ਮੋਹਾਲੀ: ਵਿਆਹ ਸਮਾਗਮ ਤੋਂ ਵਾਪਸ ਪਰਤ ਰਹੇ ਗੋਬਿੰਦਗੜ੍ਹ ਦੇ ਲੋਕਾਂ ਨਾਲ ਗਾਲੀ-ਗਲੋਚ ਕਰਨ, ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਅਤੇ ਹਵਾ ਵਿੱਚ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੋਹਾਣਾ ਪੁਲਿਸ ਨੇ 5 ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ।
ਗੱਡੀ ਸਵਾਰ ਪੰਜ ਵਿਅਕਤੀਆਂ ਨੇ ਕੀਤੀ ਫਾਇਰਿੰਗ
ਸ਼ਿਕਾਇਤਕਰਤਾ ਗੋਬਿੰਦਗੜ੍ਹ ਦੇ ਰਹਿਣ ਵਾਲੇ ਦੀਪ ਚੰਦ ਨੇ ਦੱਸਿਆ ਕਿ 15 ਨਵੰਬਰ ਨੂੰ ਉਹ ਆਪਣੇ ਭਤੀਜੇ ਸੋਹਨ ਲਾਲ ਨਾਲ ਵਿਆਹ ਸਮਾਗਮ ਤੋਂ ਵਾਪਸ ਆ ਰਿਹਾ ਸੀ।
ਰਾਤ ਕਰੀਬ 11 ਵਜੇ ਗੁਡਾਣਾ ਤੋਂ ਧੀਰਪੁਰ ਜਾਣ ਵਾਲੀ ਲਿੰਕ ਸੜਕ ‘ਤੇ ਇੱਕ ਗੱਡੀ ਲੰਘੀ। ਉਸ ਵਿੱਚ ਗੁਰਪ੍ਰੀਤ ਪੁਰੀ ਉਰਫ਼ ਬੂਟਾ ਪੁਰੀ, ਸੰਜੀਵ ਪੁਰੀ ਉਰਫ਼ ਬੰਟੀ, ਲਵਲੀ ਭਾਰਤੀ, ਗੁਰਮੀਤ ਭਾਰਤੀ ਅਤੇ ਗੁਰਸੇਵਕ ਉਰਫ਼ ਭੂਰਾ ਸਵਾਰ ਸਨ।
ਪਿਸਤੌਲ ਕੱਢ ਕੇ ਹਵਾ ਵਿੱਚ ਚਲਾਈਆਂ 3-4 ਗੋਲੀਆਂ
ਸ਼ਿਕਾਇਤ ਮੁਤਾਬਕ, ਸੰਜੀਵ ਪੁਰੀ ਅਤੇ ਗੁਰਸੇਵਕ ਨੇ ਪਿਸਤੌਲ ਕੱਢ ਕੇ ਹਵਾ ਵਿੱਚ 3-4 ਗੋਲੀਆਂ ਚਲਾਈਆਂ, ਜਦਕਿ ਬਾਕੀ ਵਿਅਕਤੀਆਂ ਨੇ ਗਾਲੀ-ਗਲੋਚ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।
ਡਰ ਦੇ ਮਾਰੇ ਦੀਪ ਚੰਦ ਨੇ ਆਪਣੀ ਗੱਡੀ ਧੀਰਪੁਰ ਵੱਲ ਮੋੜ ਲਈ ਅਤੇ 112 ਨੰਬਰ ‘ਤੇ ਕਾਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਕਾਲ ਨਹੀਂ ਲੱਗ ਸਕੀ।
ਸਮਝੌਤੇ ਦੀ ਕੋਸ਼ਿਸ਼ ਨਾਕਾਮ ਹੋਣ ਤੋਂ ਬਾਅਦ ਪੁਲਿਸ ਕੋਲ ਪਹੁੰਚਿਆ ਮਾਮਲਾ
ਸਮਝੌਤੇ ਦੀ ਕੋਸ਼ਿਸ਼ ਨਾਕਾਮ ਰਹਿਣ ਤੋਂ ਬਾਅਦ ਅਗਲੇ ਦਿਨ ਸਾਬਕਾ ਸਰਪੰਚ ਅਤੇ ਬਲਾਕ ਸੰਮਤੀ ਮੈਂਬਰ ਦੀਪ ਚੰਦ ਨੇ ਸੋਹਾਣਾ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ।
ਪੰਜ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ
ਜਾਂਚ ਅਧਿਕਾਰੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ BNS ਦੀਆਂ ਧਾਰਾਵਾਂ 125, 351(2), 190, 191(3) ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ 25, 27/54/59 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।










