Homeਪੰਜਾਬਲੁਧਿਆਣਾ 'ਚ ਉੱਚ ਪੱਧਰੀ ਸਮੀਖਿਆ ਮੀਟਿੰਗ, ਅਧਿਕਾਰੀਆਂ ਨੂੰ ਦਿੱਤੇ ਸਖ਼ਤ ਨਿਰਦੇਸ਼

ਲੁਧਿਆਣਾ ‘ਚ ਉੱਚ ਪੱਧਰੀ ਸਮੀਖਿਆ ਮੀਟਿੰਗ, ਅਧਿਕਾਰੀਆਂ ਨੂੰ ਦਿੱਤੇ ਸਖ਼ਤ ਨਿਰਦੇਸ਼

ਲੁਧਿਆਣਾ : ਪੰਜਾਬ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਨਿਰਪੱਖ, ਸ਼ਾਂਤੀਪੂਰਨ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਤੰਤਰ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ। ਭਾਰਤ ਦੇ ਚੋਣ ਕਮਿਸ਼ਨ (ECI) ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀ, ਲੁਧਿਆਣਾ ਦੀ ਪ੍ਰਧਾਨਗੀ ਹੇਠ ਬੱਚਤ ਭਵਨ ਦੇ ਮੀਟਿੰਗ ਹਾਲ ਵਿੱਚ ਇੱਕ ਅਹਿਮ ਸਮੀਖਿਆ ਮੀਟਿੰਗ ਕੀਤੀ ਗਈ।

ਮੀਟਿੰਗ ਵਿੱਚ ਪੁਲਿਸ ਕਮਿਸ਼ਨਰ ਲੁਧਿਆਣਾ, ਐੱਸ.ਐੱਸ.ਪੀ. ਲੁਧਿਆਣਾ (ਦਿਹਾਤੀ), ਐੱਸ.ਐੱਸ.ਪੀ. ਖੰਨਾ, ਜ਼ਿਲ੍ਹੇ ਦੇ ਸਾਰੇ 14 ਰਿਟਰਨਿੰਗ ਅਫ਼ਸਰ (ROs), 292 ਸੈਕਟਰ ਅਫ਼ਸਰ ਅਤੇ ਸਾਰੇ ਹਲਕਿਆਂ ਦੇ ਡੀ.ਐੱਸ.ਪੀ. (DSPs) ਸਮੇਤ ਸਿਵਲ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੇ ਹਿੱਸਾ ਲਿਆ।

ਮੀਟਿੰਗ ਦਾ ਮੁੱਖ ਕੇਂਦਰ ਜ਼ਿਲ੍ਹੇ ਦੇ ਸੰਵੇਦਨਸ਼ੀਲ ਅਤੇ ਅਤਿ-ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦੀ ਮੈਪਿੰਗ ਕਰਨਾ ਰਿਹਾ। ਜ਼ਿਲ੍ਹਾ ਚੋਣ ਅਧਿਕਾਰੀ ਨੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੂੰ ਸਾਂਝੇ ਤੌਰ ‘ਤੇ ਫੀਲਡ ਵਿੱਚ ਜਾ ਕੇ ਅਜਿਹੇ ਇਲਾਕਿਆਂ ਦੀ ਪਛਾਣ ਕਰਨ ਦੇ ਨਿਰਦੇਸ਼ ਦਿੱਤੇ, ਜਿੱਥੇ ਵੋਟਰਾਂ ਨੂੰ ਡਰਾਉਣ-ਧਮਕਾਉਣ, ਲਾਲਚ ਦੇਣ ਜਾਂ ਕਾਨੂੰਨ ਵਿਵਸਥਾ ਵਿਗੜਨ ਦੀ ਸੰਭਾਵਨਾ ਹੋਵੇ। ਅਧਿਕਾਰੀਆਂ ਨੂੰ ਸਪੱਸ਼ਟ ਹੁਕਮ ਦਿੱਤੇ ਗਏ ਕਿ ਜ਼ਮੀਨੀ ਹਕੀਕਤ ਦਾ ਜਾਇਜ਼ਾ ਲੈ ਕੇ ਤੁਰੰਤ ਸੁਰੱਖਿਆ ਦਾ ਪੁਖ਼ਤਾ ਪ੍ਰਬੰਧ ਕੀਤਾ ਜਾਵੇ, ਤਾਂ ਜੋ ਹਰ ਵੋਟਰ ਬਿਨਾਂ ਕਿਸੇ ਡਰ ਦੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕੇ।

ਖਰਚੇ ਦੇ ਲਿਹਾਜ਼ ਨਾਲ ਸੰਵੇਦਨਸ਼ੀਲ ਹਲਕਿਆਂ ਅਤੇ ਇਲਾਕਿਆਂ (ESCs ਅਤੇ ESPs) ‘ਤੇ ਸਖ਼ਤ ਨਿਗਰਾਨੀ

ਚੋਣਾਂ ਦੌਰਾਨ ਧਨ-ਬਲ, ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਦੀ ਗੈਰ-ਕਾਨੂੰਨੀ ਵਰਤੋਂ ‘ਤੇ ਰੋਕ ਲਗਾਉਣ ਲਈ ਐਕਸਪੈਂਡੀਚਰ ਸੈਂਸਟਿਵ ਕਾਂਸਟੀਚੂਐਂਸੀਜ਼ (ESCs) ਅਤੇ ਐਕਸਪੈਂਡੀਚਰ ਸੈਂਸਟਿਵ ਪਾਕੇਟਸ (ESPs) ਦੀ ਸਮੀਖਿਆ ਕੀਤੀ ਗਈ।

ਜ਼ਿਲ੍ਹਾ ਚੋਣ ਅਧਿਕਾਰੀ ਨੇ ਨਿਰਦੇਸ਼ ਦਿੱਤੇ ਕਿ ਜਿਨ੍ਹਾਂ ਹਲਕਿਆਂ ਜਾਂ ਇਲਾਕਿਆਂ ਵਿੱਚ ਪਹਿਲਾਂ ਵੱਡੀ ਮਾਤਰਾ ਵਿੱਚ ਨਕਦੀ ਜਾਂ ਹੋਰ ਲਾਲਚ ਵੰਡਣ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ, ਉੱਥੇ ਫਲਾਇੰਗ ਸਕੁਐਡ (FST) ਅਤੇ ਸਟੈਟਿਕ ਸਰਵੇਲੈਂਸ ਟੀਮਾਂ (SST) ਦੀ ਤਾਇਨਾਤੀ ਵਧਾਈ ਜਾਵੇ। ਇਸ ਦੇ ਨਾਲ ਹੀ ਅੰਤਰ-ਜ਼ਿਲ੍ਹਾ ਸਰਹੱਦਾਂ ਅਤੇ ਪ੍ਰਮੁੱਖ ਮਾਰਗਾਂ ‘ਤੇ ਨਾਕਾਬੰਦੀ ਕਰਕੇ 24 ਘੰਟੇ ਨਿਗਰਾਨੀ ਰੱਖਣ ਲਈ ਕਿਹਾ ਗਿਆ।

ਮਾਸਟਰ ਟ੍ਰੇਨਰ ਨੇ ਅਧਿਕਾਰੀਆਂ ਨੂੰ ਦਿੱਤੀ ਤਕਨੀਕੀ ਸਿਖਲਾਈ

ਮੀਟਿੰਗ ਦੌਰਾਨ ਡਿਸਟ੍ਰਿਕਟ ਲੈਵਲ ਮਾਸਟਰ ਟ੍ਰੇਨਰ (DLMT) ਬ੍ਰਿਜ ਮੋਹਨ ਭਾਰਦਵਾਜ ਨੇ ਹਾਜ਼ਰ ਅਧਿਕਾਰੀਆਂ ਨੂੰ ਪੋਲਿੰਗ ਸਟੇਸ਼ਨਾਂ ਦੀ ‘ਵਲਨਰੇਬਿਲਟੀ ਅਤੇ ਕ੍ਰਿਟੀਕਲ ਮੈਪਿੰਗ’ ਦੀ ਪ੍ਰਕਿਰਿਆ, ਮਾਪਦੰਡਾਂ ਅਤੇ ਚੋਣ ਕਮਿਸ਼ਨ ਦੇ ਨਿਯਮਾਂ ਦੇ ਤਕਨੀਕੀ ਪਹਿਲੂਆਂ ਬਾਰੇ ਵਿਸਥਾਰ ਨਾਲ ਸਿਖਲਾਈ ਦਿੱਤੀ।

ਉਨ੍ਹਾਂ ਦੱਸਿਆ ਕਿ ਕਿਸ ਆਧਾਰ ‘ਤੇ ਕਿਸੇ ਬੂਥ ਨੂੰ ਕ੍ਰਿਟੀਕਲ ਐਲਾਨਿਆ ਜਾਂਦਾ ਹੈ ਅਤੇ ਉੱਥੇ ਵੀਡੀਓਗ੍ਰਾਫੀ, ਵੈਬਕਾਸਟਿੰਗ ਅਤੇ ਮਾਈਕ੍ਰੋ-ਆਬਜ਼ਰਵਰ ਦੀ ਤਾਇਨਾਤੀ ਸਬੰਧੀ ਕੀ ਨਿਯਮ ਹਨ।

ਚੋਣ ਕਮਿਸ਼ਨ ਦੇ ਨਿਯਮਾਂ ਦੀ ਅੱਖਰ-ਅੱਖਰ ਪਾਲਣਾ ਯਕੀਨੀ ਬਣਾਉਣ ਦੇ ਹੁਕਮ

ਜ਼ਿਲ੍ਹਾ ਚੋਣ ਅਧਿਕਾਰੀ ਨੇ ਮੀਟਿੰਗ ਵਿੱਚ ਮੌਜੂਦ ਸਾਰੇ ਅਧਿਕਾਰੀਆਂ ਨੂੰ ਸਪੱਸ਼ਟ ਹਦਾਇਤ ਦਿੱਤੀ ਕਿ ਭਾਰਤ ਦੇ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਆਪਸੀ ਤਾਲਮੇਲ ਨਾਲ ਕੰਮ ਕਰਨ, ਤਾਂ ਜੋ ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ, ਨਿਰਪੱਖ ਅਤੇ ਡਰ-ਮੁਕਤ ਮਾਹੌਲ ਵਿੱਚ ਨੇਪਰੇ ਚਾੜ੍ਹੀ ਜਾ ਸਕੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments