ਸ਼ਾਹਕੋਟ : ਨਾਜਾਇਜ਼ ਸ਼ਰਾਬ ਦੇ ਕਾਰੋਬਾਰ ‘ਤੇ ਨਕੇਲ ਕੱਸਣ ਲਈ ਆਬਕਾਰੀ ਵਿਭਾਗ ਵੱਲੋਂ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਸਤਲੁਜ ਦਰਿਆ ਦੇ ਕੰਢੇ ਸਥਿਤ ਵੱਖ-ਵੱਖ ਪਿੰਡਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਵਿਭਾਗ ਦੀ ਟੀਮ ਨੇ ਵੱਡੀ ਕਾਰਵਾਈ ਕਰਦਿਆਂ ਕਰੀਬ 6200 ਲੀਟਰ ਨਾਜਾਇਜ਼ ਲਾਹਣ ਬਰਾਮਦ ਕਰਕੇ ਮੌਕੇ ‘ਤੇ ਹੀ ਨਸ਼ਟ ਕਰ ਦਿੱਤੀ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਕਾਰਵਾਈ ਸਹਾਇਕ ਕਮਿਸ਼ਨਰ (ਆਬਕਾਰੀ), ਜਲੰਧਰ ਰੇਂਜ-2 ਹਰਸਿਮਰਤ ਕੌਰ ਗਰੇਵਾਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਆਬਕਾਰੀ ਅਧਿਕਾਰੀ ਜਲੰਧਰ ਵੈਸਟ-ਏ ਸੌਰਵ ਗੁਪਤਾ ਦੀ ਨਿਗਰਾਨੀ ਹੇਠ ਕੀਤੀ ਗਈ। ਆਬਕਾਰੀ ਇੰਸਪੈਕਟਰ ਸਰਵਨ ਸਿੰਘ ਦੀ ਅਗਵਾਈ ਹੇਠ ਆਬਕਾਰੀ ਵਿਭਾਗ ਦੀ ਟੀਮ ਅਤੇ ਆਬਕਾਰੀ ਪੁਲਿਸ ਸਟਾਫ਼ ਵੱਲੋਂ ਸਤਲੁਜ ਦਰਿਆ ਦੇ ਕੰਢੇ ਸਥਿਤ ਪਿੰਡ ਬਾਊਪੁਰ, ਖੁਰਲਾਪੁਰ ਅਤੇ ਚੱਕ ਹਥਿਆਣਾ ਦੇ ਇਲਾਕਿਆਂ ਵਿੱਚ ਬਾਰੀਕੀ ਨਾਲ ਤਲਾਸ਼ੀ ਲਈ ਗਈ।
ਤਲਾਸ਼ੀ ਦੌਰਾਨ ਦਰਿਆ ਦੇ ਕੰਢੇ ਝਾੜੀਆਂ ਅਤੇ ਟੋਇਆਂ ਵਿੱਚ ਲੁਕਾ ਕੇ ਰੱਖੀਆਂ ਗਈਆਂ 12 ਪਲਾਸਟਿਕ ਦੀਆਂ ਤਰਪਾਲਾਂ ਬਰਾਮਦ ਹੋਈਆਂ, ਜਿਨ੍ਹਾਂ ਵਿੱਚ ਕਰੀਬ 6200 ਲੀਟਰ ਲਾਹਣ ਭਰੀ ਹੋਈ ਸੀ। ਇਸ ਤੋਂ ਇਲਾਵਾ ਮੌਕੇ ਤੋਂ 12 ਲੋਹੇ ਦੇ ਡਰੰਮ ਵੀ ਬਰਾਮਦ ਕੀਤੇ ਗਏ।
ਵਿਭਾਗ ਦੀ ਟੀਮ ਨੇ ਬਰਾਮਦ ਕੀਤੀ ਗਈ ਸਾਰੀ ਲਾਹਣ ਦੇ ਨਾਲ ਤਰਪਾਲਾਂ ਅਤੇ ਡਰੰਮਾਂ ਨੂੰ ਵੀ ਮੌਕੇ ‘ਤੇ ਹੀ ਨਸ਼ਟ ਕਰ ਦਿੱਤਾ। ਅਧਿਕਾਰੀਆਂ ਨੇ ਕਿਹਾ ਕਿ ਨਾਜਾਇਜ਼ ਸ਼ਰਾਬ ਤਿਆਰ ਕਰਨ ਅਤੇ ਵੇਚਣ ਵਾਲਿਆਂ ਖ਼ਿਲਾਫ਼ ਆਬਕਾਰੀ ਵਿਭਾਗ ਦੀ ਕਾਰਵਾਈ ਅੱਗੇ ਵੀ ਲਗਾਤਾਰ ਜਾਰੀ ਰਹੇਗੀ।










