ਗੁਰਦਾਸਪੁਰ: ਭਾਰਤ-ਪਾਕਿਸਤਾਨ ਸਰਹੱਦ ਨੇੜੇ ਸੁਰੱਖਿਆ ਬਲਾਂ ਨੇ ਕਾਰਵਾਈ ਕਰਦਿਆਂ ਦੋ ਨੌਜਵਾਨਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਇਹ ਕਾਰਵਾਈ ਡੇਰਾ ਬਾਬਾ ਨਾਨਕ ਦੇ ਕਸੋਵਾਲ ਸਰਹੱਦੀ ਇਲਾਕੇ ਵਿੱਚ ਕੀਤੀ ਗਈ। ਫੌਜ ਦੇ ਜਵਾਨਾਂ ਨੇ ਸ਼ੱਕੀ ਹਾਲਾਤ ਵਿੱਚ ਖੇਤਾਂ ਵਿੱਚ ਪਹੁੰਚੇ ਦੋ ਨੌਜਵਾਨਾਂ ਨੂੰ ਫੜਿਆ। ਉਨ੍ਹਾਂ ਕੋਲੋਂ ਇੱਕ ਗਲੌਕ ਪਿਸਤੌਲ ਅਤੇ ਸੱਤ ਮੈਗਜ਼ੀਨ ਬਰਾਮਦ ਹੋਏ ਹਨ।
ਮਿਲੀ ਜਾਣਕਾਰੀ ਮੁਤਾਬਕ ਸਰਹੱਦ ਦੀ ਸੁਰੱਖਿਆ ਲਈ ਤਾਇਨਾਤ ਆਰਮੀ ਦੀ 22 ਰਾਜਪੂਤਾਨਾ ਯੂਨਿਟ ਦੇ ਜਵਾਨ ਕਸੋਵਾਲ ਇਲਾਕੇ ਵਿੱਚ ਨਿਗਰਾਨੀ ਕਰ ਰਹੇ ਸਨ। ਇਸ ਦੌਰਾਨ ਇੱਕ ਕਿਸਾਨ ਦੇ ਖੇਤ ਵਿੱਚ ਦੋ ਸ਼ੱਕੀ ਨੌਜਵਾਨ ਨਜ਼ਰ ਆਏ। ਜਵਾਨਾਂ ਨੇ ਤੁਰੰਤ ਕਾਰਵਾਈ ਕਰਦਿਆਂ ਦੋਵਾਂ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਪਿਸਤੌਲ ਅਤੇ ਮੈਗਜ਼ੀਨ ਬਰਾਮਦ ਕੀਤੇ ਗਏ।
ਡੇਰਾ ਬਾਬਾ ਨਾਨਕ ਥਾਣੇ ਦੇ ਐੱਸ.ਐੱਚ.ਓ ਅਸ਼ੋਕ ਕੁਮਾਰ ਨੇ ਦੱਸਿਆ ਕਿ ਪੁਲਿਸ ਪਾਰਟੀ ਧਰਮਕੋਟ ਇਲਾਕੇ ਵਿੱਚ ਗਸ਼ਤ ਲਈ ਜਾ ਰਹੀ ਸੀ। ਇਸੇ ਦੌਰਾਨ ਆਰਮੀ ਦੀ 22 ਰਾਜਪੂਤਾਨਾ ਯੂਨਿਟ ਦੇ ਅਧਿਕਾਰੀਆਂ ਨੇ ਹਥਿਆਰਾਂ ਸਮੇਤ ਦੋ ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤੇ ਜਾਣ ਦੀ ਸੂਚਨਾ ਦਿੱਤੀ।
ਪੁਲਿਸ ਅਨੁਸਾਰ ਗ੍ਰਿਫ਼ਤਾਰ ਨੌਜਵਾਨਾਂ ਦੀ ਪਛਾਣ ਰਾਹੁਲ ਪ੍ਰੀਤ ਪੁੱਤਰ ਸੁਖਵਿੰਦਰ ਸਿੰਘ ਵਾਸੀ ਧਾਰੀਵਾਲ ਸੋਹੀਆਂ ਅਤੇ ਰਵੀ ਰਾਜਪੂਤ ਪੁੱਤਰ ਆਕਾਸ਼ ਰਾਜ ਰਾਜਪੂਤ ਵਾਸੀ ਅਬੇਪੁਰ, ਪੰਚਕੂਲਾ ਵਜੋਂ ਹੋਈ ਹੈ।
ਐੱਸ.ਐੱਚ.ਓ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਖ਼ਿਲਾਫ਼ ਆਰਮਜ਼ ਐਕਟ ਅਤੇ ਸਰਹੱਦ ਨਾਲ ਸਬੰਧਤ ਕਾਨੂੰਨੀ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਹੁਣ ਇਹ ਪਤਾ ਲਗਾਉਣ ਵਿੱਚ ਜੁਟੀ ਹੋਈ ਹੈ ਕਿ ਬਰਾਮਦ ਕੀਤੇ ਗਏ ਹਥਿਆਰ ਕਿੱਥੋਂ ਲਿਆਂਦੇ ਗਏ ਸਨ ਅਤੇ ਇਨ੍ਹਾਂ ਨੂੰ ਅੱਗੇ ਕਿਸ ਤੱਕ ਪਹੁੰਚਾਇਆ ਜਾਣਾ ਸੀ। ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ।










