ਵਾਸ਼ਿੰਗਟਨ: ਅਮਰੀਕਾ ਦੇ ਫਲੋਰੀਡਾ ਸੂਬੇ ਵਿੱਚ ਐਤਵਾਰ ਨੂੰ ਇੱਕ ਦਰਦਨਾਕ ਜਹਾਜ਼ ਹਾਦਸਾ ਵਾਪਰਿਆ। ਪਾਮ ਬੀਚ ਕਾਉਂਟੀ ਦੇ ਗ੍ਰੀਨਏਕਰਜ਼ ਇਲਾਕੇ ਵਿੱਚ 9 ਲੋਕਾਂ ਨੂੰ ਲੈ ਕੇ ਜਾ ਰਿਹਾ ਇੱਕ ਪ੍ਰਾਈਵੇਟ ਜੈੱਟ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਸੜਕ ਦੇ ਨੇੜੇ ਡਿੱਗਣ ਤੋਂ ਬਾਅਦ ਅੱਗ ਦੇ ਭਿਆਨਕ ਗੋਲੇ ਵਿੱਚ ਬਦਲ ਗਿਆ। ਇਸ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ ਸਾਰੇ 9 ਲੋਕਾਂ ਦੀ ਮੌਤ ਹੋ ਗਈ।
ਅਧਿਕਾਰੀਆਂ ਮੁਤਾਬਕ, ਇਹ ਹਾਦਸਾ ਐਤਵਾਰ ਦੁਪਹਿਰ ਕਰੀਬ 12:50 ਵਜੇ ਵਾਪਰਿਆ। ਹਾਦਸੇ ਦਾ ਸ਼ਿਕਾਰ ਹੋਇਆ ਜਹਾਜ਼ ‘ਲੀਅਰਜੈੱਟ 60’ ਸੀ, ਜੋ ਰਿਹਾਇਸ਼ੀ ਇਲਾਕੇ ਦੇ ਨੇੜੇ ਮਿਲਟਰੀ ਟ੍ਰੇਲ ਸੜਕ ‘ਤੇ ਡਿੱਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮੌਕੇ ‘ਤੇ ਅੱਗ ਦੀਆਂ ਉੱਚੀਆਂ ਲਪਟਾਂ ਉੱਠਣ ਲੱਗੀਆਂ ਅਤੇ ਆਲੇ-ਦੁਆਲੇ ਕਾਲੇ ਧੂੰਏਂ ਦਾ ਗੁਬਾਰ ਫੈਲ ਗਿਆ।
ਟੈਕਸਾਸ ਤੋਂ ਬਹਾਮਾਸ ਜਾ ਰਿਹਾ ਸੀ ਪ੍ਰਾਈਵੇਟ ਜੈੱਟ
ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਜਹਾਜ਼ ਨੇ ਟੈਕਸਾਸ ਦੇ ਆਸਟਿਨ-ਬਰਗਸਟ੍ਰੋਮ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਇਸ ਨੇ ਬਹਾਮਾਸ ਦੇ ਨਾਰਥ ਐਲਿਊਥਰਾ ਹਵਾਈ ਅੱਡੇ ਵੱਲ ਜਾਣਾ ਸੀ, ਪਰ ਮੰਜ਼ਿਲ ‘ਤੇ ਪਹੁੰਚਣ ਤੋਂ ਪਹਿਲਾਂ ਹੀ ਇਹ ਹਾਦਸੇ ਦਾ ਸ਼ਿਕਾਰ ਹੋ ਗਿਆ।
ਹਾਦਸੇ ਤੋਂ ਬਾਅਦ ਸਾਹਮਣੇ ਆਈਆਂ ਵੀਡੀਓਜ਼ ਵਿੱਚ ਜਹਾਜ਼ ਨੂੰ ਤੇਜ਼ੀ ਨਾਲ ਹੇਠਾਂ ਡਿੱਗਦੇ ਅਤੇ ਜ਼ਮੀਨ ਨਾਲ ਟਕਰਾਉਣ ਤੋਂ ਬਾਅਦ ਅੱਗ ਦੀਆਂ ਲਪਟਾਂ ਵਿੱਚ ਘਿਰਦੇ ਦੇਖਿਆ ਜਾ ਸਕਦਾ ਹੈ। ਘਟਨਾ ਵਾਲੀ ਥਾਂ ‘ਤੇ ਸੜਕ ‘ਤੇ ਵੱਡਾ ਟੋਆ ਪੈ ਗਿਆ ਅਤੇ ਮਲਬਾ ਦੂਰ-ਦੂਰ ਤੱਕ ਖਿੱਲਰ ਗਿਆ।
ਕਰੀਬ 600 ਲੋਕਾਂ ਨੂੰ ਇਲਾਕੇ ‘ਚੋਂ ਕੱਢਿਆ ਗਿਆ
ਹਾਦਸਾ ਰਿਹਾਇਸ਼ੀ ਇਲਾਕੇ ਦੇ ਨੇੜੇ ਵਾਪਰਨ ਕਾਰਨ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਵੱਡੀ ਕਾਰਵਾਈ ਕੀਤੀ ਗਈ। ਨੇੜਲੇ ਮੋਬਾਈਲ ਹੋਮ ਕਮਿਊਨਿਟੀ ਵਿੱਚ ਰਹਿਣ ਵਾਲੇ ਕਰੀਬ 600 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ ਗਿਆ।
ਇਸ ਤੋਂ ਇਲਾਵਾ ਮਿਲਟਰੀ ਟ੍ਰੇਲ ਸੜਕ ਦੇ ਦੋਵੇਂ ਪਾਸਿਆਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ। ਰਾਹਤ ਅਤੇ ਬਚਾਅ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ। ਸ਼ੁਰੂਆਤੀ ਜਾਣਕਾਰੀ ਮੁਤਾਬਕ ਜ਼ਮੀਨ ‘ਤੇ ਮੌਜੂਦ ਕਿਸੇ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਰਿਪੋਰਟ ਨਹੀਂ ਸੀ।
ਟਰਾਂਸਪੋਰਟ ਸਕੱਤਰ ਨੇ ਜਤਾਇਆ ਦੁੱਖ, ਜਾਂਚ ਸ਼ੁਰੂ
ਅਮਰੀਕਾ ਦੇ ਟਰਾਂਸਪੋਰਟੇਸ਼ਨ ਸਕੱਤਰ ਸੀਨ ਡਫੀ ਨੇ ਇਸ ਹਾਦਸੇ ਨੂੰ ਬੇਹੱਦ ਦੁਖਦਾਈ ਕਰਾਰ ਦਿੱਤਾ। ਉਨ੍ਹਾਂ ਨੇ ਜਹਾਜ਼ ਵਿੱਚ ਸਵਾਰ ਸਾਰੇ 9 ਲੋਕਾਂ ਦੀ ਮੌਤ ਦੀ ਪੁਸ਼ਟੀ ਕਰਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ।
ਉਨ੍ਹਾਂ ਦੱਸਿਆ ਕਿ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ (NTSB) ਅਤੇ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਦੀਆਂ ਟੀਮਾਂ ਨੂੰ ਜਾਂਚ ਲਈ ਭੇਜਿਆ ਗਿਆ ਹੈ। ਹਾਦਸੇ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਜਾਂਚ ਏਜੰਸੀਆਂ ਵੱਲੋਂ ਜਹਾਜ਼ ਦੇ ਉਡਾਣ ਦੌਰਾਨ ਹਾਲਾਤ ਅਤੇ ਹਾਦਸੇ ਨਾਲ ਜੁੜੇ ਹੋਰ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।










