ਸੋਨੀਪਤ: ਹਰਿਆਣਾ ਰਾਜ ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਰੋਕੂ ਬਿਊਰੋ ਨੇ ਭ੍ਰਿਸ਼ਟਾਚਾਰ ਖ਼ਿਲਾਫ਼ ਕਾਰਵਾਈ ਕਰਦਿਆਂ ਸੋਨੀਪਤ ਦੇ ਕੁੰਡਲੀ ਪੁਲਿਸ ਥਾਣੇ ਵਿੱਚ ਤਾਇਨਾਤ ਇੱਕ ਹੋਮਗਾਰਡ ਜਵਾਨ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ।
ਗੁੰਮ ਹੋਇਆ ਮੋਬਾਈਲ ਫ਼ੋਨ ਲੱਭਣ ਵਿੱਚ ਮਦਦ ਕਰਨ ਦੇ ਨਾਂ ‘ਤੇ 3 ਹਜ਼ਾਰ ਰੁਪਏ ਦੀ ਰਿਸ਼ਵਤ ਮੰਗਣਾ ਹੋਮਗਾਰਡ ਜਵਾਨ ਨੂੰ ਮਹਿੰਗਾ ਪੈ ਗਿਆ। ਐਂਟੀ ਕਰੱਪਸ਼ਨ ਬਿਊਰੋ (ਏ.ਸੀ.ਬੀ.) ਸੋਨੀਪਤ ਦੀ ਟੀਮ ਨੇ ਐਤਵਾਰ ਸ਼ਾਮ ਨੂੰ ਮੁਲਜ਼ਮ ਹੋਮਗਾਰਡ ਜਵਾਨ ਸੋਨੂੰ ਨੂੰ 3 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕਰ ਲਿਆ।
ਕੁੰਡਲੀ ਦੇ ਰਹਿਣ ਵਾਲੇ ਮੋਹਨ ਦਾ ਮੋਬਾਈਲ ਫ਼ੋਨ ਗੁੰਮ ਹੋ ਗਿਆ ਸੀ। ਮੋਬਾਈਲ ਦੀ ਭਾਲ ਲਈ ਉਸ ਨੇ ਪੁਲਿਸ ਤੋਂ ਮਦਦ ਮੰਗੀ ਸੀ। ਦੋਸ਼ ਹੈ ਕਿ ਕੁੰਡਲੀ ਥਾਣੇ ਵਿੱਚ ਤਾਇਨਾਤ ਹੋਮਗਾਰਡ ਜਵਾਨ ਸੋਨੂੰ ਨੇ ਮੋਬਾਈਲ ਲੱਭਣ ਵਿੱਚ ਮਦਦ ਕਰਨ ਦੇ ਬਦਲੇ ਉਸ ਤੋਂ 3 ਹਜ਼ਾਰ ਰੁਪਏ ਦੀ ਮੰਗ ਕੀਤੀ। ਇਸ ਤੋਂ ਬਾਅਦ ਮੋਹਨ ਨੇ ਇਸ ਦੀ ਸ਼ਿਕਾਇਤ ਏ.ਸੀ.ਬੀ. ਸੋਨੀਪਤ ਨੂੰ ਦਿੱਤੀ।
ਏ.ਸੀ.ਬੀ. ਦੀ ਟੀਮ ਨੇ ਯੋਜਨਾਬੱਧ ਤਰੀਕੇ ਨਾਲ ਐਤਵਾਰ ਸ਼ਾਮ ਨੂੰ ਬੀਸਵਾਂ ਮੌਲ ਚੌਕ ਨੇੜੇ ਰਾਈ ਖੇਡ ਸਕੂਲ ਦੇ ਕੋਲ ਕਾਰਵਾਈ ਕੀਤੀ। ਇਸ ਦੌਰਾਨ ਜਿਵੇਂ ਹੀ ਹੋਮਗਾਰਡ ਜਵਾਨ ਸੋਨੂੰ ਨੇ ਸ਼ਿਕਾਇਤਕਰਤਾ ਤੋਂ 3 ਹਜ਼ਾਰ ਰੁਪਏ ਲਏ, ਟੀਮ ਨੇ ਉਸ ਨੂੰ ਮੌਕੇ ‘ਤੇ ਹੀ ਦਬੋਚ ਲਿਆ। ਡੀ.ਐੱਸ.ਪੀ. ਰਾਹੁਲ ਦੇਵ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਮੁਲਜ਼ਮ ਸੋਨੂੰ ਨੂੰ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਗਿਆ ਹੈ।










