ਨਵੀਂ ਦਿੱਲੀ: ਭਾਈ ਦੂਜ ਦੇ ਪਵਿੱਤਰ ਤਿਉਹਾਰ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਦਿਲੋਂ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਨੇ ਇਸ ਤਿਉਹਾਰ ਨੂੰ ਭੈਣ-ਭਰਾ ਵਿਚਕਾਰ ਪਿਆਰ, ਸਨੇਹ ਅਤੇ ਮਜ਼ਬੂਤ ਰਿਸ਼ਤੇ ਦਾ ਪ੍ਰਤੀਕ ਦੱਸਿਆ।
ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਰਾਹੀਂ ਸੰਦੇਸ਼ ਸਾਂਝਾ ਕਰਦਿਆਂ ਲਿਖਿਆ ਕਿ ਭਾਈ ਦੂਜ ਦੇ ਸ਼ੁਭ ਮੌਕੇ ‘ਤੇ ਉਹ ਦੇਸ਼ ਭਰ ਦੇ ਲੋਕਾਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਰਿਆਂ ਦੀ ਜ਼ਿੰਦਗੀ ਵਿਚ ਖੁਸ਼ੀ ਅਤੇ ਖੁਸ਼ਹਾਲੀ ਬਣੀ ਰਹਿਣ ਦੀ ਕਾਮਨਾ ਵੀ ਕੀਤੀ।
PM ਮੋਦੀ ਨੇ ਕਿਹਾ ਕਿ ਭਾਈ ਦੂਜ ਦਾ ਤਿਉਹਾਰ ਭੈਣ-ਭਰਾ ਦੇ ਰਿਸ਼ਤੇ ਵਿਚਲੀ ਮਿਠਾਸ, ਨੇੜਤਾ ਅਤੇ ਅਟੁੱਟ ਪਿਆਰ ਨੂੰ ਦਰਸਾਉਂਦਾ ਹੈ। ਜ਼ਿਕਰਯੋਗ ਹੈ ਕਿ ਭਾਈ ਦੂਜ ਦਾ ਤਿਉਹਾਰ ਦੀਵਾਲੀ ਤੋਂ ਬਾਅਦ ਕਾਰਤਿਕ ਮਹੀਨੇ ਦੇ ਸ਼ੁਕਲ ਪੱਖ ਦੀ ਦੂਜ ਤਾਰੀਖ਼ ਨੂੰ ਮਨਾਇਆ ਜਾਂਦਾ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਇਸ ਨੂੰ ਭਾਈ ਟੀਕਾ ਅਤੇ ਭਾਈ ਫੋਂਟਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਇਸ ਦਿਨ ਭੈਣਾਂ ਆਪਣੇ ਭਰਾਵਾਂ ਦੇ ਮੱਥੇ ‘ਤੇ ਤਿਲਕ ਲਗਾ ਕੇ ਉਨ੍ਹਾਂ ਦੀ ਲੰਬੀ ਉਮਰ, ਚੰਗੀ ਸਿਹਤ ਅਤੇ ਖੁਸ਼ਹਾਲੀ ਦੀ ਕਾਮਨਾ ਕਰਦੀਆਂ ਹਨ। ਇਸ ਦੇ ਬਦਲੇ ਭਰਾ ਵੀ ਆਪਣੀਆਂ ਭੈਣਾਂ ਦੀ ਰੱਖਿਆ ਕਰਨ ਅਤੇ ਉਨ੍ਹਾਂ ਦਾ ਸਾਥ ਨਿਭਾਉਣ ਦਾ ਵਚਨ ਦਿੰਦੇ ਹਨ। ਇਸ ਮੌਕੇ ਪਰਿਵਾਰ ਇਕੱਠੇ ਹੋ ਕੇ ਰਵਾਇਤੀ ਰਸਮਾਂ ਨਿਭਾਉਂਦੇ ਹਨ ਅਤੇ ਇਕ-ਦੂਜੇ ਨੂੰ ਤੋਹਫ਼ੇ ਵੀ ਦਿੰਦੇ ਹਨ।
ਭਾਈ ਦੂਜ ਦਾ ਇਹ ਤਿਉਹਾਰ ਸਿਰਫ਼ ਇਕ ਰਸਮ ਨਹੀਂ, ਸਗੋਂ ਪਰਿਵਾਰਕ ਪਿਆਰ, ਸਾਂਝ ਅਤੇ ਭੈਣ-ਭਰਾ ਦੇ ਸਦੀਵੀ ਰਿਸ਼ਤੇ ਦੀ ਮਹੱਤਤਾ ਨੂੰ ਵੀ ਦਰਸਾਉਂਦਾ ਹੈ।










