ਢਾਕਾ: ਬੰਗਲਾਦੇਸ਼ ਦੇ ਦੱਖਣ-ਪੂਰਬੀ ਜ਼ਿਲ੍ਹੇ ਕਾਕਸ ਬਾਜ਼ਾਰ ਵਿੱਚ ਅੱਜ ਇੱਕ ਬੀਚ ਰਿਜ਼ੋਰਟ ਵਿੱਚ ਅੱਗ ਲੱਗਣ ਕਾਰਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਖੀਆ ਥਾਣਾ ਇੰਚਾਰਜ ਮੁਹੰਮਦ ਅਤੀਕੁਰ ਰਹਿਮਾਨ ਮਜੂਮਦਾਰ ਦੇ ਮੁਤਾਬਕ, ਕੋਕਸ ਬਾਜ਼ਾਰ ਦੇ ਇਨਾਨੀ ਸਥਿਤ ਟੂਪਅੱਪ ਰੈਸਟੋ ਐਂਡ ਰਿਜ਼ੋਰਟ ‘ਚ ਸਵੇਰੇ ਕਰੀਬ 6.30 ਵਜੇ ਅੱਗ ਲੱਗੀ।
ਫਾਇਰ ਸਰਵਿਸ ਦੇ ਬੁਲਾਰੇ ਤਲਹਾ ਬਿਨ ਜਾਸਿਮ ਨੇ ਦੱਸਿਆ ਕਿ ਰਿਜ਼ੋਰਟ ‘ਚ ਅੱਗ ਲੱਗਣ ਕਾਰਨ 10 ਲੋਕਾਂ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖਮੀ ਹੋ ਗਏ। ਨੌਂ ਜ਼ਖ਼ਮੀਆਂ ਨੂੰ ਕਾਕਸ ਬਾਜ਼ਾਰ ਸਦਰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਕਾਕਸ ਬਾਜ਼ਾਰ ਸਦਰ ਹਸਪਤਾਲ ਦੇ ਰੈਜ਼ੀਡੈਂਟ ਮੈਡੀਕਲ ਅਫਸਰ ਸਬੁਕਤਾਗਿਨ ਮਹਿਮੂਦ ਸੋਹੇਲ ਨੇ ਦੱਸਿਆ ਕਿ ਜ਼ਖਮੀਆਂ ‘ਚੋਂ 5 ਜਣਿਆਂ ਨੂੰ ਸੱਟਾਂ ਲੱਗੀਆਂ ਹਨ। “ਹੋਰ ਲੋਕ ਡਿੱਗਣ ਵਿੱਚ ਜ਼ਖਮੀ ਹੋਏ ਸਨ ਅਤੇ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ,” ਝੁਲਸਣ ਵਾਲੇ ਸਾਰੇ ਪੰਜ ਮਰੀਜ਼ਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਕਾਕਸ ਬਾਜ਼ਾਰ ਫਾਇਰ ਸਰਵਿਸ ਦੇ ਡਿਪਟੀ ਅਸਿਸਟੈਂਟ ਡਾਇਰੈਕਟਰ ਸਈਅਦ ਮੁਹੰਮਦ ਮੁਰਸ਼ਦ ਹੁਸੈਨ ਨੇ ਦੱਸਿਆ ਕਿ ਅੱਗ ਨਾਲ ਪੂਰਾ ਢਾਂਚਾ ਸੜ ਕੇ ਸੁਆਹ ਹੋ ਗਿਆ। ਕਾਕਸ ਬਾਜ਼ਾਰ ਦੇ ਡਿਪਟੀ ਕਮਿਸ਼ਨਰ ਏ ਮੰਨਨ ਨੇ ਕਿਹਾ ਕਿ ਹੁਣ ਤੱਕ ਛੇ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਲਾਸ਼ਾਂ ਵਾਰਸਾਂ ਨੂੰ ਸੌਂਪਣ ਤੋਂ ਪਹਿਲਾਂ ਡੀ.ਐਨ.ਏ. ਸੈਂਪਲ ਲਏ ਜਾਣਗੇ। ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਮੰਨਨ ਨੇ ਕਿਹਾ ਕਿ ਫਾਇਰ ਸਰਵਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਰਸੋਈ ਤੋਂ ਅੱਗ ਲੱਗਣ ਦੀ ਸੰਭਾਵਨਾ ਹੈ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਜਾਂਚ ਤੋਂ ਬਾਅਦ ਹੀ ਲੱਗੇਗਾ।










