ਪਟਿਆਲਾ: ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਪਟਿਆਲਾ ਪੁਲਿਸ ਨੇ ਵੱਖ-ਵੱਖ ਥਾਵਾਂ ’ਤੇ ਕਾਰਵਾਈ ਕਰਦਿਆਂ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ ਮਾਮਲਿਆਂ ਵਿੱਚ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਹੈਰੋਇਨ, ਚਿੱਟਾ ਅਤੇ ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਐੱਸਐੱਸਪੀ ਹਰਮਨਦੀਪ ਸਿੰਘ ਹਾਂਸ ਨੇ ਇਨ੍ਹਾਂ ਕਾਰਵਾਈਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ।
ਵੱਖ-ਵੱਖ ਥਾਵਾਂ ਤੋਂ ਨਸ਼ੀਲੇ ਪਦਾਰਥ ਬਰਾਮਦ
ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਪਹਿਲੇ ਮਾਮਲੇ ਵਿੱਚ ਥਾਣਾ ਪਸਿਆਣਾ ਦੀ ਟੀਮ ਨੇ ਸਰਬਜੀਤ ਕੌਰ ਵਾਸੀ ਪਿੰਡ ਰੋਹਟੀ ਛੰਨਾ ਨੂੰ ਕਾਬੂ ਕੀਤਾ। ਪੁਲਿਸ ਨੇ ਸੰਗਰੂਰ-ਪਟਿਆਲਾ ਰੋਡ ’ਤੇ ਇੱਕ ਪਲਾਂਟ ਨੇੜੇ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ, ਜਿਸ ਦੌਰਾਨ ਉਸ ਕੋਲੋਂ 4 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਸਬੰਧੀ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਦੂਜੇ ਮਾਮਲੇ ਵਿੱਚ ਥਾਣਾ ਸਦਰ ਪਟਿਆਲਾ ਦੀ ਪੁਲਿਸ ਨੇ ਬਹਾਦਰਗੜ੍ਹ ਦੀ ਢੇਹਾ ਬਸਤੀ ਦੇ ਰਹਿਣ ਵਾਲੇ ਗੋਗੀ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 30 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ।
ਸਿਵਲ ਲਾਈਨ ਪੁਲਸ ਨੇ ਦੋ ਵਿਅਕਤੀਆਂ ਨੂੰ ਕੀਤਾ ਕਾਬੂ
ਤੀਜੇ ਮਾਮਲੇ ਵਿੱਚ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਅਬਲੋਵਾਲ ਦੀ ਬਾਜ਼ੀਗਰ ਬਸਤੀ ਦੇ ਰਹਿਣ ਵਾਲੇ ਗਗਨਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਮੁਤਾਬਕ ਬਿਜਲੀ ਬੋਰਡ ਦਫ਼ਤਰ ਨੇੜੇ ਕੀਤੀ ਗਈ ਜਾਂਚ ਦੌਰਾਨ ਉਸ ਕੋਲੋਂ 20 ਗ੍ਰਾਮ ਚਿੱਟਾ ਬਰਾਮਦ ਹੋਇਆ।
ਇਸੇ ਥਾਣੇ ਦੀ ਪੁਲਿਸ ਨੇ ਜੈ ਜਵਾਨ ਕਾਲੋਨੀ ਦੇ ਰਹਿਣ ਵਾਲੇ ਪੰਕਜ ਸੇਠੀ ਨੂੰ ਵੀ ਕਾਬੂ ਕੀਤਾ ਹੈ। ਪੁਲਿਸਅਨੁਸਾਰ, ਬਾਰਾਂ ਕੂਆਂ ਇਲਾਕੇ ਵਿੱਚ ਉਸ ਦੀ ਤਲਾਸ਼ੀ ਦੌਰਾਨ 10 ਗ੍ਰਾਮ ਚਿੱਟਾ ਬਰਾਮਦ ਕੀਤਾ ਗਿਆ। ਦੋਵਾਂ ਮਾਮਲਿਆਂ ਵਿੱਚ ਐੱਨਡੀਪੀਐੱਸ ਐਕਟ ਤਹਿਤ ਕਾਰਵਾਈ ਕੀਤੀ ਗਈ ਹੈ।
ਬਖ਼ਸ਼ੀਵਾਲਾ ਅਤੇ ਅਨਾਜ ਮੰਡੀ ਥਾਣੇ ਦੀ ਪੁਲਸ ਨੇ ਵੀ ਕੀਤੀ ਕਾਰਵਾਈ
ਪੰਜਵੇਂ ਮਾਮਲੇ ਵਿੱਚ ਥਾਣਾ ਬਖ਼ਸ਼ੀਵਾਲਾ ਦੀ ਪੁਲਸ ਨੇ ਪਿੰਡ ਵੱਡੀ ਰੌਣੀ ਦੇ ਵਿਜੇ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਮੁਤਾਬਕ ਪਿੰਡ ਕਲਿਆਣ ਦੇ ਸਟੇਡੀਅਮ ਨੇੜੇ ਉਸ ਕੋਲੋਂ 15 ਗ੍ਰਾਮ ਚਿੱਟਾ ਬਰਾਮਦ ਹੋਇਆ।
ਇਸ ਤੋਂ ਇਲਾਵਾ, ਥਾਣਾ ਅਨਾਜ ਮੰਡੀ ਪਟਿਆਲਾ ਦੀ ਪੁਲਿਸ ਨੇ ਪ੍ਰਤਾਪ ਨਗਰ ਦੇ ਰਹਿਣ ਵਾਲੇ ਪ੍ਰਿੰਸ ਨੂੰ ਕਾਬੂ ਕਰਕੇ ਉਸ ਕੋਲੋਂ 50 ਖੁੱਲ੍ਹੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਇਹ ਕਾਰਵਾਈ ਭਾਰਤ ਨਗਰ ਇਲਾਕੇ ਵਿੱਚ ਕੀਤੀ ਗਈ।
ਪੁਲਿਸ ਨੇ ਦੱਸਿਆ ਕਿ ਸਾਰੇ ਮਾਮਲਿਆਂ ਵਿੱਚ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।










