ਦੇਹਰਾਦੂਨ/ਰੁਦਰਪ੍ਰਯਾਗ: ਉੱਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ਵਿੱਚ ਸਥਿਤ ਕੇਦਾਰਨਾਥ ਧਾਮ ਦੇ ਪੈਦਲ ਯਾਤਰਾ ਮਾਰਗ ’ਤੇ ਇੱਕ ਵਾਰ ਫਿਰ ਜ਼ਮੀਨ ਖਿਸਕਣ ਕਾਰਨ ਰਸਤਾ ਬੰਦ ਹੋ ਗਿਆ ਹੈ। ਅੱਜ ਸਵੇਰੇ ਚੀੜਵਾਸਾ ਇਲਾਕੇ ਵਿੱਚ ਪਹਾੜ ਤੋਂ ਮਲਬਾ ਅਤੇ ਪੱਥਰ ਡਿੱਗਣ ਕਾਰਨ ਯਾਤਰਾ ਨੂੰ ਅਸਥਾਈ ਤੌਰ ’ਤੇ ਰੋਕ ਦਿੱਤਾ ਗਿਆ। ਸੁਰੱਖਿਆ ਦੇ ਮੱਦੇਨਜ਼ਰ ਸ਼ਰਧਾਲੂਆਂ ਨੂੰ ਗੌਰੀਕੁੰਡ ਵਿਖੇ ਹੀ ਰੁਕਣ ਲਈ ਕਿਹਾ ਗਿਆ ਹੈ।
ਜ਼ਿਲ੍ਹਾ ਐਮਰਜੈਂਸੀ ਸੰਚਾਲਨ ਕੇਂਦਰ, ਰੁਦਰਪ੍ਰਯਾਗ ਤੋਂ ਮਿਲੀ ਜਾਣਕਾਰੀ ਮੁਤਾਬਕ, ਸਵੇਰੇ 7 ਵੱਜ ਕੇ 22 ਮਿੰਟ ’ਤੇ ਗੌਰੀਕੁੰਡ ਦੇ ਸੈਕਟਰ ਅਧਿਕਾਰੀ ਨੇ ਮਾਰਗ ਪ੍ਰਭਾਵਿਤ ਹੋਣ ਦੀ ਸੂਚਨਾ ਦਿੱਤੀ। ਇਸ ਤੋਂ ਬਾਅਦ ਸਬੰਧਤ ਵਿਭਾਗਾਂ ਨੂੰ ਤੁਰੰਤ ਕਾਰਵਾਈ ਕਰਨ ਲਈ ਕਿਹਾ ਗਿਆ।
ਲੋਕ ਨਿਰਮਾਣ ਵਿਭਾਗ ਦੇ ਗੁਪਤਕਾਸ਼ੀ ਸਥਿਤ ਉਪ-ਇੰਜੀਨੀਅਰ ਅਨੁਸਾਰ, ਕਰਮਚਾਰੀ ਰਸਤੇ ਤੋਂ ਮਲਬਾ ਅਤੇ ਪੱਥਰ ਹਟਾਉਣ ਵਿੱਚ ਜੁਟੇ ਹੋਏ ਹਨ। ਮੌਕੇ ’ਤੇ ਪੁਲਸ ਅਤੇ ਬਚਾਅ ਟੀਮਾਂ ਵੀ ਤਾਇਨਾਤ ਹਨ।
ਪ੍ਰਸ਼ਾਸਨ ਵੱਲੋਂ ਸੁਰੱਖਿਆ ਨੂੰ ਤਰਜੀਹ ਦਿੰਦਿਆਂ ਯਾਤਰਾ ਮੁੜ ਸ਼ੁਰੂ ਕਰਨ ਤੋਂ ਪਹਿਲਾਂ ਰਸਤੇ ਨੂੰ ਸਾਫ਼ ਕਰਨ ਅਤੇ ਹਾਲਾਤਾਂ ਦਾ ਜਾਇਜ਼ਾ ਲੈਣ ਦੀ ਕਾਰਵਾਈ ਕੀਤੀ ਜਾ ਰਹੀ ਹੈ।










