੰ ਅਧਿਆਤਮਕ ਬਖ਼ਸ਼ਿਸ਼ ਕਰਨ, ਨਾਲਾਗੜ੍ਹ ਵਿਖੇ ਦੋ ਕਿਸਾਨਾਂ ਦੇ ਜ਼ਮੀਨੀ ਝਗੜੇ ਨੂੰ ਸਾਂਝੀ ਧਰਮਸ਼ਾਲਾ ਵਿੱਚ ਤਬਦੀਲ ਕਰਨ, ਪਿੰਜੌਰ, ਕਾਲਕਾ, ਧਰਮਪੁਰ, ਜੌੜਜੀ ਵਿਖੇ ਜੀਵ-ਬਲੀ ਵਰਗੀ ਕੁਰੀਤੀ ਨੂੰ ਰੋਕਣ ਅਤੇ ਦਰਿਆ ਸਤਲੁਜ ਦੇ ਕੰਢੇ ਵੱਸੇ ਰਾਮਪੁਰ ਬੁਸ਼ਾਇਰ ਦੇ ਰਾਜ ਘਰਾਣੇ ਨੂੰ ਅਸਲੀ ਰਾਜ-ਧਰਮ ਦੀ ਸਿੱਖਿਆ ਦੇਣ ਤੱਕ ਦਾ ਸੰਪੂਰਨ ਅਤੇ ਦੁਰਲੱਭ ਬਿਰਤਾਂਤ ਪੇਸ਼ ਕਰਾਂਗੇ। ਇਸ ਲੇਖ ਦਾ ਸੰਚਾਲਨ ਕਰਦਿਆਂ, ਇਨ੍ਹਾਂ ਇਤਿਹਾਸਕ ਪੰਨਿਆਂ ਵਿੱਚ ਦਰਜ ਮੂਲ ਤੱਥਾਂ ਨੂੰ ਬਿਨਾਂ ਕਿਸੇ ਕੱਟ-ਵੱਢ ਦੇ, ਇਤਿਹਾਸਕ ਅਤੇ ਸਾਹਿਤਕ ਗੰਭੀਰਤਾ ਸਹਿਤ ਪਾਠਕਾਂ ਦੇ ਸਨਮੁੱਖ ਰੱਖਿਆ ਜਾ ਰਿਹਾ ਹੈ।

ਮੰਡੀ ਵਿਖੇ ਵਪਾਰੀਆਂ ਨੂੰ ‘ਹਰਿਨਾਮ ਧਨ‘ ਦੇ ਸੱਚੇ ਵਪਾਰ ਦਾ ਉਪਦੇਸ਼

ਹਿਮਾਚਲ ਦੀਆਂ ਪਹਾੜੀਆਂ ਵਿੱਚ ਵਿਚਰਦਿਆਂ ਜਦੋਂ ਗੁਰੂ ਨਾਨਕ ਦੇਵ ਜੀ ਮੰਡੀ ਨਗਰ ਪਹੁੰਚੇ, ਤਾਂ ਉੱਥੋਂ ਦੇ ਵਪਾਰੀਆਂ ਨੇ ਗੁਰੂ ਜੀ ਦੇ ਚਰਨਾਂ ਵਿੱਚ ਸੰਸਾਰੀ ਧਨ ਭੇਟਾ ਕੀਤਾ। ਗੁਰੂ ਜੀ ਨੇ ਇਸ ਅਲਾਹੀ ਬਾਣੀ ਦਾ ਗਾਇਨ ਆਰੰਭ ਕੀਤਾ:

“ਵਣਜੁ ਕਰਹੁ ਵਣਜਾਰਿਹੋ ਵਖਰੁ ਲੇਹੁ ਸਮਾਲਿ ॥ ਤੈਸੀ ਵਸਤੁ ਵਿਸਾਹੀਐ ਜੈਸੀ ਨਿਬਹੈ ਨਾਲਿ ॥ ਅਗੈ ਸਾਹੁ ਸੁਜਾਣੁ ਹੈ ਲੈਸੀ ਵਸਤੁ ਸਮਾਲਿ ॥੧॥ ਭਾਈ ਰੇ ਰਾਮੁ ਕਹਹੁ ਚਿਤੁ ਲਾਇ ॥ ਹਰਿ ਜਸੁ ਵਖਰੁ ਲੈ ਚਲਹੁ ਸਹੁ ਦੇਖੈ ਪਤੀਆਇ ॥੧॥ ਰਹਾਉ ॥” (ਅੰਗ-੨੨)

ਗੁਰੂ ਜੀ ਨੇ ਵਪਾਰੀਆਂ ਨੂੰ ਉਪਦੇਸ਼ ਦਿੰਦੇ ਹੋਏ ਕਿਹਾ ਕਿ ਭਲੇ ਹੀ ਤੁਸੀਂ ਵਪਾਰੀ ਹੋ, ਪਰੰਤੂ ਤੁਸੀਂ ਇਹ ਭੁੱਲ ਚੁੱਕੇ ਹੋ ਕਿ ਪ੍ਰਾਣੀ ਦਾ ਅਸਲੀ ਉਦੇਸ਼ ਦੁਨਿਆਵੀ ਧਨ ਦਾ ਨਹੀਂ ਸਗੋਂ ਹਰਿਨਾਮ ਧਨ ਦਾ ਵਪਾਰ ਕਰਨਾ ਹੈ, ਜਿਹੜਾ ਕਿ ਇਸ ਸੰਸਾਰ ਤੋਂ ਜਾਣ ਉਪਰੰਤ ਪ੍ਰਭੂ ਪਿਤਾ ਨਾਲ ਮਿਲਾ ਸਕੇ। ਕਿਉਂਕਿ ਇਸ ਕਰਮ ਭੂਮੀ ਵਿੱਚ ਸਾਰੇ ਵਪਾਰੀ ਹਨ, ਇਸ ਲਈ ਮਨੁੱਖ ਨੂੰ ਸੱਚਾ ਵਪਾਰ ਕਰਨਾ ਬਣਦਾ ਹੈ ਅਤੇ ਕਿਸੇ ਨਾਲ ਧੋਖਾ ਨਾ ਕਰਨਾ ਹੀ ਸੱਚਾ ਵਪਾਰ ਹੈ। ਫਿਰ ਗੁਰੂ ਜੀ ਨੇ ਵਪਾਰੀਆਂ ਨੂੰ ਕਿਹਾ ਕਿ ਇਹ ਸਾਰਾ ਸੰਸਾਰੀ ਧਨ ਜੋ ਤੁਸੀਂ ਭੇਟਾ ਕੀਤਾ ਹੈ, ਇਸ ਨਾਲ ਇੱਕ ਧਰਮਸ਼ਾਲਾ ਬਣਵਾ ਦਿਓ ਜਿਸ ਵਿੱਚ ਹਰ ਰੋਜ਼ ਮਿਲ ਬੈਠ ਕੇ ਪ੍ਰਭੂ-ਪਰਮੇਸ਼ਵਰ ਨੂੰ ਯਾਦ ਕਰਿਆ ਕਰੋ। ਸਾਰੇ ਵਪਾਰੀਆਂ ਨੇ ਮਿਲ ਕੇ ਧਰਮਸ਼ਾਲਾ (ਜਿੱਥੇ ਅੱਜ ਸ਼ਾਨਦਾਰ ਗੁਰਦੁਆਰਾ ਸਾਹਿਬ ਜੀ, ਮੰਡੀ ਸੁਸ਼ੋਭਿਤ ਹੈ) ਬਣਵਾ ਦਿੱਤੀ, ਜਿਸ ਵਿੱਚ ਨਿੱਤ ਪ੍ਰਤੀ ਹਰਿਜਸ ਹੋਣ ਲੱਗਾ, ਅਤੇ ਬਹੁਤ ਦਿਨ ਉੱਥੇ ਠਹਿਰ ਕੇ ਗੁਰੂ ਜੀ ਸਾਥੀਆਂ ਸਮੇਤ ਅੱਗੇ ਚੱਲ ਪਏ।

ਰਵਾਲਸਰ (ਹਿਮਾਚਲ) ਵਿਖੇ ਨਿਮਰਤਾ, ਮਿੱਠੇ ਬੋਲਾਂ ਅਤੇ ਅੰਦਰੂਨੀ ਸ਼ੁੱਧਤਾ ਦਾ ਉਪਦੇਸ਼

ਮੰਡੀ ਤੋਂ ਗੁਰੂ ਜੀ ਸੰਗਤ ਸਮੇਤ ਤੀਹ ਕਿਲੋਮੀਟਰ ਦੂਰ ਰਵਾਲਸਰ (ਹਿਮਾਚਲ) ਪਹੁੰਚੇ, ਜਿੱਥੇ ਦੁਆਪਰ ਯੁੱਗ ਵਿੱਚ ਅਰਜੁਨ ਨੇ ਮਾਤਾ ਕੁਨਤੀ ਵਾਸਤੇ ਝੀਲ ਪ੍ਰਗਟ ਕੀਤੀ ਸੀ। ਅਲਾਹੀ ਕੀਰਤਨ ਸੁਣ ਕੇ ਉੱਥੋਂ ਦੀ ਸੰਗਤ ਬਹੁਤ ਪ੍ਰਭਾਵਿਤ ਹੋਈ। ਗੁਰੂ ਜੀ ਨੇ ਇਸਤ੍ਰੀ ਜਾਤਿ ਨੂੰ ਸੰਬੋਧਨ ਕਰਦਿਆਂ ਆਖਿਆ: “ਤੁਸੀਂ ਆਪਣੇ ਘਰੇਲੂ ਵਿਹਾਰ ਵਿੱਚ ਹੰਕਾਰ ਛੱਡ ਕੇ ਨਿਮਰਤਾ ਨਾਲ ਇੱਕ ਦੂਜੇ ਨੂੰ ਮਿੱਠੇ ਬੋਲਾਂ ਨਾਲ ਸੰਬੋਧਨ ਕਰੋ।“ ਇਸ ਤਰ੍ਹਾਂ ਸਭਨਾਂ ਦੇ ਵਿਹਾਰ ਵਿੱਚ ਮਿਠਾਸ ਆ ਗਈ ਅਤੇ ਆਪ ਜੀ ਨੇ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਸੱਤ ਸੌ ਬਾਈ ‘ਤੇ ਦਰਜ ਇਹ ਅਲਾਹੀ ਬਾਣੀ ਉਚਾਰਨ ਕੀਤੀ:

“ਜਾਇ ਪੁਛਹੁ ਸੋਹਾਗਣੀ ਵਾਹੈ ਕਿਨੀ ਬਾਤੀ ਸਹੁ ਪਾਈਐ ॥ ਜੋ ਕਿਛੁ ਕਰੇ ਸੋ ਭਲਾ ਕਰਿ ਮਾਨੀਐ ਹਿਕਮਤਿ ਹੁਕਮੁ ਚੁਕਾਈਐ ॥ ਜਾ ਕੈ ਪ੍ਰੇਮਿ ਪਦਾਰਥੁ ਪਾਈਐ ਤਉ ਚਰਣੀ ਚਿਤੁ ਲਾਈਐ ॥ ਸਹੁ ਕਹੈ ਸੋ ਕੀਜੈ ਤਨੁ ਮਨੋ ਦੀਜੈ ਐਸਾ ਪਰਮਲੁ ਲਾਈਐ ॥ ਏਵ ਕਹਹਿ ਸੋਹਾਗਣੀ ਭੈਣੇ ਇਨੀ ਬਾਤੀ ਸਹੁ ਪਾਈਐ ॥੩॥” (ਅੰਗ-੭੨੨)

ਗੁਰੂ ਜੀ ਦਾ ਇਹ ਉਪਦੇਸ਼ ਸੁਣ ਕੇ ਸਾਰੀਆਂ ਔਰਤਾਂ ਕਹਿਣ ਲੱਗੀਆਂ ਕਿ ਅਸੀਂ ਤਾਂ ਆਪਣੀ ਤਰਫ਼ੋਂ ਆਪਣੇ ਪਤੀਆਂ ਨੂੰ ਖੁਸ਼ ਕਰਨ ਲਈ ਹਰ ਪ੍ਰਕਾਰ ਦੇ ਹਾਰ-ਸ਼ਿੰਗਾਰ ਕਰਦੀਆਂ ਹਾਂ। ਤਦ ਗੁਰੂ ਜੀ ਨੇ ਉਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਚਾਨਵੇਂ ‘ਤੇ ਦਰਜ ਇਹ ਅਲਾਹੀ ਬਾਣੀ ਕਹਿ ਸੁਣਾਈ:

“ਗਲਂੀ ਅਸੀ ਚੰਗੀਆ ਆਚਾਰੀ ਬੁਰੀਆਹ ॥ ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ ॥ ਰੀਸਾ ਕਰਿਹ ਤਿਨਾੜੀਆ ਜੋ ਸੇਵਹਿ ਦਰੁ ਖੜੀਆਹ ॥ ਨਾਲਿ ਖਸਮੈ ਰਤੀਆ ਮਾਣਹਿ ਸੁਖਿ ਰਲੀਆਹ ॥ ਹੋਦੈ ਤਾਣਿ ਨਿਤਾਣੀਆ ਰਹਹਿ ਨਿਮਾਨਣੀਆਹ ॥ ਨਾਨਕ ਜਨਮੁ ਸਕਾਰਥਾ ਜਿ ਤਿਨ ਕੈ ਸੰਗਿ ਮਿਲਾਹ ॥” ( ਅੰਗ–੮੫)

ਇਸ ਸ਼ਬਦ ਦੇ ਭਾਵਅਰਥ ਸੁਣ ਕੇ ਸਭਨਾਂ ਨੂੰ ਆਪਣੀ ਭੁੱਲ ਦਾ ਅਹਿਸਾਸ ਹੋ ਗਿਆ, ਉਨ੍ਹਾਂ ਨੇ ਅੱਗੋਂ ਤੋਂ ਠੀਕ ਰਾਹ ‘ਤੇ ਚੱਲਣਾ ਸ਼ੁਰੂ ਕਰ ਦਿੱਤਾ ਅਤੇ ਗੁਰੂ ਜੀ ਇੱਥੇ (ਗੁਰਦੁਆਰਾ ਸਾਹਿਬ ਜੀ, ਰਵਾਲਸਰ) ਕੁਝ ਦਿਨ ਠਹਿਰ ਕੇ ਅਗਲੇ ਪੜਾਅ ਵੱਲ ਚੱਲ ਪਏ।

ਬਿਲਾਸਪੁਰ (ਹਿਮਾਚਲ) ਵਿਖੇ ਰਾਜੇ ਨੂੰ ‘ਮੂਲ‘ ਨਾਲ ਜੁੜਨ ਦੀ ਪ੍ਰੇਰਨਾ

ਰਵਾਲਸਰ ਤੋਂ ਅੱਗੇ ਵਧਦਿਆਂ ਗੁਰੂ ਜੀ ਸਾਥੀਆਂ ਸਮੇਤ ਸੁੰਦਰਨਗਰ, ਚੌਮੁੱਖਾ, ਹਰਬਾਗ, ਕੁੰਨ, ਜੀਓਰ, ਰੋਹਨੀ, ਅਮਰਪੁਰ, ਸਮੋਹ ਆਦਿ ਨਗਰਾਂ ਵਿੱਚ ਅਲਾਹੀ ਬਚਨ ਕਰਦੇ ਹੋਏ ਇੱਕ ਸੌ ਪੱਚੀ ਕਿਲੋਮੀਟਰ ਚੱਲ ਕੇ ਬਿਲਾਸਪੁਰ (ਹਿਮਾਚਲ) ਪਹੁੰਚੇ, ਜਿਸ ਨੂੰ ਪੰਜ ਸੌ ਪੰਜਾਹ ਈਸਵੀ ਵਿੱਚ ਰਾਜਾ ਮੇਰੂ ਨੇ ਬ੍ਰਹਮਪੁਰਾ ਨਾਂ ਹੇਠ ਵਸਾਇਆ ਸੀ। ਗੁਰੂ ਜੀ ਇੱਕ ਮੰਦਿਰ ਦੇ ਕੋਲ ਡੇਰਾ ਲਾ ਲਿਆ, ਜਿੱਥੇ ਸਵੇਰੇ-ਸ਼ਾਮ ਅਲਾਹੀ ਕੀਰਤਨ ਹੋਣ ਲੱਗਾ। ਉੱਥੋਂ ਦਾ ਰਾਜਾ ਆਪ ਜੀ ਦੇ ਦਰਸ਼ਨ ਕਰਨ ਆਇਆ, ਤਾਂ ਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਚਾਰ ਸੌ ਵੀਹ ‘ਤੇ ਦਰਜ ਇਸ ਅਲਾਹੀ ਬਾਣੀ ਦਾ ਕੀਰਤਨ ਆਰੰਭ ਕਰ ਦਿੱਤਾ:

“ਜਿਨੀ ਨਾਮੁ ਵਿਸਾਰਿਆ ਦੂਜੈ ਭਰਮਿ ਭੁਲਾਈ ॥ ਮੂਲੁ ਛੋਡਿ ਡਾਲੀ ਲਗੇ ਕਿਆ ਪਾਵਹਿ ਛਾਈ ॥ ਬਿਨੁ ਨਾਵੈ ਕਿਉ ਛੁਟੀਐ ਜੇ ਜਾਣੈ ਕੋਈ ॥ ਗੁਰਮੁਖਿ ਹੋਇ ਤ ਛੁਟੀਐ ਮਨਮੁਖਿ ਪਤਿ ਖੋਈ ॥” (ਅੰਗ–੪੨੦)

ਗੁਰੂ ਜੀ ਨੇ ਸਮਝਾਇਆ ਕਿ ਜਿਹੜੇ ਲੋਕ ਨਿਰਾਕਾਰ ਪ੍ਰਭੂ ਦੀ ਪੂਜਾ ਛੱਡ ਕੇ ਮਨਘੜਤ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਹਨ, ਉਹ ਇਸ ਤਰ੍ਹਾਂ ਹਨ ਜਿਸ ਤਰ੍ਹਾਂ ਕੋਈ ਬੇ-ਸਮਝ ਆਦਮੀ ਪੌਦਿਆਂ ਦੀ ਜੜ੍ਹ ਨੂੰ ਪਾਣੀ ਦੇਣ ਦੀ ਬਜਾਏ ਟਾਹਣੀਆਂ ਨੂੰ ਪਾਣੀ ਦਿੰਦਾ ਹੈ। ਜੰਮਣ-ਮਰਨ ਦਾ ਚੱਕਰ ਪ੍ਰਮਾਤਮਾ ਦਾ ਨਾਮ ਜਪਣ ਤੋਂ ਬਗ਼ੈਰ ਖ਼ਤਮ ਨਹੀਂ ਹੋ ਸਕਦਾ, ਇਸ ਲਈ ਰੋਮ-ਰੋਮ ਵਿੱਚ ਵੱਸੇ ਹੋਏ ਪ੍ਰਮਾਤਮਾ ਦਾ ਸਿਮਰਨ ਕਰੋ; ਇਹੀ ਗੁਰਮੁੱਖ ਦੇ ਲੱਛਣ ਹੁੰਦੇ ਹਨ, ਮਨਮਾਨੀ ਕਰਨ ਵਾਲਾ ਮਨੁੱਖ ਆਪਣਾ ਵਿਸ਼ਵਾਸ ਗੁਆ ਬੈਠਦਾ ਹੈ। ਇਹ ਉਪਦੇਸ਼ ਸੁਣ ਕੇ ਰਾਜਾ ਗੁਰੂ ਜੀ ਦੇ ਚਰਨਾਂ ‘ਤੇ ਢਹਿ ਪਿਆ, ਅੱਗੋਂ ਤੋਂ ਸੱਚੇ ਮਾਰਗ ‘ਤੇ ਚੱਲਣ ਦਾ ਵਿਸ਼ਵਾਸ ਦਿਵਾਇਆ ਅਤੇ ਉਸ ਦੀ ਨਿਸ਼ਾ ਕਰਵਾ ਕੇ ਗੁਰੂ ਜੀ (ਜਿੱਥੇ ਅੱਜ ਗੁਰਦੁਆਰਾ ਸਾਹਿਬ ਜੀ, ਬਿਲਾਸਪੁਰ ਸੁਸ਼ੋਭਿਤ ਹੈ) ਕੁਝ ਦਿਨ ਉੱਥੇ ਠਹਿਰ ਕੇ ਅੱਗੇ ਤੁਰ ਪਏ।

ਕੀਰਤਪੁਰ ਸਾਹਿਬ (ਪੰਜਾਬ) ਵਿਖੇ ਬਾਬਾ ਬੁੱਢਣ ਸ਼ਾਹ ਨਾਲ ਇਤਿਹਾਸਕ ਮਿਲਾਪ

ਬਿਲਾਸਪੁਰ ਤੋਂ ਗੁਰੂ ਜੀ ਸਾਥੀਆਂ ਸਮੇਤ ਔਬਾਰ, ਧਾਮਲੀ, ਜੌਂਗਾ, ਪੱਟਾ, ਤਾਲੀ, ਜੰਗਲ ਆਦਿ ਨਗਰਾਂ ਵਿੱਚ ਅਲਾਹੀ ਬਚਨ ਕਰਦੇ ਅੱਸੀ ਕਿਲੋਮੀਟਰ ਚੱਲ ਕੇ ਅੱਜ ਦੇ ਪਵਿੱਤਰ ਸ਼ਹਿਰ ਕੀਰਤਪੁਰ ਸਾਹਿਬ (ਪੰਜਾਬ) ਪਹੁੰਚ ਗਏ। ਇੱਥੇ ਗੁਰੂ ਜੀ ਕੀਰਤਨ ਦਾ ਆਨੰਦ ਮਾਣ ਰਹੇ ਸਨ ਕਿ ਇੱਕ ਚਰਵਾਹਾ, ਬੱਕਰੀਆਂ ਚਰਾਉਂਦਾ ਹੋਇਆ ਆਇਆ ਜਿਸ ਨੂੰ ਲੋਕ ਪਿਆਰ ਨਾਲ ਬੁੱਢਣ (ਬਾਬਾ ਬੁੱਢਣ ਸ਼ਾਹ) ਕਹਿ ਕੇ ਬੁਲਾਉਂਦੇ ਸਨ। ਉਸ ਨੇ ਪਹਿਲਾਂ ਕਦੀ ਕਿਸੇ ਨੂੰ ਪ੍ਰਮਾਤਮਾ ਦੀ ਬੰਦਗੀ ਕਰਦਿਆਂ ਨਹੀਂ ਦੇਖਿਆ ਸੀ; ਉਸ ਨੇ ਗੁਰੂ ਜੀ ਨੂੰ ਬੱਕਰੀ ਦਾ ਦੁੱਧ ਪਿਲਾਇਆ ਜਿਸ ਨਾਲ ਉਸ ਦੇ ਮਨ ਨੂੰ ਸ਼ਾਂਤੀ ਆ ਗਈ। ਉਸ ਵੇਲੇ ਗੁਰੂ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਇੱਕ ਸੌ ਚੌਂਵੰਜਾ ‘ਤੇ ਦਰਜ ਇਸ ਅਲਾਹੀ ਬਾਣੀ ਦਾ ਕੀਰਤਨ ਕਰ ਰਹੇ ਸਨ:

“ਅੰਮ੍ਰਿਤ ਕਾਇਆ ਰਹੈ ਸੁਖਾਲੀ ਬਾਜੀ ਇਹੁ ਸੰਸਾਰੋ ॥ ਲਬੁ ਲੋਭੁ ਮੁਚੁ ਕੂੜੁ ਕਮਾਵਹਿ ਬਹੁਤੁ ਉਠਾਵਹਿ ਭਾਰੋ ॥ ਤੂੰ ਕਾਇਆ ਮੈ ਰੁਲਦੀ ਦੇਖੀ ਜਿਉ ਧਰ ਉਪਰਿ ਛਾਰੋ ॥੧॥” (ਅੰਗ-੧੫੪)

ਭਾਵਅਰਥ ਸੁਣਨ ਉਪਰੰਤ ਬੁੱਢਣ ਨੇ ਗੁਰੂ ਜੀ ਨੂੰ ਪੁੱਛਿਆ ਕਿ ਮੈਂ ਇਸ ਸਰੀਰ ਨੂੰ ਕਿਸ ਤਰ੍ਹਾਂ ਸਫ਼ਲ ਕਰ ਸਕਦਾ ਹਾਂ, ਤਾਂ ਗੁਰੂ ਜੀ ਨੇ ਕਿਹਾ ਕਿ ਮਨੁੱਖ ਦਾ ਹਰ ਇੱਕ ਪਲ ਬੰਦਗੀ ਵਿੱਚ ਲੰਘਣਾ ਚਾਹੀਦਾ ਹੈ। ਬੁੱਢਣ ਕਹਿਣ ਲੱਗਾ ਕਿ ਮਨੁੱਖ ਦੀ ਉਮਰ ਬਹੁਤ ਘੱਟ ਹੁੰਦੀ ਹੈ, ਅੱਧਾ ਸਮਾਂ ਤਾਂ ਧੰਧਿਆਂ ਵਿੱਚ ਹੀ ਨਿਕਲ ਜਾਂਦਾ ਹੈ, ਭਜਨ ਬੰਦਗੀ ਲਈ ਤਾਂ ਲੰਮੀ ਉਮਰ ਹੋਣੀ ਚਾਹੀਦੀ ਹੈ, ਇਸ ਲਈ ਮੈਨੂੰ ਲੰਮੀ ਉਮਰ ਦੀ ਬਖ਼ਸ਼ਿਸ਼ ਕਰੋ ਜੀ। ਗੁਰੂ ਜੀ ਕਹਿਣ ਲੱਗੇ ਕਿ ਤੇਰੀ ਲੰਮੀ ਉਮਰ ਦੀ ਇੱਛਾ ਹੈ, ਜੇ ਪ੍ਰਮਾਤਮਾ ਨੇ ਚਾਹਿਆ ਤਾਂ ਉਹ ਵੀ ਪੂਰੀ ਹੋ ਜਾਵੇਗੀ। ਗੁਰੂ ਜੀ ਨੇ ਉੱਥੇ ਠਹਿਰ ਕੇ ਉਸ ਨੂੰ ਬੰਦਗੀ ਦਾ ਅਭਿਆਸ ਕਰਵਾਇਆ ਅਤੇ ਜਦੋਂ ਗੁਰੂ ਜੀ ਅੱਗੇ ਜਾਣ ਲਈ ਤਿਆਰ ਹੋਏ ਤਾਂ ਉਹ ਜ਼ਿੱਦ ਕਰਨ ਲੱਗਾ ਕਿ ਮੈਂ ਤਾਂ ਰੋਜ਼ ਦੁੱਧ ਪਿਲਾ ਕੇ ਤੁਹਾਡੀ ਸੇਵਾ ਕਰਨਾ ਚਾਹੁੰਦਾ ਹਾਂ। ਇਸ ‘ਤੇ ਗੁਰੂ ਜੀ ਕਹਿਣ ਲੱਗੇ ਕਿ ਅਸੀਂ ਤੈਨੂੰ ਆਪਣੇ ਛੇਵੇਂ ਜਾਮੇਂ ਵਿੱਚ ਮਿਲਾਂਗੇ। (ਇਤਿਹਾਸਕ ਤੱਥਾਂ ਅਨੁਸਾਰ ਛੇਵੇਂ ਨਾਨਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਬੁੱਢਣ ਸ਼ਾਹ ਫ਼ਕੀਰ ਨੂੰ ਸੌਂਪ ਕੇ ਉਸ ਨੂੰ ਦੀਦਾਰ ਦਿੱਤੇ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪਿਲਾਏ ਹੋਏ ਦੁੱਧ ਸਦਕਾ ਉਸ ਨੂੰ ਜਨਮ-ਮਰਨ ਤੋਂ ਮੁਕਤ ਕਰ ਦਿੱਤਾ; ਗੁਰੂ ਜੀ ਨੇ ਆਪ ਉਸ ਦੀਆਂ ਅੰਤਮ ਰਸਮਾਂ ਸੰਪੰਨ ਕੀਤੀਆਂ ਅਤੇ ਉੱਥੇ ਕੀਰਤਪੁਰ ਨਾਂ ਦਾ ਨਗਰ ਵਸਾ ਦਿੱਤਾ। ਅੱਜ ਵੀ ਕੀਰਤਪੁਰ ਸਾਹਿਬ ਵਿਖੇ ਗੁਰਦੁਆਰਾ ਪਹਿਲੀ ਪਾਤਸ਼ਾਹੀ, ਬਾਬਾ ਗੁਰਦਿੱਤਾ ਜੀ ਦੇ ਅਸਥਾਨ ਅਤੇ ਪਹਾੜੀ ‘ਤੇ ਸਥਿਤ ਬਾਬਾ ਬੁੱਢਣ ਸ਼ਾਹ ਦੇ ਅਸਥਾਨ ਦੀ ਬੇਅੰਤ ਮਾਨਤਾ ਹੈ।)

ਨਾਲਾਗੜ੍ਹ, ਪਿੰਜੌਰ, ਕਾਲਕਾ ਅਤੇ ਧਰਮਪੁਰ ਵਿਖੇ ਨਿਆਂ, ਜੀਵਨ–ਮੁਕਤੀ ਅਤੇ ਨਾਮ–ਧਨ ਦਾ ਉਪਦੇਸ਼

ਕੀਰਤਪੁਰ ਸਾਹਿਬ ਤੋਂ ਗੁਰੂ ਜੀ ਸਾਥੀਆਂ ਸਮੇਤ ਤੀਹ ਕਿਲੋਮੀਟਰ ਚੱਲ ਕੇ ਨਾਲਾਗੜ੍ਹ (ਹਿਮਾਚਲ ਪ੍ਰਦੇਸ਼) ਜਿਸ ਨੂੰ ਗਿਆਰਾਂ ਸੌ ਈਸਵੀ ਵਿੱਚ ਰਾਜਾ ਅਜੈ ਚੰਦ ਚੰਦੇਲਾ ਰਾਜਪੂਤ ਨੇ ਵਸਾਇਆ ਸੀ ਪਹੁੰਚ ਕੇ ਇੱਕ ਰੁੱਖ ਹੇਠਾਂ ਡੇਰਾ ਲਾ ਕੇ ਅਲਾਹੀ ਕੀਰਤਨ ਆਰੰਭ ਕਰ ਦਿੱਤਾ। ਉਸ ਸਮੇਂ ਗੁਰੂ ਜੀ ਨੇ ਉਚਾਰਿਆ:

“ਮਾਇਆ ਸੰਚਿ ਰਾਜੇ ਅਹੰਕਾਰੀ ॥ ਮਾਇਆ ਸਾਥਿ ਨ ਚਲੈ ਪਿਆਰੀ ॥ ਮਾਇਆ ਮਮਤਾ ਹੈ ਬਹੁ ਰੋਗੋ ॥ ਬਿਨੁ ਨਾਵੈ ਕੋ ਸਾਥਿ ਨ ਸੰਗੀ ॥੨॥” (ਅੰਗ-੧੩੪੨)

ਪਿੰਡ ਦਾ ਪ੍ਰਧਾਨ ਵੀ ਉੱਥੇ ਆ ਗਿਆ; ਉੱਥੇ ਦੋ ਪੜੋਸੀ ਕਿਸਾਨਾਂ ਦੀ ਜ਼ਮੀਨ ਦਾ ਆਪਸੀ ਝਗੜਾ ਸੀ ਅਤੇ ਦੋਨਾਂ ਕਿਸਾਨਾਂ ਦੀਆਂ ਦਲੀਲਾਂ ਵਿੱਚ ਸਚਾਈ ਹੋਣ ਕਰਕੇ ਪੰਚਾਇਤ ਨੇ ਫ਼ੈਸਲਾ ਗੁਰੂ ਜੀ ਕੋਲੋਂ ਕਰਵਾਉਣ ਦਾ ਨਿਰਣਾ ਲਿਆ। ਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਇੱਕ ਸੌ ਇਕਤਾਲੀ ‘ਤੇ ਦਰਜ ਇਸ ਅਲਾਹੀ ਬਾਣੀ ਦਾ ਉਚਾਰਨ ਕੀਤਾ:

“ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ ॥ ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ ॥ ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ ॥ ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ ॥ ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ ॥੨॥” (ਅੰਗ-੧੪੧)

ਗੁਰੂ ਜੀ ਦਾ ਇਹ ਅਲਾਹੀ ਉਪਦੇਸ਼ ਸੁਣਦਿਆਂ ਹੀ ਦੋਵੇਂ ਕਿਸਾਨਾਂ ਨੇ ਆਪਣਾ-ਆਪਣਾ ਹੱਕ ਛੱਡ ਦਿੱਤਾ ਅਤੇ ਜ਼ਮੀਨ ਪੰਚਾਇਤ ਨੂੰ ਦੇ ਦਿੱਤੀ; ਫਿਰ ਗੁਰੂ ਜੀ ਦੀ ਸਲਾਹ ਅਨੁਸਾਰ ਉਸ ਜ਼ਮੀਨ ‘ਤੇ ਇੱਕ ਧਰਮਸ਼ਾਲਾ (ਗੁਰਦੁਆਰਾ ਸਾਹਿਬ ਜੀ, ਨਾਲਾਗੜ੍ਹ) ਬਣਵਾ ਕੇ ਸਤਿਸੰਗ ਦੀ ਸਥਾਪਨਾ ਕਰ ਦਿੱਤੀ ਗਈ, ਜਿੱਥੇ ਹਰ ਰੋਜ਼ ਪ੍ਰਭੂ ਜੱਸ ਹੋਣ ਲੱਗਾ।

ਨਾਲਾਗੜ੍ਹ ਤੋਂ ਗੁਰੂ ਜੀ ਸਾਥੀਆਂ ਸਮੇਤ ਪੰਜਾਹ ਕਿਲੋਮੀਟਰ ਚੱਲ ਕੇ ਰਸਤੇ ਵਿੱਚ ਆਉਂਦੇ ਨਗਰਾਂ ਵਿੱਚ ਅਲਾਹੀ ਬਚਨ ਕਰਦਿਆਂ ਪਿੰਜੌਰ (ਜੋ ਮਹਾਂਭਾਰਤ ਦੇ ਸਮੇਂ ਪੰਜਪੁਰਾ ਨਾਮ ਨਾਲ ਵਸਾਇਆ ਗਿਆ ਸੀ ਅਤੇ ਇੱਥੇ ਪਾਂਡਵ ਭਰਾ ਵੀ ਆ ਕੇ ਰਹੇ ਸਨ) ਪਹੁੰਚ ਕੇ ਜੌੜਜੀ ਦੇ ਮੇਲੇ ਵਿੱਚ ਜਾਣ ਵਾਲੀ ਸੰਗਤ ਦੇ ਵਿੱਚ ਬੈਠ ਕੇ ਅੰਮ੍ਰਿਤ ਵੇਲੇ ਇਸ ਅਲਾਹੀ ਸ਼ਬਦ ਦਾ ਕੀਰਤਨ ਆਰੰਭ ਕਰ ਦਿੱਤਾ:

“ਖਾਣਾ ਪੀਣਾ ਹਸਣਾ ਸਉਣਾ ਵਿਸਰਿ ਗਇਆ ਹੈ ਮਰਣਾ ॥ ਖਸਮੁ ਵਿਸਾਰਿ ਖੁਆਰੀ ਕੀਨੀ ਧ੍ਰਿਗੁ ਜੀਵਣੁ ਨਹੀ ਰਹਣਾ ॥੧॥ ਪ੍ਰਾਣੀ ਏਕੋ ਨਾਮੁ ਧਿਆਵਹੁ ॥ ਅਪਨੀ ਪਤਿ ਸੇਤੀ ਘਰਿ ਜਾਵਹੁ ॥੧॥ ਰਹਾਉ ॥” ( ਅੰਗ–੧੨੫੪)

ਪਾਂਡਵਾਂ ਦੇ ਬਣਾਏ ਤਾਲਾਬ ਦੇ ਕੰਢੇ ਜੁੜੀ ਸੰਗਤ ਨੂੰ ਗੁਰੂ ਜੀ ਨੇ ਸਮਝਾਇਆ ਕਿ ਪ੍ਰਮਾਤਮਾ ਨੇ ਸਭ ਨੂੰ ਵਡਮੁੱਲਾ ਸਰੀਰ ਤੋਹਫ਼ੇ ਦੇ ਰੂਪ ਵਿੱਚ ਦਿੱਤਾ ਹੈ, ਇਸ ਸੋਹਣੇ ਸਰੀਰ ਨੂੰ ਇੱਕ ਦਿਨ ਛੱਡਣਾ ਹੀ ਪਵੇਗਾ, ਇਸ ਲਈ ਮੌਤ ਨੂੰ ਯਾਦ ਰੱਖੋ ਅਤੇ ਆਪਣਾ ਕੀਮਤੀ ਵਕਤ ਐਸ਼-ਆਰਾਮ ਵਿੱਚ ਨਾ ਬਰਬਾਦ ਕਰੋ। ਇੱਥੋਂ (ਗੁਰਦੁਆਰਾ ਸਾਹਿਬ ਜੀ, ਪਿੰਜੌਰ) ਦਸ ਕਿਲੋਮੀਟਰ ਅੱਗੇ ਚੱਲ ਕੇ ਗੁਰੂ ਜੀ ਕਾਲਕਾ (ਜਿੱਥੇ ਮਹਾਂਭਾਰਤ ਸਮੇਂ ਦਾ ਕਾਲਕਾ ਮਾਤਾ ਮੰਦਿਰ ਵੀ ਹੈ) ਪਹੁੰਚੇ ਅਤੇ ਸੰਗਤ ਨੂੰ ਇੱਕ ਨਿਰੰਕਾਰ ਦੀ ਪੂਜਾ ਕਰਨ ਤੇ ਸਭਨਾਂ ਨੂੰ ਰਲ-ਮਿਲ ਕੇ ਰਹਿਣ ਦਾ ਉਪਦੇਸ਼ ਦਿੱਤਾ। ਕਾਲਕਾ ਤੋਂ ਵੀਹ ਕਿਲੋਮੀਟਰ ਹੋਰ ਚੱਲ ਕੇ ਗੁਰੂ ਜੀ ਧਰਮਪੁਰ (ਹਿਮਾਚਲ ਪ੍ਰਦੇਸ਼) ਜਿਸ ਨੂੰ ਬਾਰਾਂ ਸੌ ਬਾਹਠ ਈਸਵੀ ਵਿੱਚ ਰਾਮਨਗਰ ਨਾਮ ਨਾਲ ਰਾਜਾ ਰਾਮਸਿੰਘ ਨੇ ਵਸਾਇਆ ਸੀ ਪਹੁੰਚੇ, ਜਿੱਥੇ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਇੱਕ ਹਜ਼ਾਰ ਉਨਤਾਲੀ ‘ਤੇ ਦਰਜ ਇਸ ਸ਼ਬਦ ਦਾ ਕੀਰਤਨ ਹੋਇਆ:

“ਹਰਿ ਧਨੁ ਸੰਚਹੁ ਰੇ ਜਨ ਭਾਈ ॥ ਸਤਿਗੁਰ ਸੇਵਿ ਰਹਹੁ ਸਰਣਾਈ ॥ ਤਸਕਰੁ ਚੋਰੁ ਨ ਲਾਗੈ ਤਾ ਕਉ ਧੁਨਿ ਉਪਜੈ ਸਬਦਿ ਜਗਾਇਆ ॥੧॥ ਤੂ ਏਕੰਕਾਰੁ ਨਿਰਾਲਮੁ ਰਾਜਾ ॥ ਤੂ ਆਪਿ ਸਵਾਰਹਿ ਜਨ ਕੇ ਕਾਜਾ ॥ ਅਮਰੁ ਅਡੋਲੁ ਅਪਾਰੁ ਅਮੋਲਕੁ ਹਰਿ ਅਸਥਿਰੁ ਥਾਨਿ ਸੁਹਾਇਆ ॥੨॥” (ਅੰਗ-੧੦੩੯)

ਗੁਰੂ ਜੀ ਨੇ ਦੱਸਿਆ ਕਿ ਮਨੁੱਖੀ ਜੀਵਨ ਦਾ ਪਹਿਲਾ ਉਦੇਸ਼ ਪ੍ਰਮਾਤਮਾ ਦਾ ਨਾਮ ਜਪਣਾ ਹੈ, ਕਿਉਂਕਿ ਨਾਮ ਧਨ ਨੂੰ ਕੋਈ ਚੋਰ ਨਹੀਂ ਚੁਰਾ ਸਕਦਾ।

ਜੌੜਜੀ (ਜੌੜਸਰ) ਵਿਖੇ ਜੀਵ–ਬਲੀ ਦਾ ਖੰਡਨ ਅਤੇ ਰਾਮਪੁਰ ਬੁਸ਼ਾਇਰ ਵਿਖੇ ਰਾਜ ਘਰਾਣੇ ਨੂੰ ਸਿੱਖਿਆ

ਧਰਮਪੁਰ ਅਤੇ ਸਪਾਟੂ ਤੋਂ ਯਾਤਰੀਆਂ ਨਾਲ ਪੰਜਾਹ ਕਿਲੋਮੀਟਰ ਚੱਲ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਜੌੜਜੀ (ਜੌੜਸਰ, ਹਿਮਾਚਲ ਪ੍ਰਦੇਸ਼) ਪਹੁੰਚੇ, ਜਿੱਥੇ ਸਾਲਾਨਾ ਤਿਉਹਾਰ ਮਨਾਇਆ ਜਾ ਰਿਹਾ ਸੀ। ਮੰਦਿਰ ਵਿੱਚ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਦਾ ਹਾਰ-ਸ਼ਿੰਗਾਰ ਕੀਤਾ ਜਾ ਰਿਹਾ ਸੀ ਅਤੇ ਸਮਾਗਮ ਦੇ ਸ਼ੁਰੂ ਹੋਣ ‘ਤੇ ਨਾਚਿਆਂ ਨੇ ਵਿਸ਼ੇਸ਼ ਤਰ੍ਹਾਂ ਦਾ ਨਾਚ ਦੇਵਤਿਆਂ ਨੂੰ ਖੁਸ਼ ਕਰਨ ਲਈ ਕੀਤਾ। ਇਸ ਤਰ੍ਹਾਂ ਦੇ ਢੰਗ ਨੂੰ ਦੇਖ ਕੇ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਰਬਾਬ ਛੇੜਨ ਲਈ ਕਿਹਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਤਿੰਨ ਸੌ ਪੰਜਾਹ ‘ਤੇ ਦਰਜ ਇਹ ਅਲਾਹੀ ਬਾਣੀ ਉਚਾਰਨ ਕੀਤੀ:

“ਵਾਜਾ ਮਤਿ ਪਖਾਵਜੁ ਭਾਉ ॥ ਹੋਇ ਅਨੰਦੁ ਸਦਾ ਮਨਿ ਚਾਉ ॥ ਏਹਾ ਭਗਤਿ ਏਹੋ ਤਪ ਤਾਉ ॥ ਇਤੁ ਰੰਗਿ ਨਾਚਹੁ ਰਖਿ ਰਖਿ ਪਾਉ ॥੧॥ ਪੂਰੇ ਤਾਲ ਜਾਣੈ ਸਾਲਾਹ ॥ ਹੋਰੁ ਨਚਣਾ ਖੁਸੀਆ ਮਨ ਮਾਹ ॥੧॥ ਰਹਾਉ ॥ ਸਤੁ ਸੰਤੋਖੁ ਵਜਹਿ ਦੁਇ ਤਾਲ ॥ ਪੈਰੀ ਵਾਜਾ ਸਦਾ ਨਿਹਾਲ ॥ ਰਾਗੁ ਨਾਦੁ ਨਹੀ ਦੂਜਾ ਭਾਉ ॥ ਇਤੁ ਰੰਗਿ ਨਾਚਹੁ ਰਖਿ ਰਖਿ ਪਾਉ ॥੨॥” (ਅੰਗ-੩੫੦)

ਗੁਰੂ ਜੀ ਨੇ ਸਮਝਾਇਆ ਕਿ ਅਸਲੀ ਨਾਚ ਤਾਂ ਪ੍ਰਮਾਤਮਾ ਦੀ ਵਡਿਆਈ ਵਿੱਚ ਹੈ, ਬਾਕੀ ਸਭ ਮਨੁੱਖਾ ਮਨ ਖੁਸ਼ ਕਰਨ ਲਈ ਹੀ ਹੈ; ਪ੍ਰਭੂ ਪ੍ਰੇਮ ਵਿੱਚ ਲੀਨ ਹੋ ਜਾਣਾ ਹੀ ਅਸਲੀ ਨਾਚ ਹੈ। ਫਿਰ ਜਦੋਂ ਦੇਵੀ-ਦੇਵਤਿਆਂ ਨੂੰ ਖੁਸ਼ ਕਰਨ ਲਈ ਪੁਜਾਰੀ ਬੱਕਰਿਆਂ ਦੀ ਬਲੀ ਦੇਣ ਲੱਗੇ, ਤਾਂ ਗੁਰੂ ਜੀ ਬੋਲ ਉੱਠੇ: “ਆਪ ਲੋਕਾਂ ਨੂੰ ਇਤਨੀ ਵੀ ਸਮਝ ਨਹੀਂ ਕਿ ਬੇ–ਜਾਨ ਪੱਥਰ ਦੀਆਂ ਮੂਰਤੀਆਂ ਨੂੰ ਤੁਸੀਂ ਜੀਵਾਂ ਦੀ ਬਲੀ ਦੇ ਰਹੇ ਹੋ। ਕੀ ਤੁਹਾਨੂੰ ਇਨ੍ਹਾਂ ਵਿੱਚ ਪ੍ਰਮਾਤਮਾ ਦੇ ਦਰਸ਼ਨ ਨਹੀਂ ਹੁੰਦੇ? ਇਨ੍ਹਾਂ ਵਿੱਚ ਵੀ ਰੱਬ ਵਸਦਾ ਹੈ, ਅਸਲੀਅਤ ਵਿੱਚ ਤੁਸੀਂ ਆਸਤਿਕ ਨਹੀਂ ਬਲਕਿ ਨਾਸਤਿਕ ਹੋ।“ ਗੁਰੂ ਜੀ ਨੇ ਕਿਹਾ ਕਿ ਜੇਕਰ ਤੁਸੀਂ ਆਪਣਾ ਕਲਿਆਣ ਚਾਹੁੰਦੇ ਹੋ ਤਾਂ ਉਸ ਨਿਰਾਕਾਰ ਪ੍ਰਭੂ ਪ੍ਰਮੇਸ਼ਵਰ ਦੀ ਪੂਜਾ ਕਰਿਆ ਕਰੋ; ਅਜਿਹੀ ਸੂਝ ਭਰੀ ਫਿਟਕਾਰ ਸੁਣ ਕੇ ਉੱਥੋਂ ਦੇ ਪੁਜਾਰੀਆਂ ਨੂੰ ਹੋਸ਼ ਆ ਗਈ, ਉਨ੍ਹਾਂ ਨੇ ਗੁਰੂ ਜੀ ਦੇ ਸਿਧਾਂਤ ਅਪਣਾ ਲਏ ਅਤੇ ਉੱਥੇ ਇਤਿਹਾਸਕ ਗੁਰਦੁਆਰਾ ਜੌੜਜੀ ਸਾਹਿਬ ਸੁਸ਼ੋਭਿਤ ਹੋਇਆ।

ਜੌੜਜੀ ਤੋਂ ਅਗਾਂਹ ਗੁਰੂ ਜੀ ਸਾਥੀਆਂ ਸਮੇਤ ਦੋ ਸੌ ਕਿਲੋਮੀਟਰ ਚੱਲ ਕੇ ਡਗਸ਼ਈ, ਸੋਲਨ, ਕੁਸਮਪਟੀ, ਕੁਫਰੀ, ਥਿਓਗ, ਨਾਰਕੰਡਾ, ਕੋਟਗੜ੍ਹ, ਦੱਤਨਗਰ ਆਦਿ ਨਗਰਾਂ ਵਿੱਚ ਅਲਾਹੀ ਬਚਨ ਕਰਦਿਆਂ ਦਰਿਆ ਸਤਲੁਜ ਦੇ ਕੰਢੇ ਵੱਸੇ ਅੱਠਵੀਂ ਸਦੀ ਦੇ ਪੁਰਾਤਨ ਸ਼ਹਿਰ ਰਾਮਪੁਰ ਬੁਸ਼ਾਇਰ (ਹਿਮਾਚਲ ਪ੍ਰਦੇਸ਼) ਪਹੁੰਚ ਗਏ। ਉੱਥੇ ਪਹੁੰਚ ਕੇ ਗੁਰੂ ਜੀ ਨੇ ਅਲਾਹੀ ਕੀਰਤਨ ਆਰੰਭ ਕਰ ਦਿੱਤਾ; ਸ਼ਹਿਰ ਵਾਸੀ ਅਤੇ ਉੱਥੋਂ ਦਾ ਰਾਜਾ ਵੀ ਗੁਰੂ ਜੀ ਕੋਲ ਆ ਬੈਠਾ, ਜਿੱਥੇ ਗੁਰੂ ਜੀ ਨੇ ਰਾਜ ਘਰਾਣੇ ਨੂੰ ਪਰਜਾ ਦੀ ਸੇਵਾ ਅਤੇ ਨਿਆਂ-ਪੂਰਵਕ ਅਸਲੀ ਰਾਜ ਕਰਨ ਦੀ ਸਿੱਖਿਆ ਦਿੱਤੀ। ਅੱਜ ਵੀ ਇਸ ਪਾਵਨ ਅਸਥਾਨ ‘ਤੇ ਗੁਰਦੁਆਰਾ ਸਾਹਿਬ, ਰਾਮਪੁਰ ਬੁਸ਼ਾਇਰ ਗੁਰੂ ਸਾਹਿਬ ਦੀ ਆਮਦ ਦੀ ਯਾਦ ਦਿਵਾਉਂਦਾ ਹੈ।

ਸਮਾਪਤੀ: ਪਹਾੜੀ ਰਿਆਸਤਾਂ ਵਿੱਚ ਗੁਰਮਤਿ ਦੀ ਅਮਰ ਜੋਤ

ਸਮੁੱਚੇ ਤੌਰ ‘ਤੇ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤੀਜੀ ਉਦਾਸੀ ਦਾ ਇਹ ਪੜਾਅ ਸਾਨੂੰ ਇਹ ਸਦੀਵੀ ਸੇਧ ਦਿੰਦਾ ਹੈ ਕਿ ਪ੍ਰਮਾਤਮਾ ਪੱਥਰ ਦੀਆਂ ਮੂਰਤੀਆਂ ਜਾਂ ਜੀਵ-ਬਲੀਆਂ ਨਾਲ ਨਹੀਂ, ਸਗੋਂ ਨਿਰਮਲ ਹਿਰਦੇ, ਨਿਮਰਤਾ, ਸੱਚੀ ਕਿਰਤ, ਪਰਉਪਕਾਰ ਅਤੇ ਪ੍ਰੇਮਾ-ਭਗਤੀ ਨਾਲ ਪ੍ਰਸੰਨ ਹੁੰਦਾ ਹੈ। ਮੰਡੀ ਤੋਂ ਰਾਮਪੁਰ ਬੁਸ਼ਾਇਰ ਤੱਕ ਗੂੰਜੀ ਗੁਰਬਾਣੀ ਦੀ ਇਹ ਇਲਾਹੀ ਧੁਨ ਅੱਜ ਵੀ ਸਮੁੱਚੀ ਲੋਕਾਈ ਨੂੰ ਵਹਿਮਾਂ-ਭਰਮਾਂ ਤੋਂ ਮੁਕਤ ਹੋ ਕੇ ਇੱਕ ਅਕਾਲ ਪੁਰਖ ਦੀ ਸ਼ਰਨ ਵਿੱਚ ਆਉਣ ਦਾ ਸੱਦਾ ਦਿੰਦੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments