Homeਸੰਸਾਰਜਾਪਾਨ ’ਚ 5.7 ਤੀਬਰਤਾ ਦਾ ਭੂਚਾਲ, 5,600 ਯਾਤਰੀ ਪ੍ਰਭਾਵਿਤ

ਜਾਪਾਨ ’ਚ 5.7 ਤੀਬਰਤਾ ਦਾ ਭੂਚਾਲ, 5,600 ਯਾਤਰੀ ਪ੍ਰਭਾਵਿਤ

ਟੋਕੀਓ: ਜਾਪਾਨ ਵਿੱਚ ਅੱਜ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਦੱਖਣ-ਪੱਛਮੀ ਜਾਪਾਨ ਦੇ ਕੁਮਾਮੋਟੋ ਪ੍ਰੀਫੈਕਚਰ ਅਤੇ ਨੇੜਲੇ ਇਲਾਕਿਆਂ ਵਿੱਚ ਆਏ ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 5.7 ਮਾਪੀ ਗਈ। ਹਾਲਾਂਕਿ ਜਾਪਾਨ ਮੌਸਮ ਵਿਗਿਆਨ ਏਜੰਸੀ (JMA) ਵੱਲੋਂ ਸੁਨਾਮੀ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ।

ਏਜੰਸੀ ਮੁਤਾਬਕ ਭੂਚਾਲ ਸਥਾਨਕ ਸਮੇਂ ਅਨੁਸਾਰ ਸਵੇਰੇ 2 ਵੱਜ ਕੇ 22 ਮਿੰਟ ’ਤੇ ਆਇਆ। ਇਸ ਦਾ ਕੇਂਦਰ ਕੁਮਾਮੋਟੋ ਪ੍ਰੀਫੈਕਚਰ ਦੇ ਅਮਾਕੁਸਾ-ਆਸ਼ੀਕੀਤਾ ਖੇਤਰ ਵਿੱਚ ਜ਼ਮੀਨ ਤੋਂ ਲਗਭਗ 10 ਕਿਲੋਮੀਟਰ ਹੇਠਾਂ ਸੀ।

ਭੂਚਾਲ ਕਾਰਨ ਕੁਝ ਇਲਾਕਿਆਂ ਵਿੱਚ ਜਾਪਾਨ ਦੇ ਜ਼ੀਰੋ ਤੋਂ ਸੱਤ ਤੱਕ ਦੇ ਭੂਚਾਲੀ ਤੀਬਰਤਾ ਪੈਮਾਨੇ ’ਤੇ ਲੋਅਰ ਸ਼ਿੰਡੋ 5 ਦਰਜ ਕੀਤਾ ਗਿਆ। ਕੁਮਾਮੋਟੋ ਦੇ ਮਿਨਾਮਾਤਾ ਸ਼ਹਿਰ ਵਿੱਚ ਤੀਬਰਤਾ ਪੰਜ ਦੇ ਹੇਠਲੇ ਪੱਧਰ ’ਤੇ ਰਹੀ।

ਇਸ ਤੋਂ ਇਲਾਵਾ ਕੁਮਾਮੋਟੋ ਦੇ ਯਤਸੁਸ਼ੀਰੋ, ਮਿਆਜ਼ਾਕੀ ਪ੍ਰੀਫੈਕਚਰ ਦੀ ਰਾਜਧਾਨੀ ਮਿਆਜ਼ਾਕੀ ਅਤੇ ਕਾਗੋਸ਼ੀਮਾ ਦੇ ਇਜ਼ੂਮੀ ਸ਼ਹਿਰ ਵਿੱਚ ਤੀਬਰਤਾ ਚਾਰ ਦਰਜ ਕੀਤੀ ਗਈ। ਏਜੰਸੀ ਨੇ ਦੱਸਿਆ ਕਿ ਮੁੱਖ ਭੂਚਾਲ ਤੋਂ ਬਾਅਦ ਵੀ ਇੱਕ ਜਾਂ ਵੱਧ ਝਟਕੇ ਮਹਿਸੂਸ ਕੀਤੇ ਗਏ।

ਇਹ ਝਟਕੇ ਕਿਊਸ਼ੂ, ਸ਼ਿਕੋਕੂ ਅਤੇ ਹੋਂਸ਼ੂ ਟਾਪੂਆਂ ਦੇ ਕੁਝ ਹਿੱਸਿਆਂ ਵਿੱਚ ਵੀ ਮਹਿਸੂਸ ਕੀਤੇ ਗਏ। ਪ੍ਰਸ਼ਾਸਨ ਵੱਲੋਂ ਮਿਨਾਮਾਤਾ ਅਤੇ ਕੁਮਾ ਦੇ ਵਸਨੀਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੇ ਨਿਰਦੇਸ਼ ਦਿੱਤੇ ਗਏ ਹਨ।

ਭੂਚਾਲ ਦਾ ਅਸਰ ਰੇਲ ਆਵਾਜਾਈ ’ਤੇ ਵੀ ਪਿਆ। ਹਕਾਤਾ ਅਤੇ ਕਾਗੋਸ਼ੀਮਾ-ਚੂਓ ਸਟੇਸ਼ਨਾਂ ਵਿਚਕਾਰ ਕਿਊਸ਼ੂ ਸ਼ਿੰਕਾਨਸੇਨ ਦੀਆਂ ਅੱਠ ਬੁਲੇਟ ਟ੍ਰੇਨ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ। ਇਸ ਕਾਰਨ ਲਗਭਗ 5,600 ਯਾਤਰੀ ਪ੍ਰਭਾਵਿਤ ਹੋਏ। ਜਾਪਾਨ ਦੀ ਮੌਸਮ ਵਿਗਿਆਨ ਏਜੰਸੀ ਨੇ ਲੋਕਾਂ ਨੂੰ ਚੌਕਸ ਰਹਿਣ ਅਤੇ ਸਥਿਤੀ ’ਤੇ ਨਜ਼ਰ ਰੱਖਣ ਦੀ ਅਪੀਲ ਕੀਤੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments