Homeਪੰਜਾਬਜਲੰਧਰ ’ਚ 27 ਅਕਤੂਬਰ ਤੋਂ ਗੂੰਜੇਗੀ ਹਾਕੀ ਦੀ ਧਮਕ

ਜਲੰਧਰ ’ਚ 27 ਅਕਤੂਬਰ ਤੋਂ ਗੂੰਜੇਗੀ ਹਾਕੀ ਦੀ ਧਮਕ

ਚੰਡੀਗੜ੍ਹ: ਪੰਜਾਬ ਵਿੱਚ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਨੂੰ ਲੈ ਕੇ ਤਿਆਰੀਆਂ ਤੇਜ਼ ਹੋ ਗਈਆਂ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਧਿਕਾਰੀਆਂ ਨੂੰ ਖੇਡ ਮੁਕਾਬਲੇ ਲਈ ਵਿਸ਼ਵ ਪੱਧਰੀ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਹ ਟੂਰਨਾਮੈਂਟ 27 ਅਕਤੂਬਰ ਤੋਂ 5 ਨਵੰਬਰ ਤੱਕ ਜਲੰਧਰ ਵਿੱਚ ਕਰਵਾਇਆ ਜਾਣਾ ਹੈ। ਇਸ ਵਿੱਚ ਭਾਰਤ ਸਮੇਤ ਛੇ ਦੇਸ਼ਾਂ ਦੀਆਂ ਟੀਮਾਂ ਹਿੱਸਾ ਲੈਣਗੀਆਂ।

ਟੂਰਨਾਮੈਂਟ ਦੀਆਂ ਤਿਆਰੀਆਂ ਸਬੰਧੀ ਹੋਈ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਸਟੇਡੀਅਮ ਦੇ ਪ੍ਰਬੰਧਾਂ, ਸੁਰੱਖਿਆ, ਸਫ਼ਾਈ, ਆਵਾਜਾਈ, ਰਿਹਾਇਸ਼ ਅਤੇ ਮਹਿਮਾਨਨਵਾਜ਼ੀ ’ਤੇ ਵਿਸ਼ੇਸ਼ ਧਿਆਨ ਦੇਣ ਲਈ ਕਿਹਾ। ਉਨ੍ਹਾਂ ਸਪੱਸ਼ਟ ਕੀਤਾ ਕਿ ਸਾਰੇ ਵਿਭਾਗ ਆਪਸੀ ਤਾਲਮੇਲ ਨਾਲ ਕੰਮ ਕਰਨ, ਤਾਂ ਜੋ ਖਿਡਾਰੀਆਂ, ਅਧਿਕਾਰੀਆਂ ਅਤੇ ਦਰਸ਼ਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।

ਛੇ ਦੇਸ਼ਾਂ ਦੀਆਂ ਟੀਮਾਂ ਲੈਣਗੀਆਂ ਹਿੱਸਾ

ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਵਿੱਚ ਭਾਰਤ, ਚੀਨ, ਮਲੇਸ਼ੀਆ, ਜਾਪਾਨ, ਬੰਗਲਾਦੇਸ਼ ਅਤੇ ਦੱਖਣੀ ਕੋਰੀਆ ਦੀਆਂ ਟੀਮਾਂ ਸ਼ਾਮਲ ਹੋਣਗੀਆਂ। ਮੁੱਖ ਮੰਤਰੀ ਨੇ ਕਿਹਾ ਕਿ ਇਸ ਅੰਤਰਰਾਸ਼ਟਰੀ ਮੁਕਾਬਲੇ ਰਾਹੀਂ ਪੰਜਾਬ ਨੂੰ ਆਪਣੀ ਹਾਕੀ ਵਿਰਾਸਤ, ਖੇਡ ਸਹੂਲਤਾਂ ਅਤੇ ਸੱਭਿਆਚਾਰ ਨੂੰ ਦੁਨੀਆ ਸਾਹਮਣੇ ਪੇਸ਼ ਕਰਨ ਦਾ ਮੌਕਾ ਮਿਲੇਗਾ।

ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਟੂਰਨਾਮੈਂਟ ਨਾਲ ਸਬੰਧਤ ਸਾਰੇ ਪ੍ਰਬੰਧ ਸਮੇਂ ਸਿਰ ਪੂਰੇ ਕੀਤੇ ਜਾਣ ਅਤੇ ਖਿਡਾਰੀਆਂ ਨੂੰ ਅਭਿਆਸ ਤੇ ਮੈਚਾਂ ਦੌਰਾਨ ਲੋੜੀਂਦੀਆਂ ਸਹੂਲਤਾਂ ਮਿਲਣ।

ਜਲੰਧਰ ਅਤੇ ਮੋਹਾਲੀ ਦੀ ਸਫ਼ਾਈ ’ਤੇ ਜ਼ੋਰ

ਮੁੱਖ ਮੰਤਰੀ ਨੇ ਕਿਹਾ ਕਿ ਅੰਤਰਰਾਸ਼ਟਰੀ ਖੇਡ ਸਮਾਗਮ ਦੀਆਂ ਤਿਆਰੀਆਂ ਸਿਰਫ਼ ਸਟੇਡੀਅਮ ਤੱਕ ਸੀਮਤ ਨਹੀਂ ਹੋਣੀਆਂ ਚਾਹੀਦੀਆਂ। ਸ਼ਹਿਰ ਦੀਆਂ ਸੜਕਾਂ, ਜਨਤਕ ਥਾਵਾਂ ਅਤੇ ਸਫ਼ਾਈ ਪ੍ਰਬੰਧਾਂ ਨੂੰ ਵੀ ਸੁਧਾਰਿਆ ਜਾਵੇ।

ਇਸ ਸਬੰਧੀ ਜਲੰਧਰ ਅਤੇ ਮੋਹਾਲੀ ਦੇ ਨਗਰ ਨਿਗਮਾਂ ਨੂੰ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਉਣ ਅਤੇ ਸ਼ਹਿਰਾਂ ਦੇ ਸੁੰਦਰੀਕਰਨ ਲਈ ਲੋੜੀਂਦੇ ਕਦਮ ਚੁੱਕਣ ਲਈ ਕਿਹਾ ਗਿਆ। ਸਟੇਡੀਅਮ ਤੱਕ ਪਹੁੰਚਣ ਵਾਲੇ ਰਸਤਿਆਂ ਦੀ ਸਾਂਭ-ਸੰਭਾਲ ਅਤੇ ਆਵਾਜਾਈ ਨੂੰ ਸੁਚਾਰੂ ਬਣਾਉਣ ’ਤੇ ਵੀ ਧਿਆਨ ਦੇਣ ਦੀ ਹਦਾਇਤ ਦਿੱਤੀ ਗਈ।

ਵਿਦਿਆਰਥੀਆਂ ਨੂੰ ਮੈਚ ਦੇਖਣ ਦਾ ਮਿਲੇਗਾ ਮੌਕਾ

ਮੁੱਖ ਮੰਤਰੀ ਨੇ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਵੀ ਇਸ ਟੂਰਨਾਮੈਂਟ ਨਾਲ ਜੋੜਨ ਦੀ ਯੋਜਨਾ ਬਣਾਉਣ ਲਈ ਕਿਹਾ। ਉਨ੍ਹਾਂ ਅਨੁਸਾਰ, ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਨੂੰ ਖੇਡਦਿਆਂ ਦੇਖਣ ਨਾਲ ਨੌਜਵਾਨਾਂ ਵਿੱਚ ਹਾਕੀ ਪ੍ਰਤੀ ਦਿਲਚਸਪੀ ਵਧ ਸਕਦੀ ਹੈ।

ਇਸ ਦੇ ਨਾਲ ਹੀ ਪੰਜਾਬ ਭਰ ਵਿੱਚ ਟਰਾਫੀ ਟੂਰ ਕਰਵਾਉਣ ਦੀ ਯੋਜਨਾ ਵੀ ਬਣਾਈ ਜਾ ਰਹੀ ਹੈ। ਵਿਸ਼ੇਸ਼ ਐੱਸਯੂਵੀ ਰਾਹੀਂ ਟਰਾਫੀ ਨੂੰ ਵੱਖ-ਵੱਖ ਇਲਾਕਿਆਂ ਵਿੱਚ ਲਿਜਾ ਕੇ ਲੋਕਾਂ ਨੂੰ ਟੂਰਨਾਮੈਂਟ ਨਾਲ ਜੋੜਨ ਅਤੇ ਖੇਡ ਪ੍ਰਤੀ ਉਤਸ਼ਾਹ ਵਧਾਉਣ ਦਾ ਟੀਚਾ ਹੈ।

ਸੁਰੱਖਿਆ ਅਤੇ ਮਹਿਮਾਨਨਵਾਜ਼ੀ ਦੇ ਹੋਣਗੇ ਵਿਸ਼ੇਸ਼ ਪ੍ਰਬੰਧ

ਮੁੱਖ ਮੰਤਰੀ ਨੇ ਖਿਡਾਰੀਆਂ, ਉਨ੍ਹਾਂ ਦੇ ਸਹਾਇਕ ਸਟਾਫ਼ ਅਤੇ ਹੋਰ ਵਫ਼ਦਾਂ ਲਈ ਮਿਆਰੀ ਰਿਹਾਇਸ਼, ਭੋਜਨ ਅਤੇ ਆਵਾਜਾਈ ਦੇ ਪ੍ਰਬੰਧ ਯਕੀਨੀ ਬਣਾਉਣ ਲਈ ਕਿਹਾ। ਹੋਟਲਾਂ, ਮੈਚ ਸਥਲਾਂ ਅਤੇ ਹੋਰ ਨਿਰਧਾਰਤ ਥਾਵਾਂ ਵਿਚਕਾਰ ਆਉਣ-ਜਾਣ ਦੀ ਵਿਵਸਥਾ ਵੀ ਸੁਚਾਰੂ ਰੱਖਣ ਦੇ ਨਿਰਦੇਸ਼ ਦਿੱਤੇ ਗਏ।

ਉਨ੍ਹਾਂ ਕਿਹਾ ਕਿ ਸੁਰੱਖਿਆ ਪ੍ਰਬੰਧਾਂ ਦੇ ਨਾਲ-ਨਾਲ ਟ੍ਰੈਫਿਕ ਪ੍ਰਬੰਧਨ ਅਤੇ ਜਨਤਕ ਸਹੂਲਤਾਂ ਦੀ ਨਿਯਮਤ ਸਮੀਖਿਆ ਕੀਤੀ ਜਾਵੇ। ਤਿਆਰੀਆਂ ਦੌਰਾਨ ਸਾਹਮਣੇ ਆਉਣ ਵਾਲੀਆਂ ਕਮੀਆਂ ਨੂੰ ਤੁਰੰਤ ਦੂਰ ਕੀਤਾ ਜਾਵੇ।

ਤਿਆਰੀਆਂ ਲਈ ਬਣੇਗੀ ਵਿਸ਼ੇਸ਼ ਤਾਲਮੇਲ ਕਮੇਟੀ

ਟੂਰਨਾਮੈਂਟ ਦੇ ਪ੍ਰਬੰਧਾਂ ਨੂੰ ਸੁਚਾਰੂ ਬਣਾਉਣ ਲਈ ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਪ੍ਰਬੰਧਕਾਂ ਵਿਚਕਾਰ ਤਾਲਮੇਲ ਯਕੀਨੀ ਬਣਾਉਣ ਵਾਸਤੇ ਵਿਸ਼ੇਸ਼ ਕਮੇਟੀ ਗਠਿਤ ਕਰਨ ਦੀ ਯੋਜਨਾ ਹੈ। ਇਹ ਕਮੇਟੀ ਤਿਆਰੀਆਂ ਦੀ ਸਮੀਖਿਆ ਕਰਨ ਅਤੇ ਵੱਖ-ਵੱਖ ਵਿਭਾਗਾਂ ਦੇ ਕੰਮਾਂ ਵਿੱਚ ਤਾਲਮੇਲ ਬਣਾਈ ਰੱਖਣ ਵਿੱਚ ਭੂਮਿਕਾ ਨਿਭਾਏਗੀ।

ਮੀਟਿੰਗ ਵਿੱਚ ਮੁੱਖ ਸਕੱਤਰ ਕੇ.ਏ.ਪੀ. ਸਿਨਹਾ, ਵਧੀਕ ਮੁੱਖ ਸਕੱਤਰ ਅਨੁਰਾਗ ਵਰਮਾ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਡਾ. ਰਵੀ ਭਗਤ, ਖੇਡ ਸਕੱਤਰ ਵਰੁਣ ਰੂਜਮ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਪੁਨੀਤ ਗੋਇਲ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments