ਨਵੀਂ ਦਿੱਲੀ: ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਸਰਕਾਰੀ ਨਿਵਾਸ ਹੁਣ ਆਮ ਲੋਕਾਂ ਲਈ ਖੋਲ੍ਹਿਆ ਜਾਵੇਗਾ। ਇਸ ਬੰਗਲੇ ਵਿੱਚ ਕੇਜਰੀਵਾਲ ਆਪਣੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਆਪਣੇ ਪਰਿਵਾਰ ਨਾਲ ਰਹਿੰਦੇ ਸਨ। ਦਿੱਲੀ ਦੇ ਲੋਕ ਨਿਰਮਾਣ ਮੰਤਰੀ ਪਰਵੇਸ਼ ਸਾਹਿਬ ਸਿੰਘ ਨੇ ਮੰਗਲਵਾਰ ਨੂੰ ਇਸ ਸਬੰਧੀ ਐਲਾਨ ਕੀਤਾ।
ਮੰਤਰੀ ਨੇ ਦੱਸਿਆ ਕਿ ਇਸ ਨਿਵਾਸ ਨੂੰ ਦੇਖਣ ਲਈ ਟਿਕਟਾਂ ਦੀ ਬੁਕਿੰਗ ਪ੍ਰਣਾਲੀ ਅਗਲੇ ਹਫ਼ਤੇ ਤੱਕ ਸ਼ੁਰੂ ਹੋ ਜਾਵੇਗੀ। ਇਸ ਤੋਂ ਬਾਅਦ ਲੋਕ ਟਿਕਟਾਂ ਖਰੀਦ ਕੇ ਬੰਗਲੇ ਦੇ ਅੰਦਰਲੇ ਹਿੱਸੇ ਦਾ ਦੌਰਾ ਕਰ ਸਕਣਗੇ। ਪਹਿਲੇ ਪੜਾਅ ਵਿੱਚ ਮੀਡੀਆ ਕਰਮਚਾਰੀਆਂ ਲਈ ਵਿਸ਼ੇਸ਼ ਟੂਰ ਕਰਵਾਏ ਜਾਣਗੇ। ਇਸ ਤੋਂ ਬਾਅਦ ਆਮ ਜਨਤਾ ਨੂੰ ਵੀ ਇੱਥੇ ਆਉਣ ਦੀ ਇਜਾਜ਼ਤ ਮਿਲੇਗੀ।
ਜਾਣਕਾਰੀ ਮੁਤਾਬਕ, ਇਹ ਬੰਗਲਾ ਦਿੱਲੀ ਦੇ ਫਲੈਗ ਰੋਡ ’ਤੇ ਸਥਿਤ ਹੈ ਅਤੇ ਇਸ ਦਾ ਨੰਬਰ 6 ਹੈ। ਅਰਵਿੰਦ ਕੇਜਰੀਵਾਲ ਸਾਲ 2015 ਤੋਂ 2024 ਤੱਕ ਲਗਭਗ ਨੌਂ ਸਾਲ ਆਪਣੇ ਪਰਿਵਾਰ ਸਮੇਤ ਇਸੇ ਸਰਕਾਰੀ ਨਿਵਾਸ ਵਿੱਚ ਰਹੇ ਸਨ।
ਇਸ ਬੰਗਲੇ ਦੇ ਨਵੀਨੀਕਰਨ ਨੂੰ ਲੈ ਕੇ ਪਹਿਲਾਂ ਵੀ ਸਿਆਸੀ ਵਿਵਾਦ ਹੋ ਚੁੱਕਾ ਹੈ। ਭਾਰਤੀ ਜਨਤਾ ਪਾਰਟੀ ਨੇ ਇਸ ਦੇ ਨਵੀਨੀਕਰਨ ’ਤੇ ਹੋਏ ਖਰਚ ਨੂੰ ਲੈ ਕੇ ਸਵਾਲ ਚੁੱਕੇ ਸਨ ਅਤੇ ਇਸ ਨੂੰ ‘ਸ਼ੀਸ਼ਮਹਿਲ’ ਦਾ ਨਾਮ ਦਿੱਤਾ ਸੀ। ਭਾਜਪਾ ਵੱਲੋਂ ਇਸ ਦੀ ਲਾਗਤ 45 ਕਰੋੜ ਰੁਪਏ ਦੱਸੀ ਜਾਂਦੀ ਰਹੀ ਹੈ।
ਹੁਣ ਸਰਕਾਰ ਵੱਲੋਂ ਇਸ ਨਿਵਾਸ ਨੂੰ ਜਨਤਾ ਲਈ ਖੋਲ੍ਹਣ ਦੇ ਐਲਾਨ ਤੋਂ ਬਾਅਦ ਲੋਕ ਟਿਕਟ ਲੈ ਕੇ ਇਸ ਦੀ ਅੰਦਰੂਨੀ ਬਣਤਰ ਅਤੇ ਰਹਿਣ ਵਾਲੇ ਹਿੱਸਿਆਂ ਨੂੰ ਦੇਖ ਸਕਣਗੇ।










