HomeCanadaਕੈਨੇਡਾ 'ਚ 'ਪ੍ਰੋਜੈਕਟ ਕੈਡੇਟਾ' ਤਹਿਤ ਵੱਡੀ ਕਾਰਵਾਈ, 96 ਵਾਹਨ ਬਰਾਮਦ

ਕੈਨੇਡਾ ‘ਚ ‘ਪ੍ਰੋਜੈਕਟ ਕੈਡੇਟਾ’ ਤਹਿਤ ਵੱਡੀ ਕਾਰਵਾਈ, 96 ਵਾਹਨ ਬਰਾਮਦ

ਕੈਨੇਡਾ: ਕੈਨੇਡਾ ਦੇ ਬਰੈਂਪਟਨ ਵਿੱਚ ਵਾਹਨ ਚੋਰੀ ਕਰਕੇ ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਭੇਜਣ ਵਾਲੇ ਇੱਕ ਵੱਡੇ ਅੰਤਰਰਾਸ਼ਟਰੀ ਗਿਰੋਹ ਦਾ ਪਰਦਾਫਾਸ਼ ਹੋਇਆ ਹੈ। ਪੀਲ ਰੀਜਨਲ ਪੁਲਿਸ ਨੇ ਇਸ ਕਾਰਵਾਈ ਦੌਰਾਨ ਕਰੀਬ 45 ਲੱਖ ਕੈਨੇਡੀਅਨ ਡਾਲਰ ਦੀਆਂ 96 ਚੋਰੀ ਦੀਆਂ ਗੱਡੀਆਂ ਬਰਾਮਦ ਕੀਤੀਆਂ ਹਨ। ਇਸ ਮਾਮਲੇ ਵਿੱਚ 12 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਪੰਜਾਬੀ ਮੂਲ ਦੇ ਦੋ ਨੌਜਵਾਨ ਵੀ ਸ਼ਾਮਲ ਹਨ। ਗ੍ਰਿਫ਼ਤਾਰ ਮੁਲਜ਼ਮਾਂ ਖ਼ਿਲਾਫ਼ ਕੁੱਲ 231 ਦੋਸ਼ ਲਗਾਏ ਗਏ ਹਨ।

ਪੁਲਿਸ ਦੀ ਜਾਂਚ ਮੁਤਾਬਕ ਇਹ ਗਿਰੋਹ ਚੋਰੀ ਕੀਤੀਆਂ ਮਹਿੰਗੀਆਂ ਗੱਡੀਆਂ ਨੂੰ ਸ਼ਿਪਿੰਗ ਕੰਟੇਨਰਾਂ ਵਿੱਚ ਲੁਕਾ ਕੇ ਕੈਨੇਡਾ ਦੀਆਂ ਬੰਦਰਗਾਹਾਂ ਰਾਹੀਂ ਪੱਛਮੀ ਅਫ਼ਰੀਕਾ ਭੇਜਣ ਦੀ ਯੋਜਨਾ ਬਣਾ ਰਿਹਾ ਸੀ।

‘ਪ੍ਰੋਜੈਕਟ ਕੈਡੇਟਾ’ ਤਹਿਤ ਹੋਈ ਜਾਂਚ

ਪੀਲ ਰੀਜਨਲ ਪੁਲਿਸ ਨੇ ਇਸ ਪੂਰੀ ਜਾਂਚ ਨੂੰ ‘ਪ੍ਰੋਜੈਕਟ ਕੈਡੇਟਾ’ ਦਾ ਨਾਮ ਦਿੱਤਾ ਸੀ। ਇਸ ਮੁਹਿੰਮ ਦੀ ਸ਼ੁਰੂਆਤ ਮਾਰਚ 2026 ਵਿੱਚ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਸਹਿਯੋਗ ਨਾਲ ਕੀਤੀ ਗਈ ਸੀ।

ਜਾਂਚ ਦੀ ਸ਼ੁਰੂਆਤ ਬਰੈਂਪਟਨ ਦੇ ਇੱਕ ਵੇਅਰਹਾਊਸ ਤੋਂ ਹੋਈ, ਜਿੱਥੇ ਚੋਰੀ ਕੀਤੀਆਂ ਗੱਡੀਆਂ ਨੂੰ ਇਕੱਠਾ ਕਰਕੇ ਵਿਦੇਸ਼ ਭੇਜਣ ਤੋਂ ਪਹਿਲਾਂ ਰੱਖਿਆ ਜਾਂਦਾ ਸੀ। ਜਾਂਚ ਦਾ ਘੇਰਾ ਵਧਣ ਤੋਂ ਬਾਅਦ ਪੁਲਿਸ ਨੂੰ ਗ੍ਰੇਟਰ ਟੋਰਾਂਟੋ ਏਰੀਆ ਅਤੇ ਇਸ ਦੇ ਆਲੇ-ਦੁਆਲੇ ਸਰਗਰਮ ਇੱਕ ਵੱਡੇ ਨੈੱਟਵਰਕ ਬਾਰੇ ਜਾਣਕਾਰੀ ਮਿਲੀ।

ਇਸ ਤਰ੍ਹਾਂ ਚੋਰੀ ਕਰਕੇ ਵਿਦੇਸ਼ ਭੇਜੀਆਂ ਜਾਂਦੀਆਂ ਸਨ ਗੱਡੀਆਂ

ਪੁਲਿਸ ਅਨੁਸਾਰ ਗਿਰੋਹ ਦੇ ਪੰਜ ਮੁੱਖ ਮੈਂਬਰ ਚੋਰੀ ਦੀਆਂ ਗੱਡੀਆਂ ਦਾ ਪ੍ਰਬੰਧ ਕਰਨ, ਉਨ੍ਹਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਣ ਅਤੇ ਵਿਦੇਸ਼ ਭੇਜਣ ਦੀ ਜ਼ਿੰਮੇਵਾਰੀ ਸੰਭਾਲਦੇ ਸਨ।

ਗੱਡੀਆਂ ਅਕਸਰ ਰਿਹਾਇਸ਼ੀ ਇਲਾਕਿਆਂ ਵਿੱਚ ਘਰਾਂ ਦੇ ਬਾਹਰ ਖੜ੍ਹੀਆਂ ਡਰਾਈਵਵੇਅ ਵਾਲੀਆਂ ਥਾਵਾਂ, ਪਾਰਕਿੰਗ ਖੇਤਰਾਂ ਅਤੇ ਕਾਰ ਡੀਲਰਸ਼ਿਪਾਂ ਤੋਂ ਚੋਰੀ ਕੀਤੀਆਂ ਜਾਂਦੀਆਂ ਸਨ। ਇਸ ਤੋਂ ਬਾਅਦ ਵਾਹਨਾਂ ਦੇ ਵਹੀਕਲ ਆਈਡੈਂਟੀਫਿਕੇਸ਼ਨ ਨੰਬਰ (VIN) ਵਿੱਚ ਕਥਿਤ ਤੌਰ ‘ਤੇ ਤਬਦੀਲੀ ਕਰਕੇ ਉਨ੍ਹਾਂ ਦੀ ਪਛਾਣ ਲੁਕਾਈ ਜਾਂਦੀ ਸੀ।

ਫਿਰ ਇਨ੍ਹਾਂ ਗੱਡੀਆਂ ਨੂੰ ਵੱਖ-ਵੱਖ ਟਿਕਾਣਿਆਂ ‘ਤੇ ਲਿਜਾ ਕੇ ਸ਼ਿਪਿੰਗ ਕੰਟੇਨਰਾਂ ਵਿੱਚ ਲੋਡ ਕੀਤਾ ਜਾਂਦਾ ਸੀ, ਤਾਂ ਜੋ ਉਨ੍ਹਾਂ ਨੂੰ ਵਿਦੇਸ਼ ਭੇਜਿਆ ਜਾ ਸਕੇ।

ਦੋ ਪੰਜਾਬੀ ਨੌਜਵਾਨ ਵੀ ਗ੍ਰਿਫ਼ਤਾਰ

ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚ ਬਰੈਂਪਟਨ ਦਾ 26 ਸਾਲਾ ਕਰਮਵੀਰ ਸਿੰਘ ਅਤੇ ਬਿਨਾਂ ਸਥਾਈ ਪਤੇ ਵਾਲਾ 25 ਸਾਲਾ ਜਸਪ੍ਰੀਤ ਸਿੰਘ ਵੀ ਸ਼ਾਮਲ ਹਨ।

ਇਨ੍ਹਾਂ ਤੋਂ ਇਲਾਵਾ ਪੁਲਿਸ ਨੇ ਟੋਰਾਂਟੋ ਨਾਲ ਸਬੰਧਤ ਓਡੇਵਾਲੇ ਅਬ੍ਰਾਹਮ, ਤੋਸਿਨ ਓਏਬਾਡੇ, ਓਲੂਏਮੀ ਸੋਡਾਡੇ ਅਤੇ ਓਲੂਵਾਸੇਈ ਬਾਮੇਕੇ ਸਮੇਤ ਹੋਰ ਲੋਕਾਂ ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਹੈ।

ਦੋ ਹੋਰ ਸ਼ੱਕੀਆਂ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ

ਪੁਲਿਸ ਨੇ ਇਸ ਕਾਰਵਾਈ ਦੌਰਾਨ 12 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਵਿੱਚੋਂ ਨੌਂ ਨੂੰ ਭਵਿੱਖ ਵਿੱਚ ਅਦਾਲਤ ਵਿੱਚ ਪੇਸ਼ ਹੋਣ ਦੀ ਸ਼ਰਤ ‘ਤੇ ਰਿਹਾਅ ਕਰ ਦਿੱਤਾ ਗਿਆ। ਬਾਕੀ ਤਿੰਨ ਨੂੰ ਜ਼ਮਾਨਤ ਸਬੰਧੀ ਸੁਣਵਾਈ ਲਈ ਹਿਰਾਸਤ ਵਿੱਚ ਰੱਖਿਆ ਗਿਆ ਸੀ, ਪਰ ਬਾਅਦ ਵਿੱਚ ਉਨ੍ਹਾਂ ਨੂੰ ਵੀ ਰਿਹਾਅ ਕਰ ਦਿੱਤਾ ਗਿਆ।

ਇਸ ਤੋਂ ਇਲਾਵਾ ਪੁਲਿਸ ਨੇ ਦੋ ਹੋਰ ਸ਼ੱਕੀਆਂ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਇਨ੍ਹਾਂ ਵਿੱਚ 32 ਸਾਲਾ ਸਟੀਵਨ ਗਿਆਮਫੀ ਅਤੇ 16 ਸਾਲਾ ਇੱਕ ਨਾਬਾਲਗ ਸ਼ਾਮਲ ਹੈ।

ਵਾਹਨ ਚੋਰੀ ਦੀਆਂ ਘਟਨਾਵਾਂ ਵਿੱਚ ਆਈ ਕਮੀ

ਪੀਲ ਰੀਜਨਲ ਪੁਲਿਸ ਦੇ ਡਿਪਟੀ ਚੀਫ਼ ਨਿਕ ਮਿਲਿਨੋਵਿਚ ਨੇ ਕਿਹਾ ਕਿ ਸੰਗਠਿਤ ਵਾਹਨ ਚੋਰੀ ਸਿਰਫ਼ ਜਾਇਦਾਦ ਨਾਲ ਜੁੜਿਆ ਅਪਰਾਧ ਨਹੀਂ ਹੈ, ਸਗੋਂ ਇਸ ਦੇ ਪਿੱਛੇ ਅੰਤਰਰਾਸ਼ਟਰੀ ਅਪਰਾਧਿਕ ਨੈੱਟਵਰਕ ਵੀ ਸਰਗਰਮ ਹਨ।

ਉਨ੍ਹਾਂ ਮੁਤਾਬਕ ਪੀਲ ਖੇਤਰ ਵਿੱਚ 2023 ਦੌਰਾਨ ਵਾਹਨ ਚੋਰੀ ਦੀਆਂ ਘਟਨਾਵਾਂ ਸਭ ਤੋਂ ਵੱਧ ਦਰਜ ਕੀਤੀਆਂ ਗਈਆਂ ਸਨ। ਇਸ ਤੋਂ ਬਾਅਦ ਪੁਲਿਸ ਦੀਆਂ ਕਾਰਵਾਈਆਂ ਕਾਰਨ ਇਨ੍ਹਾਂ ਮਾਮਲਿਆਂ ਵਿੱਚ 50 ਫ਼ੀਸਦੀ ਤੋਂ ਵੱਧ ਕਮੀ ਆਈ ਹੈ। ਸਾਲ 2026 ਵਿੱਚ ਵੀ ਹੁਣ ਤੱਕ ਪਿਛਲੇ ਸਾਲ ਦੇ ਮੁਕਾਬਲੇ ਲਗਭਗ 10 ਫ਼ੀਸਦੀ ਗਿਰਾਵਟ ਦਰਜ ਕੀਤੀ ਗਈ ਹੈ।

ਪੁਲਿਸ ਨੇ ਕਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਅਜੇ ਜਾਰੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਲੋਕਾਂ ਖ਼ਿਲਾਫ਼ ਵੀ ਦੋਸ਼ ਲਗਾਏ ਜਾ ਸਕਦੇ ਹਨ। ਫਿਲਹਾਲ ਗ੍ਰਿਫ਼ਤਾਰ ਕੀਤੇ ਗਏ ਸਾਰੇ ਮੁਲਜ਼ਮਾਂ ਖ਼ਿਲਾਫ਼ ਲੱਗੇ ਦੋਸ਼ ਅਦਾਲਤ ਵਿੱਚ ਸਾਬਤ ਹੋਣੇ ਬਾਕੀ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments