ਸੁਨਾਮ ਊਧਮ ਸਿੰਘ ਵਾਲਾ : ਥਾਣਾ ਸਿਟੀ ਸੁਨਾਮ ਵਿੱਚ ਬੀਤੀ ਦੁਪਹਿਰ ਬਾਅਦ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਖ਼ਿਲਾਫ਼ ਜਬਰ-ਜ਼ਨਾਹ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਔਰਤ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਸਨ ਕਿ ਉਹ ਕਾਂਗਰਸੀ ਆਗੂ ਹੈ ਅਤੇ ਜਗਦੇਵ ਸਿੰਘ ਪੁੱਤਰ ਜੈਲਾ ਸਿੰਘ ਵਾਸੀ ਗਾਗਾ (ਲਹਿਰਾ) ਮੇਰੇ ਘਰ ਆਉਣਾ-ਜਾਣਾ ਸ਼ੁਰੂ ਕਰ ਦਿੱਤਾ ਅਤੇ ਅਸੀਂ ਪਾਰਟੀ ਦੇ ਪ੍ਰੋਗਰਾਮਾਂ ਵਿੱਚ ਇਕੱਠੇ ਹੋਣ ਲੱਗੇ।
ਇਸ ਦੌਰਾਨ ਜਗਦੇਵ ਸਿੰਘ ਨੇ ਮੈਨੂੰ ਕਿਹਾ ਕਿ ਉਹ ਮੇਰੇ ਜਵਾਈ ਨੂੰ ਨੌਕਰੀ ਦਿਵਾ ਦੇਵੇਗਾ ਅਤੇ ਉਸ ਨੂੰ ਚੇਅਰਮੈਨ ਦੀ ਸੀਟ ਵੀ ਦਿਵਾ ਦੇਵੇਗਾ, ਜਿਸ ਦੇ ਬਦਲੇ ਉਸ ਨੇ ਉਸ ਨਾਲ ਸਰੀਰਕ ਸਬੰਧ ਬਣਾਏ। ਜਗਦੇਵ ਸਿੰਘ ਨੇ ਉਸਨੂੰ ਧਮਕੀ ਵੀ ਦਿੱਤੀ ਕਿ ਜੇਕਰ ਉਸਨੇ ਇਹ ਗੱਲ ਕਿਸੇ ਨੂੰ ਦੱਸੀ ਤਾਂ ਉਹ ਉਸਨੂੰ ਜਾਨ ਤੋਂ ਮਾਰ ਦੇਵੇਗਾ।
ਵਰਨਣਯੋਗ ਹੈ ਕਿ ਜਗਦੇਵ ਸਿੰਘ ਗਾਗਾ ਜ਼ਿਲ੍ਹਾ ਸੰਗਰੂਰ ਦੇ ਕਾਂਗਰਸ ਪ੍ਰਧਾਨ ਹਨ। ਥਾਣਾ ਸਿਟੀ ਸੁਨਾਮ ਦੇ ਹੌਲਦਾਰ ਸ਼ਾਮ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ‘ਚ ਪੁਲਿਸ ਨੇ ਜਗਦੇਵ ਸਿੰਘ ਪੁੱਤਰ ਜੈਲਾ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।










