ਕੋਲਕਾਤਾ: ਪ੍ਰਸਿੱਧ ਚਿੱਤਰਕਾਰ ਜੋਗੇਨ ਚੌਧਰੀ ਦਾ ਅੱਜ , ਐਤਵਾਰ ਸਵੇਰੇ ਕੋਲਕਾਤਾ ਦੇ ਇੱਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ ਇੱਕ ਦੁਰਲੱਭ ਬਲੱਡ ਕੈਂਸਰ ਨਾਲ ਜੂਝ ਰਹੇ ਸਨ। ਟੀ.ਐਮ.ਸੀ. ਦੇ ਸਾਬਕਾ ਸੰਸਦ ਮੈਂਬਰ ਰਹੇ ਜੋਗੇਨ ਚੌਧਰੀ 87 ਸਾਲ ਦੇ ਸਨ।
ਰੂਬੀ ਜਨਰਲ ਹਸਪਤਾਲ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਉਹ ਪਿਛਲੇ 14 ਮਹੀਨਿਆਂ ਤੋਂ ‘ਮਾਇਲੋਪ੍ਰੋਲਿਫਰੇਟਿਵ ਨਿਓਪਲਾਜ਼ਮ’ (myeloproliferative neoplasm) ਨਾਮਕ ਇੱਕ ਦੁਰਲੱਭ ਬਲੱਡ ਕੈਂਸਰ ਤੋਂ ਪੀੜਤ ਸਨ ਅਤੇ ਉਨ੍ਹਾਂ ਦੀ ਕੀਮੋਥੈਰੇਪੀ ਚੱਲ ਰਹੀ ਸੀ। ਹਸਪਤਾਲ ਅਨੁਸਾਰ, ਬਿਮਾਰ ਹੋਣ ਤੋਂ ਬਾਅਦ ਉਨ੍ਹਾਂ ਨੂੰ 16 ਅਕਤੂਬਰ ਨੂੰ ਦੱਖਣ-ਪੂਰਬੀ ਕੋਲਕਾਤਾ ਦੇ ਇਸ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਨੇ ਸਵੇਰੇ 10:15 ਵਜੇ ਆਖਰੀ ਸਾਹ ਲਿਆ।
ਬਿਆਨ ਵਿੱਚ ਕਿਹਾ ਗਿਆ, “ਸਾਨੂੰ ਬੇਹੱਦ ਦੁੱਖ ਨਾਲ ਸੂਚਿਤ ਕਰਨਾ ਪੈ ਰਿਹਾ ਹੈ ਕਿ ਪ੍ਰਸਿੱਧ ਭਾਰਤੀ ਚਿੱਤਰਕਾਰ ਜੋਗੇਨ ਚੌਧਰੀ ਦਾ ਦੇਹਾਂਤ ਹੋ ਗਿਆ ਹੈ।” ਇਸ ਵਿੱਚ ਇਹ ਵੀ ਦੱਸਿਆ ਗਿਆ ਕਿ ਬਿਮਾਰੀ ਦੌਰਾਨ ਉਨ੍ਹਾਂ ਨੂੰ ਪਿਸ਼ਾਬ ਨਾਲੀ ਦੀ ਲਾਗ (ਯੂਰੀਨਰੀ ਟ੍ਰੈਕਟ ਇਨਫੈਕਸ਼ਨ) ਕਾਰਨ ਵੀ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ ਸੀ।










