Homeਦੇਸ਼ਅਸਾਮ 'ਚ ਪੁਲਿਸ ਐਨਕਾਊਂਟਰ ਦੌਰਾਨ 5 ਕਤਲਾਂ ਦਾ ਮੁਲਜ਼ਮ ਢੇਰ

ਅਸਾਮ ‘ਚ ਪੁਲਿਸ ਐਨਕਾਊਂਟਰ ਦੌਰਾਨ 5 ਕਤਲਾਂ ਦਾ ਮੁਲਜ਼ਮ ਢੇਰ

ਅਸਾਮ: ਅਸਾਮ ਦੇ ਗੁਹਾਟੀ ਵਿੱਚ ਇੱਕ ਹੋਟਲ ਅੰਦਰ ਹੋਏ ਪੰਜ ਲੋਕਾਂ ਦੇ ਕਤਲ ਦੇ ਮਾਮਲੇ ਵਿੱਚ ਵੱਡੀ ਖ਼ਬਰ ਸਾਹਮਣੇ ਆਈ ਹੈ। ਇਸ ਮਾਮਲੇ ਦੇ ਮੁੱਖ ਮੁਲਜ਼ਮ ਘਨਕਾਂਤਾ ਗੋਗੋਈ ਦੀ ਪੁਲਿਸ ਗੋਲੀਬਾਰੀ ਦੌਰਾਨ ਮੌਤ ਹੋ ਗਈ ਹੈ। ਪੁਲਿਸ ਮੁਤਾਬਕ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਮੁਲਜ਼ਮ ਨੂੰ ਇੱਕ ਹੋਰ ਮਾਮਲੇ ਵਿੱਚ ਪੁੱਛਗਿੱਛ ਲਈ ਸ਼ਿਵਸਾਗਰ ਲਿਜਾਇਆ ਜਾ ਰਿਹਾ ਸੀ। ਇਸ ਦੌਰਾਨ ਉਸ ਨੇ ਪੁਲਿਸ ਅਧਿਕਾਰੀ ਦੀ ਸਰਵਿਸ ਪਿਸਤੌਲ ਖੋਹਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਪੁਲਿਸ ਵੱਲੋਂ ਜਵਾਬੀ ਗੋਲੀਬਾਰੀ ਕੀਤੀ ਗਈ।

ਜਾਣਕਾਰੀ ਅਨੁਸਾਰ ਇਹ ਘਟਨਾ ਅਸਾਮ ਦੇ ਸ਼ਿਵਸਾਗਰ ਜ਼ਿਲ੍ਹੇ ਦੇ ਫੁਲਪਾਨੀਚੀਗਾ ਇਲਾਕੇ ਵਿੱਚ ਵਾਪਰੀ। ਪੁਲਿਸ ਸੁਪਰਡੈਂਟ ਪਾਪੋਰੀ ਚੇਤੀਆ ਨੇ ਦੱਸਿਆ ਕਿ ਘਨਕਾਂਤਾ ਗੋਗੋਈ ਨੂੰ 2024 ਵਿੱਚ ਦਰਜ ਬੈਂਕ ਧੋਖਾਧੜੀ ਦੇ ਇੱਕ ਮਾਮਲੇ ਵਿੱਚ ਪੁੱਛਗਿੱਛ ਲਈ ਗੁਹਾਟੀ ਸੈਂਟਰਲ ਜੇਲ੍ਹ ਤੋਂ ਸ਼ਿਵਸਾਗਰ ਲਿਜਾਇਆ ਜਾ ਰਿਹਾ ਸੀ।

ਰਸਤੇ ਵਿੱਚ ਮੁਲਜ਼ਮ ਨੇ ਪੁਲਿਸ ਟੀਮ ਨੂੰ ਗੱਡੀ ਰੋਕਣ ਲਈ ਕਿਹਾ। ਜਿਵੇਂ ਹੀ ਉਹ ਗੱਡੀ ਤੋਂ ਬਾਹਰ ਆਇਆ ਤਾਂ ਉਸ ਨੇ ਸਬ-ਇੰਸਪੈਕਟਰ ਦੇਬਾਸ਼ੀਸ਼ ਸ਼ਰਮਾ ਦੀ ਸਰਵਿਸ ਪਿਸਤੌਲ ਖੋਹਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁਲਿਸ ਮੁਲਾਜ਼ਮਾਂ ਅਤੇ ਮੁਲਜ਼ਮ ਵਿਚਾਲੇ ਹੱਥੋਪਾਈ ਹੋ ਗਈ।

ਪੁਲਿਸ ਅਨੁਸਾਰ ਹੱਥੋਪਾਈ ਦੌਰਾਨ ਗੋਲੀਆਂ ਚੱਲੀਆਂ, ਜਿਨ੍ਹਾਂ ਵਿੱਚੋਂ ਦੋ ਗੋਲੀਆਂ ਪੁਲਿਸ ਦੀ ਗੱਡੀ ਨੂੰ ਲੱਗੀਆਂ, ਜਦਕਿ ਇੱਕ ਗੋਲੀ ਸਬ-ਇੰਸਪੈਕਟਰ ਦੇਬਾਸ਼ੀਸ਼ ਸ਼ਰਮਾ ਦੀ ਸੱਜੀ ਲੱਤ ਵਿੱਚ ਲੱਗੀ। ਇਸ ਤੋਂ ਬਾਅਦ ਪੁਲਿਸ ਟੀਮ ਦੇ ਇੱਕ ਹੋਰ ਅਧਿਕਾਰੀ ਨੇ ਆਪਣੇ ਸਾਥੀਆਂ ਦੀ ਸੁਰੱਖਿਆ ਲਈ ਜਵਾਬੀ ਫਾਇਰਿੰਗ ਕੀਤੀ।

ਇਸ ਕਾਰਵਾਈ ਦੌਰਾਨ ਘਨਕਾਂਤਾ ਗੋਗੋਈ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਜ਼ਖਮੀ ਸਬ-ਇੰਸਪੈਕਟਰ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਐੱਸ.ਐੱਸ.ਪੀ. ਪਾਪੋਰੀ ਚੇਤੀਆ ਨੇ ਦੱਸਿਆ ਕਿ ਘਨਕਾਂਤਾ ਗੋਗੋਈ ਨਿਸ਼ਾਨੇਬਾਜ਼ੀ ਵਿੱਚ ਸਿਖਲਾਈ ਪ੍ਰਾਪਤ ਸੀ। ਉਨ੍ਹਾਂ ਮੁਤਾਬਕ ਜਿਸ ਪੁਲਿਸ ਅਧਿਕਾਰੀ ਦੀ ਪਿਸਤੌਲ ਖੋਹਣ ਦੀ ਕੋਸ਼ਿਸ਼ ਕੀਤੀ ਗਈ, ਉਹ ਬੈਂਕ ਧੋਖਾਧੜੀ ਦੇ ਮਾਮਲੇ ਵਿੱਚ ਜਾਂਚ ਅਧਿਕਾਰੀ ਵੀ ਸਨ।

ਘਟਨਾ ਤੋਂ ਬਾਅਦ ਪੁਲਿਸ ਨੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਫੋਰੈਂਸਿਕ ਟੀਮ ਵੱਲੋਂ ਸਬੂਤ ਇਕੱਠੇ ਕਰਕੇ ਜਾਂਚ ਕੀਤੀ ਜਾ ਰਹੀ ਹੈ। ਗੁਹਾਟੀ ਦੇ ਹੋਟਲ ਵਿੱਚ ਹੋਏ ਪੰਜ ਲੋਕਾਂ ਦੇ ਕਤਲ ਨਾਲ ਜੁੜੇ ਇਸ ਮਾਮਲੇ ਵਿੱਚ ਮੁੱਖ ਸ਼ੱਕੀ ਦੀ ਮੌਤ ਤੋਂ ਬਾਅਦ ਜਾਂਚ ਦਾ ਅਗਲਾ ਰੁਖ ਵੀ ਅਹਿਮ ਰਹੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments