ਨਿਊਯਾਰਕ: ਨਿਊਯਾਰਕ ਦੇ ਬਰੁਕਲਿਨ ਵਿੱਚ ਇੱਕ ਉਸਾਰੀ ਵਾਲੀ ਥਾਂ ਦੇ ਨੇੜੇ ਇੱਕ ਤਿੰਨ ਮੰਜ਼ਿਲਾ ਇਮਾਰਤ ਦੇ ਢਹਿ ਜਾਣ ਕਾਰਨ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰਾਂ ਦੇ ਮਲਬੇ ਹੇਠ ਦੱਬੇ ਜਾਣ ਦਾ ਖ਼ਦਸ਼ਾ ਹੈ। ਬੀਤੇ ਦਿਨ ਵਾਪਰੀ ਇਸ ਘਟਨਾ ਤੋਂ ਬਾਅਦ ਅੱਗ ਬੁਝਾਊ ਦਸਤੇ ਮਲਬੇ ਨੂੰ ਹਟਾਉਣ ਅਤੇ ਇਸ ‘ਚ ਫਸੇ ਲੋਕਾਂ ਨੂੰ ਲੱਭਣ ‘ਚ ਲੱਗੇ ਹੋਏ ਹਨ। ਸੂਚਨਾ ਮਿਲਣ ਤੋਂ ਬਾਅਦ ਸ਼ਾਮ 4 ਵਜੇ ਦੇ ਕਰੀਬ ਬਰੁਕਲਿਨ ਦੇ ਫਲੈਟਬੁਸ਼ ਇਲਾਕੇ ‘ਚ ਸਥਿਤ ਘਟਨਾ ਵਾਲੀ ਥਾਂ ‘ਤੇ ਫਾਇਰਫਾਈਟਰਜ਼ ਨੂੰ ਭੇਜਿਆ ਗਿਆ।
ਹੈਲੀਕਾਪਟਰ ਤੋਂ ਲਏ ਗਏ ਦ੍ਰਿਸ਼ਾਂ ਵਿੱਚ ਕਈ ਫਾਇਰਫਾਈਟਰਾਂ ਨੂੰ ਮਲਬਾ ਹਟਾਉਣ ਅਤੇ ਲੋਕਾਂ ਦੀ ਭਾਲ ਕਰਨ ਲਈ ਮਸ਼ੀਨਾਂ ਦੀ ਵਰਤੋਂ ਕਰਦੇ ਹੋਏ ਦਿਖਾਇਆ ਗਿਆ। ਅਧਿਕਾਰੀਆਂ ਮੁਤਾਬਕ ਇਸ ਹਾਦਸੇ ‘ਚ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਘੱਟੋ-ਘੱਟ ਚਾਰ ਹੋਰਾਂ ਨੂੰ ਗੰਭੀਰ ਹਾਲਤ ‘ਚ ਹਸਪਤਾਲ ਲਿਜਾਇਆ ਗਿਆ। ਇਸ ਤੋਂ ਇਲਾਵਾ ਛੇ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਵੀ ਹਸਪਤਾਲ ਦਾਖਲ ਕਰਵਾਇਆ ਗਿਆ। ਸ਼ਾਮ ਕਰੀਬ 6.30 ਵਜੇ ਫਾਇਰਫਾਈਟਰਜ਼ ਨੇ ਮਲਬੇ ਹੇਠੋਂ ਇੱਕ ਵਿਅਕਤੀ ਨੂੰ ਜ਼ਿੰਦਾ ਬਾਹਰ ਕੱਢਿਆ। ਇਹ ਬੰਦਾ ਹਿਲ-ਡੁਲ ਰਿਹਾ ਸੀ। ਉਸ ਨੂੰ ਤੁਰੰਤ ਸਟਰੈਚਰ ‘ਤੇ ਬਿਠਾ ਕੇ ਐਂਬੂਲੈਂਸ ਰਾਹੀਂ ਹਸਪਤਾਲ ਭੇਜਿਆ ਗਿਆ।
ਇਮਾਰਤ ਦੇ ਨਾਲ ਲੱਗਦੇ ਪਲਾਟ ‘ਤੇ ਨਿਰਮਾਣ ਕਾਰਜ ਲਈ ਇਕ ਮੰਜ਼ਿਲਾ ਇਮਾਰਤ ਨੂੰ ਢਾਹ ਦਿੱਤਾ ਗਿਆ ਸੀ। ਉਥੇ ਖੁਦਾਈ ਦਾ ਕੰਮ ਚੱਲ ਰਿਹਾ ਸੀ। ਨਿਊਯਾਰਕ ਦੇ ਮੇਅਰ ਜ਼ੋਹਰਾਨ ਮਮਦਾਨੀ ਨੇ ਸੋਸ਼ਲ ਮੀਡੀਆ ‘ਤੇ ਜਾਰੀ ਇਕ ਬਿਆਨ ‘ਚ ਕਿਹਾ, ‘ਬਚਾਅ ਮੁਹਿੰਮ ਜਾਰੀ ਹੈ। ਅਜਿਹੀ ਸਥਿਤੀ ਵਿੱਚ, ਆਪਣੇ ਗੁਆਂਢੀਆਂ ਅਤੇ ਭਾਈਚਾਰੇ ਦੇ ਮੈਂਬਰਾਂ ਪ੍ਰਤੀ ਹਮਦਰਦੀ ਅਤੇ ਸਹਿਯੋਗ ਬਣਾਈ ਰੱਖੋ।










