ਜਲੰਧਰ : ਸਾਧਵੀ ਠਾਕੁਰ ਹੁਣ ਵਿਵਾਦਤ ਕੁਲਹਾੜ ਪੀਜ਼ਾ ਜੋੜੇ ਦੇ ਹੱਕ ਵਿੱਚ ਆ ਗਈ ਹੈ। ਦਸਤਾਰ ਸਜਾ ਕੇ ਵੀਡੀਓ ਬਣਾਉਣ ਨੂੰ ਲੈ ਕੇ ਨਿਹੰਗ ਸਿੰਘਾਂ ਨਾਲ ਪੈਦਾ ਹੋਏ ਵਿਵਾਦ ‘ਤੇ ਬੋਲਦਿਆਂ ਸਾਧਵੀ ਠਾਕੁਰ ਨੇ ਕਿਹਾ ਕਿ ਉਹ ਸਿੱਖਾਂ ਨੂੰ ਦੱਸਣਾ ਚਾਹੁੰਦੀ ਹੈ ਕਿ ਦਸਤਾਰ ਸਜਾ ਕੇ ਸ਼ਰਾਬ ਪੀਣ ਵਾਲੇ ਸਿੱਖਾਂ ‘ਤੇ ਪਾਬੰਦੀ ਹੋਣੀ ਚਾਹੀਦੀ ਹੈ। ਦਸਤਾਰ ਸਜਾ ਕੇ ਕਲੱਬ ਜਾਣਾ ਅਤੇ ਅਸ਼ਲੀਲ ਡਾਂਸ ਕਰਨਾ ਵੀ ਬੰਦ ਹੋਣਾ ਚਾਹੀਦਾ ਹੈ। ਦਸਤਾਰਾਂ ਦੀ ਵਰਤੋਂ ਕਰਨ ਵਾਲੇ ਅਤੇ ਗਾਲ੍ਹਾਂ ਕੱਢਣ ਵਾਲਿਆਂ ਨੂੰ ਵੀ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਲੋਕ ਦਸਤਾਰ ਸਜਾਉਂਦੇ ਹਨ ਅਤੇ ਗਲਤ ਕੰਮ ਕਰਦੇ ਹਨ, ਜਿਸ ਨੂੰ ਰੋਕਣਾ ਚਾਹੀਦਾ ਹੈ। ਕਲੱਬਾਂ ਵਿੱਚ ਦਸਤਾਰ ਸਜਾਉਣ ਵਾਲਿਆਂ ਦਾ ਦਾਖਲਾ ਬੰਦ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਸਿਰਫ਼ ਕੁਲਹਾੜ ਪੀਜ਼ਾ ਵਿਕਰੇਤਾ ਹੀ ਨਹੀਂ ਸਗੋਂ ਜੋ ਅਸ਼ਲੀਲ ਸਿਸਟਮ ਚੱਲ ਰਿਹਾ ਹੈ, ਉਸ ਨੂੰ ਬੰਦ ਕੀਤਾ ਜਾਵੇ। ਅਜਿਹਾ ਨਿਯਮ ਲਾਗੂ ਕੀਤਾ ਜਾਵੇ ਕਿ ਸਿੱਖਾਂ ਤੋਂ ਇਲਾਵਾ ਹੋਰ ਕੋਈ ਵੀ ਦਸਤਾਰ ਨਾ ਸਜਾ ਸਕੇ। ਜੇਕਰ ਸਿੱਖਾਂ ਤੋਂ ਇਲਾਵਾ ਕੋਈ ਹੋਰ ਦਸਤਾਰ ਸਜਾਉਂਦਾ ਹੈ ਤਾਂ ਇਸ ‘ਤੇ ਰੋਕ ਲਗਾਈ ਜਾਵੇ। ਸਿਰਫ਼ ਪੱਗ ਬੰਨਣ ਲਈ ਇਹ ਲਿਖਤੀ ਰੂਪ ਵਿੱਚ ਲੈਣਾ ਪੈਂਦਾ ਹੈ ਕਿ ਇਹ ਵਿਅਕਤੀ ਪੱਗ ਬੰਨ ਸਕਦਾ ਹੈ ਅਤੇ ਪੱਗ ਬੰਨਣ ਦੇ ਨਿਯਮ ਹਨ ਸਿਰਫ਼ ਉਹੀ ਵਿਅਕਤੀ ਪੱਗ ਬੰਨ ਸਕਦਾ ਹੈ। ਸਿੱਖਾਂ ਤੋਂ ਇਲਾਵਾ ਕਿਸੇ ਹੋਰ ਵਿਅਕਤੀ ਨੂੰ ਦਸਤਾਰ ਨਹੀਂ ਬੰਨ੍ਹਣੀ ਚਾਹੀਦੀ।
ਤੁਹਾਨੂੰ ਦੱਸ ਦੇਈਏ ਕਿ ਜਲੰਧਰ ਦਾ ਮਸ਼ਹੂਰ ਕੁਲਹਾੜ ਪੀਜ਼ਾ ਜੋੜਾ ਇੱਕ ਵਾਰ ਫਿਰ ਤੋਂ ਵਿਵਾਦਾਂ ਵਿੱਚ ਫਸਦਾ ਨਜ਼ਰ ਆ ਰਿਹਾ ਹੈ। ਨਿਹੰਗ ਸਿੰਘਾਂ ਦੇ ਵਿਰੋਧ ਅਤੇ ਧਮਕੀਆਂ ਤੋਂ ਬਾਅਦ ਕੁਲਹਾੜ ਪੀਜ਼ਾ ਜੋੜੇ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਹ ਆਪਣੇ ਪਰਿਵਾਰ ਨਾਲ ਸ੍ਰੀ ਦਰਬਾਰ ਸਾਹਿਬ ਜਾ ਕੇ ਪਟੀਸ਼ਨ ਦਾਇਰ ਕਰਨਗੇ। ਸਹਿਜ ਅਰੋੜਾ ਨੇ ਲਾਈਵ ਹੋ ਕੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਪੁੱਛਾਂਗਾ ਕਿ ਮੈਂ ਦਸਤਾਰ ਪਹਿਨ ਸਕਦਾ ਹਾਂ ਜਾਂ ਨਹੀਂ ਪਰ ਜੇਕਰ ਮੈਂ ਗਲਤ ਹਾਂ ਤਾਂ ਮੈਨੂੰ ਸਜ਼ਾ ਮਿਲਣੀ ਚਾਹੀਦੀ ਹੈ। ਵੀਡੀਓ ਵਿੱਚ ਸਹਿਜ ਅਤੇ ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ ਵੀ ਮੌਜੂਦ ਹਨ। ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।