Homeਸੰਸਾਰਈਰਾਨ ’ਤੇ ਮੁੜ ਹਮਲੇ ਦੀ ਤਿਆਰੀ? ਟਰੰਪ ਦੇ ਬਿਆਨ ਨਾਲ ਵਧਿਆ ਤਣਾਅ

ਈਰਾਨ ’ਤੇ ਮੁੜ ਹਮਲੇ ਦੀ ਤਿਆਰੀ? ਟਰੰਪ ਦੇ ਬਿਆਨ ਨਾਲ ਵਧਿਆ ਤਣਾਅ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਖ਼ਿਲਾਫ਼ ਮੁੜ ਫੌਜੀ ਕਾਰਵਾਈ ਕਰਨ ਦੀ ਸੰਭਾਵਨਾ ਜਤਾਈ ਹੈ। ਫਲੋਰੀਡਾ ਵਿੱਚ ਇੱਕ ਰੈਲੀ ਦੌਰਾਨ ਉਨ੍ਹਾਂ ਕਿਹਾ ਕਿ ਅਮਰੀਕਾ ਇੱਕ ਹੋਰ ਛੋਟਾ ‘ਆਪ੍ਰੇਸ਼ਨ ਏਪਿਕ ਫਿਊਰੀ’ ਚਲਾ ਸਕਦਾ ਹੈ। ਹਾਲਾਂਕਿ, ਉਨ੍ਹਾਂ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਨਵੀਂ ਕਾਰਵਾਈ ਕਦੋਂ ਕੀਤੀ ਜਾ ਸਕਦੀ ਹੈ ਜਾਂ ਇਸ ਦਾ ਰੂਪ ਕੀ ਹੋਵੇਗਾ।

ਦੱਸਿਆ ਗਿਆ ਹੈ ਕਿ ਅਮਰੀਕੀ ਫੌਜ ਨੇ 28 ਫਰਵਰੀ ਨੂੰ ਈਰਾਨ ਵਿਰੁੱਧ ਸ਼ੁਰੂ ਕੀਤੀ ਜੰਗ ਨੂੰ ‘ਏਪਿਕ ਫਿਊਰੀ’ ਦਾ ਨਾਂ ਦਿੱਤਾ ਸੀ। ਇਸ ਦੌਰਾਨ ਈਰਾਨ ਨੇ ਵੀ ਚਿਤਾਵਨੀ ਦਿੱਤੀ ਹੈ ਕਿ ਜੇ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਮੁੜ ਹਮਲਾ ਕੀਤਾ ਗਿਆ ਤਾਂ ਉਹ ਖਾੜੀ ਖੇਤਰ ਵਿੱਚ ਸਮੁੰਦਰ ਹੇਠਾਂ ਵਿਛੀਆਂ ਇੰਟਰਨੈੱਟ ਕੇਬਲਾਂ ਨੂੰ ਨਿਸ਼ਾਨਾ ਬਣਾ ਸਕਦਾ ਹੈ। ਅਜਿਹਾ ਹੋਣ ਨਾਲ ਇੰਟਰਨੈੱਟ ਸੇਵਾਵਾਂ, ਬੈਂਕਿੰਗ ਅਤੇ ਆਨਲਾਈਨ ਕਾਰੋਬਾਰ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ।

ਟਰੰਪ ਨੇ ਹੋਰਮੁਜ਼ ਜਲਡਮਰੂ ਰਾਹੀਂ ਤੇਲ ਦੀ ਆਵਾਜਾਈ ਦਾ ਜ਼ਿਕਰ ਕਰਦਿਆਂ ਕਿਹਾ ਕਿ ਤੇਲ ਦੀ ਸਪਲਾਈ ਜਾਰੀ ਹੈ ਅਤੇ ਅਮਰੀਕਾ ਨੂੰ ਉਹ ਮਿਲ ਰਿਹਾ ਹੈ ਜੋ ਉਹ ਚਾਹੁੰਦਾ ਹੈ। ਜੰਗ ਖ਼ਤਮ ਕਰਨ ਦੀ ਸਮਾਂ-ਸੀਮਾ ਬਾਰੇ ਟਰੰਪ ਪਹਿਲਾਂ ਵੀ ਵੱਖ-ਵੱਖ ਬਿਆਨ ਦੇ ਚੁੱਕੇ ਹਨ। ਅਕਤੂਬਰ ਦੀ ਸ਼ੁਰੂਆਤ ਵਿੱਚ ਉਨ੍ਹਾਂ ਕਿਹਾ ਸੀ ਕਿ 3 ਨਵੰਬਰ ਨੂੰ ਹੋਣ ਵਾਲੀਆਂ ਮੱਧਕਾਲੀ ਚੋਣਾਂ ਤੋਂ ਪਹਿਲਾਂ ਅਮਰੀਕਾ ਈਰਾਨ ’ਤੇ ਹਮਲਾ ਨਹੀਂ ਕਰੇਗਾ।

250 ਫ਼ੀਸਦੀ ਟੈਰਿਫ ਦੀ ਚਿਤਾਵਨੀ ਦੇ ਕੇ ਭਾਰਤ-ਪਾਕਿਸਤਾਨ ਵਿਚਾਲੇ ਜੰਗ ਰੁਕਵਾਉਣ ਦਾ ਦਾਅਵਾ

ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਫੌਜੀ ਟਕਰਾਅ ਰੁਕਵਾਉਣ ਲਈ ਦੋਵਾਂ ਦੇਸ਼ਾਂ ਨੂੰ 250 ਫ਼ੀਸਦੀ ਟੈਰਿਫ ਲਗਾਉਣ ਦੀ ਚਿਤਾਵਨੀ ਦਿੱਤੀ ਸੀ। ਉਨ੍ਹਾਂ ਮੁਤਾਬਕ, ਦੋਵਾਂ ਦੇਸ਼ਾਂ ਨੂੰ ਕਿਹਾ ਗਿਆ ਸੀ ਕਿ ਜੇ ਲੜਾਈ ਜਾਰੀ ਰਹੀ ਤਾਂ ਅਮਰੀਕਾ ਉਨ੍ਹਾਂ ਨਾਲ ਵਪਾਰ ਬੰਦ ਕਰ ਸਕਦਾ ਹੈ।

ਟਰੰਪ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਪ੍ਰਮਾਣੂ ਹਥਿਆਰਾਂ ਵਾਲੇ ਦੇਸ਼ ਹਨ ਅਤੇ ਉਨ੍ਹਾਂ ਵਿਚਾਲੇ ਟਕਰਾਅ ਰੁਕਵਾਉਣਾ ਮਹੱਤਵਪੂਰਨ ਸੀ। ਉਨ੍ਹਾਂ ਦਾਅਵਾ ਕੀਤਾ ਕਿ ਟੈਰਿਫ ਦੀ ਚਿਤਾਵਨੀ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਗੋਲੀਬਾਰੀ ਬੰਦ ਕਰ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਸੰਘਰਸ਼ ਦੌਰਾਨ 11 ਜਹਾਜ਼ ਡੇਗੇ ਗਏ ਸਨ ਅਤੇ ਉਨ੍ਹਾਂ ਨੇ ਜੰਗ ਰੁਕਵਾਉਣ ਵਿੱਚ ਭੂਮਿਕਾ ਨਿਭਾਈ।

ਭਾਰਤ ਤੀਜੀ ਧਿਰ ਦੀ ਵਿਚੋਲਗੀ ਦੇ ਦਾਅਵੇ ਨੂੰ ਕਰ ਚੁੱਕਾ ਹੈ ਖਾਰਜ

ਭਾਰਤ ਵੱਲੋਂ ਟਰੰਪ ਦੇ ਇਨ੍ਹਾਂ ਦਾਅਵਿਆਂ ਨੂੰ ਪਹਿਲਾਂ ਵੀ ਨਕਾਰਿਆ ਜਾ ਚੁੱਕਾ ਹੈ। ਭਾਰਤ ਦਾ ਕਹਿਣਾ ਰਿਹਾ ਹੈ ਕਿ ‘ਆਪ੍ਰੇਸ਼ਨ ਸਿੰਧੂਰ’ ਦੌਰਾਨ ਫੌਜੀ ਕਾਰਵਾਈ ਰੋਕਣ ਬਾਰੇ ਸਹਿਮਤੀ ਪਾਕਿਸਤਾਨ ਦੇ ਫੌਜੀ ਅਭਿਆਨ ਡਾਇਰੈਕਟਰ ਜਨਰਲ ਵੱਲੋਂ ਸੰਪਰਕ ਕੀਤੇ ਜਾਣ ਅਤੇ ਕਾਰਵਾਈ ਰੋਕਣ ਦੀ ਮੰਗ ਤੋਂ ਬਾਅਦ ਬਣੀ ਸੀ।

ਭਾਰਤ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਜੰਗਬੰਦੀ ਕਰਵਾਉਣ ਵਿੱਚ ਕਿਸੇ ਤੀਜੇ ਦੇਸ਼ ਦੀ ਵਿਚੋਲਗੀ ਨਹੀਂ ਸੀ। ਇਸ ਤੋਂ ਇਲਾਵਾ, ਫੌਜੀ ਟਕਰਾਅ ਦੌਰਾਨ 11 ਜਹਾਜ਼ ਡੇਗੇ ਜਾਣ ਸਬੰਧੀ ਟਰੰਪ ਦੇ ਦਾਅਵੇ ਨੂੰ ਵੀ ਭਾਰਤ ਵੱਲੋਂ ਖਾਰਜ ਕੀਤਾ ਗਿਆ ਹੈ।

ਫਰਾਂਸ ਅਤੇ ਤੁਰਕੀ ਨੇ ਨਵੇਂ ਹਮਲੇ ਤੋਂ ਬਚਣ ਦੀ ਅਪੀਲ ਕੀਤੀ

ਈਰਾਨ ਵਿਰੁੱਧ ਮੁੜ ਫੌਜੀ ਕਾਰਵਾਈ ਦੀ ਸੰਭਾਵਨਾ ਦਰਮਿਆਨ ਫਰਾਂਸ ਅਤੇ ਤੁਰਕੀ ਨੇ ਤਣਾਅ ਵਧਣ ਬਾਰੇ ਚਿੰਤਾ ਪ੍ਰਗਟਾਈ ਹੈ। ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਚਿਤਾਵਨੀ ਦਿੱਤੀ ਕਿ ਨਵਾਂ ਹਮਲਾ ਖੇਤਰੀ ਸੰਘਰਸ਼ ਨੂੰ ਹੋਰ ਫੈਲਾ ਸਕਦਾ ਹੈ ਅਤੇ ਇਸ ਦੇ ਆਰਥਿਕ ਨਤੀਜੇ ਵੀ ਗੰਭੀਰ ਹੋ ਸਕਦੇ ਹਨ।

ਤੁਰਕੀ ਦੇ ਵਿਦੇਸ਼ ਮੰਤਰੀ ਹਾਕਾਨ ਫਿਦਾਨ ਨੇ ਕਿਹਾ ਕਿ ਈਰਾਨ ’ਤੇ ਮੁੜ ਹਮਲਾ ਕਰਨ ਨਾਲ ਤਣਾਅ ਵਧੇਗਾ ਅਤੇ ਹੋਰ ਦੇਸ਼ ਵੀ ਸੰਘਰਸ਼ ਦੀ ਲਪੇਟ ਵਿੱਚ ਆ ਸਕਦੇ ਹਨ। ਉਨ੍ਹਾਂ ਮੁਤਾਬਕ, ਮਸਲੇ ਦਾ ਹੱਲ ਗੱਲਬਾਤ ਅਤੇ ਕੂਟਨੀਤੀ ਰਾਹੀਂ ਹੀ ਕੱਢਿਆ ਜਾਣਾ ਚਾਹੀਦਾ ਹੈ।

ਫਰਾਂਸ ਦੇ ਵਿਦੇਸ਼ ਮੰਤਰੀ ਜ਼ਿਆਂ-ਨੋਏਲ ਬਾਰੋ ਨੇ ਵੀ ਸਾਰੀਆਂ ਧਿਰਾਂ ਨੂੰ ਤਣਾਅ ਵਧਾਉਣ ਵਾਲੇ ਕਦਮਾਂ ਤੋਂ ਬਚਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਈਰਾਨ ਵਿਚਾਲੇ ਟਕਰਾਅ ਵਧਣ ਨਾਲ ਤੇਲ ਅਤੇ ਗੈਸ ਦੀਆਂ ਕੀਮਤਾਂ ’ਤੇ ਗੰਭੀਰ ਅਸਰ ਪੈ ਸਕਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments