ਜੈਪੁਰ: ਰਾਜਸਥਾਨ ਦੇ ਭ੍ਰਿਸ਼ਟਾਚਾਰ ਰੋਕੂ ਬਿਊਰੋ (ਏ.ਸੀ.ਬੀ.) ਨੇ ਅੱਜ ਬਾਂਸਵਾੜਾ ਵਿੱਚ ਅਦਾਲਤਾਂ ਨਾਲ ਜੁੜੇ ਇੱਕ ਗ੍ਰੇਡ-1 ਕਲਰਕ (ਰੀਡਰ) ਅਤੇ ਇੱਕ ਹੋਮ ਗਾਰਡ ਡਰਾਈਵਰ ਨੂੰ 40,000 ਰੁਪਏ ਦੀ ਰਿਸ਼ਵਤ ਦੇ ਮਾਮਲੇ ਵਿੱਚ ਕਥਿਤ ਸ਼ਮੂਲੀਅਤ ਲਈ ਗ੍ਰਿਫ਼ਤਾਰ ਕੀਤਾ ਹੈ। ਏ.ਸੀ.ਬੀ. ਦੇ ਬਿਆਨ ਅਨੁਸਾਰ, ਬਿਊਰੋ ਦੀ ਬਾਂਸਵਾੜਾ ਯੂਨਿਟ ਨੇ ਵਧੀਕ ਜੁਡੀਸ਼ੀਅਲ ਮੈਜਿਸਟਰੇਟ ਨਾਲ ਜੁੜੇ ਹੋਮ ਗਾਰਡ ਡਰਾਈਵਰ ਰਾਹੁਲ ਚੰਦੇਲ ਨੂੰ ਸ਼ਿਕਾਇਤਕਰਤਾ ਅਤੇ ਸਹਿ ਸ਼ਿਕਾਇਤਕਰਤਾ ਤੋਂ 40,000 ਰੁਪਏ ਲੈਂਦੇ ਹੋਏ ਰੰਗੇ ਹੱਥੀਂ ਫੜ ਲਿਆ। ਉਹ ਇਹ ਰਕਮ ਮੁੱਖ ਮੁਲਜ਼ਮ ਸੰਦੀਪ ਕੁਮਾਰ ਨਾਨਾਵਤੀ ਦੀ ਤਰਫ਼ੋਂ ਲੈ ਰਿਹਾ ਸੀ, ਜੋ ਬਾਂਸਵਾੜਾ ਵਿੱਚ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦਾ ਗ੍ਰੇਡ-1 ਕਲਰਕ ਅਤੇ ਰੀਡਰ ਹੈ। ਨਾਨਾਵਤੀ ਨੂੰ ਵੀ ਇਸ ਮਾਮਲੇ ‘ਚ ਕਥਿਤ ਭੂਮਿਕਾ ਲਈ ਗ੍ਰਿਫ਼ਤਾਰ ਕੀਤਾ ਗਿਆ ।
ਏ.ਸੀ.ਬੀ. ਦੇ ਡਾਇਰੈਕਟਰ ਜਨਰਲ ਗੋਵਿੰਦ ਗੁਪਤਾ ਨੇ ਕਿਹਾ ਕਿ ਬਿਊਰੋ ਨੂੰ ਸ਼ਿਕਾਇਤ ਮਿਲੀ ਸੀ ਕਿ ਨਾਨਾਵਤੀ ਨੇ ਚੰਦੇਲ ਰਾਹੀਂ ਰਿਸ਼ਵਤ ਮੰਗੀ ਸੀ। ਇਹ ਰਿਸ਼ਵਤ ਸ਼ਿਕਾਇਤਕਰਤਾ ਦੀ ਜ਼ਮਾਨਤ ਰੱਦ ਨਾ ਹੋਣ, ਅਦਾਲਤ ਵਿੱਚ ਚੱਲ ਰਹੇ ਕੇਸ ਵਿੱਚ ਸਜ਼ਾ ਤੋਂ ਬਚਾਉਣ ਅਤੇ ਕੇਸ ਵਿੱਚ ਹੋਰ ਮਦਦ ਕਰਨ ਦੇ ਬਦਲੇ ਵਿੱਚ ਮੰਗੀ ਗਈ ਸੀ। ਏ.ਸੀ.ਬੀ. ਨੇ 11 ਅਕਤੂਬਰ ਨੂੰ ਸ਼ਿਕਾਇਤਕਰਤਾ ਅਤੇ ਸਹਿ ਸ਼ਿਕਾਇਤਕਰਤਾ ਵੱਲੋਂ ਕੀਤੀ ਰਿਸ਼ਵਤ ਦੀ ਮੰਗ ਦੀ ਪੁਸ਼ਟੀ ਕੀਤੀ। ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਮੁਲਜ਼ਮ ਨੇ ਪਹਿਲਾਂ ਵੀ ਸ਼ਿਕਾਇਤਕਰਤਾ ਤੋਂ ‘ਖ਼ਰਚੇ-ਪਾਣੀ’ ਦੇ ਨਾਂ ‘ਤੇ 2,000 ਰੁਪਏ ਮੰਗੇ ਅਤੇ ਲਏ ਸਨ।
ਪੁਸ਼ਟੀ ਹੋਣ ਤੋਂ ਬਾਅਦ, ਬਾਂਸਵਾੜਾ ਏ.ਸੀ.ਬੀ. ਦੀ ਟੀਮ ਨੇ ਅੱਜ ਉਪ ਪੁਲਿਸ ਕਪਤਾਨ ਰਤਨ ਸਿੰਘ ਰਾਜਪੁਰੋਹਿਤ ਦੀ ਅਗਵਾਈ ਅਤੇ ਏ.ਸੀ.ਬੀ. ਉਦੈਪੁਰ ਰੇਂਜ ਦੇ ਪੁਲਿਸ ਸੁਪਰਡੈਂਟ ਪੀਯੂਸ਼ ਦੀਕਸ਼ਿਤ ਦੀ ਨਿਗਰਾਨੀ ਹੇਠ ਇੱਕ ਟਰੈਪ ਆਪ੍ਰੇਸ਼ਨ ਚਲਾਇਆ। ਕਾਰਵਾਈ ਦੌਰਾਨ ਚੰਦੇਲ ਨੂੰ ਨਾਨਾਵਤੀ ਦੀ ਤਰਫੋਂ 40,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਇਸ ਤੋਂ ਬਾਅਦ ਨਾਨਾਵਤੀ ਨੂੰ ਵੀ ਰਿਸ਼ਵਤ ਮੰਗਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਏ.ਸੀ.ਬੀ. ਦੀ ਵਧੀਕ ਡਾਇਰੈਕਟਰ ਜਨਰਲ ਸਮਿਤਾ ਸ਼੍ਰੀਵਾਸਤਵ ਅਤੇ ਇੰਸਪੈਕਟਰ ਜਨਰਲ ਐੱਸ. ਪਰਿਮਾਲਾ ਦੀ ਨਿਗਰਾਨੀ ਹੇਠ ਅਗਲੇਰੀ ਜਾਂਚ ਅਤੇ ਕਾਨੂੰਨੀ ਕਾਰਵਾਈ ਚੱਲ ਰਹੀ ਹੈ। ਬਿਊਰੋ ਵੱਲੋਂ ਦੋਵਾਂ ਮੁਲਜ਼ਮਾਂ ਦੇ ਘਰਾਂ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕਰਕੇ ਅਗਲੇਰੀ ਜਾਂਚ ਕੀਤੀ ਜਾਵੇਗੀ। ਏ.ਸੀ.ਬੀ. ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਭ੍ਰਿਸ਼ਟਾਚਾਰ ਵਿਰੋਧੀ ਜਾਂਚ ਦੇ ਡਰ ਦਾ ਫਾਇਦਾ ਉਠਾਉਣ ਵਾਲੇ ਧੋਖੇਬਾਜ਼ਾਂ ਦੇ ਸ਼ਿਕਾਰ ਨਾ ਹੋਣ। ਏ.ਸੀ.ਬੀ. ਨੇ ਕਿਹਾ ਕਿ ਜਿਸ ਵੀ ਵਿਅਕਤੀ ਖ਼ਿਲਾਫ਼ ਏ.ਸੀ.ਬੀ. ਦੀ ਸ਼ਿਕਾਇਤ ਜਾਂ ਮੁੱਢਲੀ ਜਾਂਚ ਚੱਲ ਰਹੀ ਹੈ, ਉਹ ਆਪਣਾ ਪੱਖ ਪੇਸ਼ ਕਰਨ ਲਈ ਬਿਊਰੋ ਨਾਲ ਸਿੱਧਾ ਸੰਪਰਕ ਕਰ ਸਕਦਾ ਹੈ। ਨਾਲ ਹੀ, ਜਵਾਬਾਂ ਦੀ ਵਿਸਥਾਰ ਨਾਲ ਸਮੀਖਿਆ ਕਰਨ ਤੋਂ ਬਾਅਦ ਹੀ ਜਾਂਚ ਨਾਲ ਸਬੰਧਤ ਫ਼ੈਸਲੇ ਲਏ ਜਾਂਦੇ ਹਨ।










