Homeਹਰਿਆਣਾਲਾਡੋ ਲਕਸ਼ਮੀ ਯੋਜਨਾ ਦੀ 12ਵੀਂ ਕਿਸ਼ਤ ਜਾਰੀ, 10.10 ਲੱਖ ਔਰਤਾਂ ਨੂੰ ਮਿਲੀ...

ਲਾਡੋ ਲਕਸ਼ਮੀ ਯੋਜਨਾ ਦੀ 12ਵੀਂ ਕਿਸ਼ਤ ਜਾਰੀ, 10.10 ਲੱਖ ਔਰਤਾਂ ਨੂੰ ਮਿਲੀ ਰਾਹਤ

ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੈਬਨਿਟ ਮੀਟਿੰਗ ਤੋਂ ਬਾਅਦ ਕਈ ਅਹਿਮ ਫੈਸਲਿਆਂ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਦੀਨਦਿਆਲ ਲਾਡੋ ਲਕਸ਼ਮੀ ਯੋਜਨਾ ਦੀ 12ਵੀਂ ਕਿਸ਼ਤ ਜਾਰੀ ਕਰ ਦਿੱਤੀ ਗਈ ਹੈ। ਇਸ ਤਹਿਤ 10 ਲੱਖ 10 ਹਜ਼ਾਰ ਲਾਭਪਾਤਰੀ ਔਰਤਾਂ ਦੇ ਬੈਂਕ ਖਾਤਿਆਂ ਵਿੱਚ 212 ਕਰੋੜ 16 ਲੱਖ ਰੁਪਏ ਪਾਏ ਗਏ ਹਨ।

ਮੁੱਖ ਮੰਤਰੀ ਮੁਤਾਬਕ, ਯੋਜਨਾ ਸ਼ੁਰੂ ਹੋਣ ਤੋਂ ਹੁਣ ਤੱਕ 12 ਕਿਸ਼ਤਾਂ ਰਾਹੀਂ ਕੁੱਲ 2,466 ਕਰੋੜ 63 ਲੱਖ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ। ਇਸ ਦੇ ਦੂਜੇ ਪੜਾਅ ਵਿੱਚ 2 ਲੱਖ 57 ਹਜ਼ਾਰ 147 ਔਰਤਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ।

35 ਲੱਖ ਤੋਂ ਵੱਧ ਲੋਕਾਂ ਨੂੰ ਸਮਾਜਿਕ ਸੁਰੱਖਿਆ ਪੈਨਸ਼ਨ

ਸੈਣੀ ਨੇ ਦੱਸਿਆ ਕਿ ਸੂਬੇ ਦੀਆਂ 15 ਸਮਾਜਿਕ ਸੁਰੱਖਿਆ ਪੈਨਸ਼ਨ ਯੋਜਨਾਵਾਂ ਤਹਿਤ 35 ਲੱਖ 13 ਹਜ਼ਾਰ 295 ਲਾਭਪਾਤਰੀਆਂ ਦੇ ਖਾਤਿਆਂ ਵਿੱਚ 1,131 ਕਰੋੜ 7 ਲੱਖ ਰੁਪਏ ਭੇਜੇ ਗਏ ਹਨ।

ਇਸੇ ਤਰ੍ਹਾਂ ‘ਹਰ ਘਰ-ਹਰ ਗ੍ਰਹਿਣੀ ਯੋਜਨਾ’ ਤਹਿਤ ਅਗਸਤ ਮਹੀਨੇ ਦੀ ਸਬਸਿਡੀ ਵਜੋਂ ਗੈਸ ਸਿਲੰਡਰ ਰਿਫਿਲ ਕਰਵਾਉਣ ਵਾਲੀਆਂ 5 ਲੱਖ 14 ਹਜ਼ਾਰ ਔਰਤਾਂ ਨੂੰ 20 ਕਰੋੜ 39 ਲੱਖ ਰੁਪਏ ਦਿੱਤੇ ਗਏ ਹਨ। ਇਸ ਯੋਜਨਾ ਅਧੀਨ ਹੁਣ ਤੱਕ ਕੁੱਲ 380 ਕਰੋੜ 21 ਲੱਖ ਰੁਪਏ ਦੀ ਸਬਸਿਡੀ ਜਾਰੀ ਹੋ ਚੁੱਕੀ ਹੈ।

4,222 ਪਰਿਵਾਰਾਂ ਨੂੰ ਮਿਲੇਗੀ ਆਰਥਿਕ ਸਹਾਇਤਾ

ਦੀਨਦਿਆਲ ਉਪਾਧਿਆਏ ਅੰਤੋਦਿਆ ਪਰਿਵਾਰ ਸੁਰੱਖਿਆ ਯੋਜਨਾ (ਦਿਆਲੂ) ਤਹਿਤ 4,222 ਪਰਿਵਾਰਾਂ ਲਈ 158 ਕਰੋੜ 80 ਲੱਖ ਰੁਪਏ ਦੀ ਸਹਾਇਤਾ ਜਾਰੀ ਕੀਤੀ ਜਾ ਰਹੀ ਹੈ। ਇਸ ਰਾਹੀਂ ਹੁਣ ਤੱਕ ਕੁੱਲ 3,479 ਕਰੋੜ 61 ਲੱਖ ਰੁਪਏ ਦੀ ਮਦਦ ਦਿੱਤੀ ਜਾ ਚੁੱਕੀ ਹੈ।

ਦੂਜੇ ਪਾਸੇ, ਭਾਵਾਂਤਰ ਭਰਪਾਈ ਯੋਜਨਾ ਤਹਿਤ ਆਲੂ ਅਤੇ ਫੁੱਲਗੋਭੀ ਉਗਾਉਣ ਵਾਲੇ 3,384 ਕਿਸਾਨਾਂ ਨੂੰ 34 ਕਰੋੜ 79 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਸ ਵਿੱਚ ਆਲੂ ਉਤਪਾਦਕ 3,364 ਕਿਸਾਨਾਂ ਲਈ 34 ਕਰੋੜ 76 ਲੱਖ ਰੁਪਏ ਅਤੇ ਫੁੱਲਗੋਭੀ ਉਗਾਉਣ ਵਾਲੇ 20 ਕਿਸਾਨਾਂ ਲਈ 2 ਲੱਖ 39 ਹਜ਼ਾਰ ਰੁਪਏ ਸ਼ਾਮਲ ਹਨ।

ਨਵੇਂ ਰਾਸ਼ਨ ਡਿਪੂਆਂ ’ਚ ਔਰਤਾਂ ਲਈ 33 ਫ਼ੀਸਦੀ ਰਾਖਵਾਂਕਰਨ

ਹਰਿਆਣਾ ਸਰਕਾਰ ਨੇ ਸੂਬੇ ਵਿੱਚ 2,651 ਨਵੇਂ ਰਾਸ਼ਨ ਡਿਪੂਆਂ ਦੀ ਅਲਾਟਮੈਂਟ ਲਈ ਆਨਲਾਈਨ ਰਜਿਸਟ੍ਰੇਸ਼ਨ ਪੋਰਟਲ ਸ਼ੁਰੂ ਕੀਤਾ ਹੈ। ਇਨ੍ਹਾਂ ਡਿਪੂਆਂ ਵਿੱਚੋਂ 33 ਫ਼ੀਸਦੀ ਔਰਤਾਂ ਲਈ ਰਾਖਵੇਂ ਰੱਖੇ ਗਏ ਹਨ।

ਇਸ ਤੋਂ ਇਲਾਵਾ, ਪਿੰਡਾਂ ਵਿੱਚ ਬਣੀਆਂ ਅਟਲ ਲਾਇਬ੍ਰੇਰੀਆਂ ਲਈ ‘ਪੁਸਤਕ ਸੇਤੂ’ ਪੋਰਟਲ ਵੀ ਸ਼ੁਰੂ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਲਦੀ ਹੀ ਸੂਬੇ ਵਿੱਚ 650 ਹੋਰ ਲਾਇਬ੍ਰੇਰੀਆਂ ਖੋਲ੍ਹੀਆਂ ਜਾਣਗੀਆਂ, ਜਿਨ੍ਹਾਂ ਵਿੱਚੋਂ 500 ਲਾਇਬ੍ਰੇਰੀਆਂ 25 ਦਸੰਬਰ 2026 ਤੱਕ ਸਥਾਪਤ ਕਰਨ ਦਾ ਟੀਚਾ ਹੈ। ਇਸ ਪੋਰਟਲ ਰਾਹੀਂ ਲੋਕ ਆਪਣੇ ਪਿੰਡ ਦੀ ਲਾਇਬ੍ਰੇਰੀ ਨੂੰ ਮੁਫ਼ਤ ਕਿਤਾਬਾਂ ਵੀ ਦਾਨ ਕਰ ਸਕਣਗੇ।

ਚੌਪਾਲਾਂ ਦੀ ਮੁਰੰਮਤ ਲਈ 77 ਕਰੋੜ ਰੁਪਏ

ਅਨੁਸੂਚਿਤ ਜਾਤੀਆਂ ਅਤੇ ਪੱਛੜੇ ਵਰਗਾਂ ਦੀਆਂ ਚੌਪਾਲਾਂ ਦੀ ਮੁਰੰਮਤ ਅਤੇ ਨਵੀਨੀਕਰਨ ਲਈ 77 ਕਰੋੜ 6 ਲੱਖ ਰੁਪਏ ਜਾਰੀ ਕੀਤੇ ਗਏ ਹਨ। ਸਰਕਾਰ ਨੇ ਸੂਬੇ ਵਿੱਚ ਮੁਰੰਮਤ ਦੀ ਲੋੜ ਵਾਲੀਆਂ 5,185 ਚੌਪਾਲਾਂ ਦੀ ਪਛਾਣ ਕੀਤੀ ਸੀ। ਮੁੱਖ ਮੰਤਰੀ ਅਨੁਸਾਰ, ਹੁਣ ਤੱਕ 4,653 ਕੰਮਾਂ ਲਈ ਕੁੱਲ 195 ਕਰੋੜ 53 ਲੱਖ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ।

ਉਨ੍ਹਾਂ ਇਹ ਵੀ ਦੱਸਿਆ ਕਿ ਵੱਖ-ਵੱਖ 20 ਜਨ-ਕਲਿਆਣਕਾਰੀ ਯੋਜਨਾਵਾਂ ਤਹਿਤ 50 ਲੱਖ 46 ਹਜ਼ਾਰ 624 ਯੋਗ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਕੁੱਲ 1,634 ਕਰੋੜ 27 ਲੱਖ ਰੁਪਏ ਭੇਜੇ ਗਏ ਹਨ।

ਝੋਨੇ ਦੀ ਖਰੀਦ 15 ਨਵੰਬਰ ਤੱਕ ਜਾਰੀ ਰਹੇਗੀ

ਹਰਿਆਣਾ ਦੀਆਂ 278 ਮੰਡੀਆਂ ਵਿੱਚ 29 ਸਤੰਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਹੋਈ ਸੀ, ਜੋ 15 ਨਵੰਬਰ ਤੱਕ ਚੱਲੇਗੀ। ਕਾਮਨ ਝੋਨੇ ਦਾ ਘੱਟੋ-ਘੱਟ ਸਮਰਥਨ ਮੁੱਲ 2,441 ਰੁਪਏ ਪ੍ਰਤੀ ਕੁਇੰਟਲ ਅਤੇ ਗ੍ਰੇਡ-ਏ ਝੋਨੇ ਦਾ 2,461 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਗਿਆ ਹੈ।

9 ਅਕਤੂਬਰ ਤੱਕ ਮੰਡੀਆਂ ਵਿੱਚ 14.25 ਲੱਖ ਮੀਟ੍ਰਿਕ ਟਨ ਝੋਨਾ ਪਹੁੰਚਿਆ ਸੀ, ਜਿਸ ਵਿੱਚੋਂ 8.35 ਲੱਖ ਮੀਟ੍ਰਿਕ ਟਨ ਦੀ ਖਰੀਦ ਹੋ ਚੁੱਕੀ ਸੀ। ਇਸ ਦੌਰਾਨ 19,155 ਕਿਸਾਨਾਂ ਨੂੰ 398 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ ਹੈ।

ਸਾਬਕਾ ਅਗਨੀਵੀਰਾਂ ਨੂੰ ਭਰਤੀ ਵਿੱਚ ਰਾਹਤ

ਕੈਬਨਿਟ ਨੇ ਸੂਬੇ ਦੀ ਅਗਨੀਵੀਰ ਨੀਤੀ ਤਹਿਤ ਆਉਣ ਵਾਲੀਆਂ ਗਰੁੱਪ-ਸੀ ਦੀਆਂ ਸਿੱਧੀਆਂ ਭਰਤੀਆਂ ਵਿੱਚ ਸਾਬਕਾ ਅਗਨੀਵੀਰਾਂ ਨੂੰ ਲਿਖਤੀ ਪ੍ਰੀਖਿਆਵਾਂ ਤੋਂ ਛੋਟ ਦੇਣ ਦੀ ਮਨਜ਼ੂਰੀ ਦਿੱਤੀ ਹੈ।

ਇਸ ਤੋਂ ਇਲਾਵਾ, ਵਾਈਲਡਲਾਈਫ ਗਾਰਡ, ਇੰਡੀਅਨ ਰਿਜ਼ਰਵ ਬਟਾਲੀਅਨ ਦੇ ਕਾਂਸਟੇਬਲ, ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ ਦੇ ਕਾਂਸਟੇਬਲ ਅਤੇ ਫਾਇਰ ਆਪਰੇਟਰ-ਕਮ-ਡਰਾਈਵਰ ਦੀਆਂ ਅਸਾਮੀਆਂ ਲਈ ਅਰਜ਼ੀ ਦੇਣ ਵਾਲੇ ਸਾਬਕਾ ਅਗਨੀਵੀਰਾਂ ਨੂੰ ਲਾਗੂ ਨਿਯਮਾਂ ਅਨੁਸਾਰ ਸਰੀਰਕ ਜਾਂਚ ਅਤੇ ਸਰੀਰਕ ਮਾਪ ਪ੍ਰੀਖਿਆ ਤੋਂ ਵੀ ਛੋਟ ਦੇਣ ਦਾ ਫੈਸਲਾ ਕੀਤਾ ਗਿਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments