ਬਾਲੀ: ਬਾਲੀ ‘ਚ ਚੱਲ ਰਹੀ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਦੀ ਬੋਰਡ ਮੀਟਿੰਗ ਵਿੱਚ ਕ੍ਰਿਕਟ ਦੇ ਭਵਿੱਖ ਨਾਲ ਜੁੜੇ ਕਈ ਅਹਿਮ ਮੁੱਦਿਆਂ ’ਤੇ ਚਰਚਾ ਕੀਤੀ ਜਾ ਰਹੀ ਹੈ। ਇਨ੍ਹਾਂ ਵਿੱਚ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਵਿੱਚ ਟੀਮਾਂ ਦੀ ਗਿਣਤੀ ਮੌਜੂਦਾ 9 ਤੋਂ ਵਧਾ ਕੇ 12 ਕਰਨ ਦਾ ਪ੍ਰਸਤਾਵ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਵਨਡੇ (ODI) ਕ੍ਰਿਕਟ ਦੇ ਭਵਿੱਖ ਅਤੇ 2027 ਤੋਂ 2031 ਤੱਕ ਦੇ ਅੰਤਰਰਾਸ਼ਟਰੀ ਕ੍ਰਿਕਟ ਕੈਲੰਡਰ ਨੂੰ ਅੰਤਿਮ ਰੂਪ ਦੇਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।
ਮੀਟਿੰਗ ਦਾ ਇੱਕ ਹੋਰ ਅਹਿਮ ਮੁੱਦਾ ਦੁਨੀਆ ਭਰ ਵਿੱਚ ਤੇਜ਼ੀ ਨਾਲ ਵਧ ਰਹੀਆਂ ਟੀ-20 ਫ੍ਰੈਂਚਾਇਜ਼ੀ ਲੀਗਾਂ ’ਤੇ ICC ਦਾ ਕੰਟਰੋਲ ਵਧਾਉਣਾ ਹੈ। ਇਸ ਤਹਿਤ ਲੀਗਾਂ ਵਿੱਚ ਖੇਡਣ ਵਾਲੇ ਵਿਦੇਸ਼ੀ ਖਿਡਾਰੀਆਂ ਦੀ ਗਿਣਤੀ ਘਟਾਉਣ ਬਾਰੇ ਵੀ ਚਰਚਾ ਹੋ ਸਕਦੀ ਹੈ।
ਜੇਕਰ ਇਸ ਸਬੰਧੀ ਕੋਈ ਨਵਾਂ ਨਿਯਮ ਲਾਗੂ ਹੁੰਦਾ ਹੈ ਤਾਂ ਇਸ ਦਾ ਇੰਡੀਅਨ ਪ੍ਰੀਮੀਅਰ ਲੀਗ (IPL), ਯੂਏਈ ਦੀ ਇੰਟਰਨੈਸ਼ਨਲ ਲੀਗ ਟੀ-20 (ILT20) ਅਤੇ ਅਮਰੀਕਾ ਦੀ ਮੇਜਰ ਲੀਗ ਕ੍ਰਿਕਟ (MLC) ’ਤੇ ਅਸਰ ਪੈ ਸਕਦਾ ਹੈ। ਹਾਲਾਂਕਿ, ਫਿਲਹਾਲ ਇਹ ਮੁੱਦਾ ਚਰਚਾ ਦੇ ਪੱਧਰ ’ਤੇ ਹੈ ਅਤੇ ਕਿਸੇ ਅੰਤਿਮ ਫੈਸਲੇ ਦੀ ਜਾਣਕਾਰੀ ਨਹੀਂ ਦਿੱਤੀ ਗਈ।
ਇਸ ਮੀਟਿੰਗ ਵਿੱਚ ਅਫਗਾਨਿਸਤਾਨ ਦੀ ਸ਼ਰਨਾਰਥੀ ਮਹਿਲਾ ਕ੍ਰਿਕਟ ਟੀਮ ਨਾਲ ਜੁੜੇ ਮਾਮਲੇ ’ਤੇ ਵੀ ਵਿਚਾਰ ਕੀਤਾ ਜਾਵੇਗਾ। ਬੋਰਡ ਮੀਟਿੰਗ ਦੇ ਫੈਸਲੇ ਆਉਣ ਵਾਲੇ ਸਾਲਾਂ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਦੇ ਢਾਂਚੇ ਅਤੇ ਵੱਖ-ਵੱਖ ਫਾਰਮੈਟਾਂ ਦੀ ਦਿਸ਼ਾ ਨੂੰ ਪ੍ਰਭਾਵਿਤ ਕਰ ਸਕਦੇ ਹਨ।










