HomeBusinessਦੀਵਾਲੀ ਤੋਂ ਪਹਿਲਾਂ ਸੁੱਕੇ ਮੇਵਿਆਂ ਨੇ ਵਧਾਈ ਟੈਂਸ਼ਨ

ਦੀਵਾਲੀ ਤੋਂ ਪਹਿਲਾਂ ਸੁੱਕੇ ਮੇਵਿਆਂ ਨੇ ਵਧਾਈ ਟੈਂਸ਼ਨ

ਨਵੀਂ ਦਿੱਲੀ: ਦੀਵਾਲੀ ਅਤੇ ਹੋਰ ਤਿਉਹਾਰਾਂ ਤੋਂ ਪਹਿਲਾਂ ਸੁੱਕੇ ਮੇਵਿਆਂ ਦੀਆਂ ਕੀਮਤਾਂ ਨੇ ਖਪਤਕਾਰਾਂ ਦੀ ਚਿੰਤਾ ਵਧਾ ਦਿੱਤੀ ਹੈ। ਦੇਸ਼ ਦੇ ਪ੍ਰਮੁੱਖ ਬਾਜ਼ਾਰਾਂ ਵਿੱਚ ਪਿਸਤਾ, ਬਦਾਮ, ਅੰਜੀਰ, ਖਜੂਰ ਅਤੇ ਕਾਜੂ ਸਮੇਤ ਕਈ ਡਰਾਈ ਫਰੂਟਸ ਦੇ ਭਾਅ ਪਿਛਲੇ ਸਾਲ ਦੇ ਮੁਕਾਬਲੇ ਕਾਫ਼ੀ ਵਧ ਗਏ ਹਨ। ਕੁਝ ਕਿਸਮਾਂ ਦੀਆਂ ਕੀਮਤਾਂ ਵਿੱਚ ਵਾਧਾ 70 ਫੀਸਦੀ ਤੱਕ ਦੱਸਿਆ ਜਾ ਰਿਹਾ ਹੈ।

ਪਿਸਤਾ ਅਤੇ ਬਦਾਮ ਸਭ ਤੋਂ ਵੱਧ ਮਹਿੰਗੇ

ਵਪਾਰਕ ਅੰਕੜਿਆਂ ਮੁਤਾਬਕ ਪਿਸਤਾ ਅਤੇ ਬਦਾਮ ਦੀਆਂ ਕੀਮਤਾਂ ਵਿੱਚ ਸਭ ਤੋਂ ਜ਼ਿਆਦਾ ਵਾਧਾ ਦਰਜ ਕੀਤਾ ਗਿਆ ਹੈ। ਸ਼ੈੱਲ ਵਾਲੇ ਪਿਸਤੇ ਦੀਆਂ ਥੋਕ ਕੀਮਤਾਂ ਵਿੱਚ ਕਰੀਬ 60 ਤੋਂ 70 ਫੀਸਦੀ ਤੱਕ ਵਾਧਾ ਹੋਇਆ ਹੈ, ਜਦਕਿ ਪਿਸ਼ਾਵਰੀ ਪਿਸਤੇ ਦਾ ਭਾਅ ਵੀ ਰਿਕਾਰਡ ਪੱਧਰ ’ਤੇ ਪਹੁੰਚ ਗਿਆ ਹੈ।

ਬਦਾਮ ਦੀਆਂ ਵੱਖ-ਵੱਖ ਕਿਸਮਾਂ ਦੇ ਰੇਟ ਵਿੱਚ ਲਗਭਗ 20 ਤੋਂ 40 ਫੀਸਦੀ ਤੱਕ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਅੰਜੀਰ 5 ਤੋਂ 15 ਫੀਸਦੀ, ਖਜੂਰ 5 ਤੋਂ 10 ਫੀਸਦੀ ਅਤੇ ਕਾਜੂ 5 ਤੋਂ 8 ਫੀਸਦੀ ਤੱਕ ਮਹਿੰਗੇ ਹੋਏ ਹਨ। ਕਿਸ਼ਮਿਸ਼ ਅਤੇ ਮੁਨੱਕੇ ਦੇ ਭਾਅ ਵਿੱਚ ਤੁਲਨਾਤਮਕ ਤੌਰ ’ਤੇ ਘੱਟ, ਲਗਭਗ 2 ਤੋਂ 5 ਫੀਸਦੀ ਦਾ ਵਾਧਾ ਹੋਇਆ ਹੈ।

ਆਖ਼ਰ ਕਿਉਂ ਵਧ ਰਹੇ ਨੇ ਡਰਾਈ ਫਰੂਟਸ ਦੇ ਰੇਟ?

ਸੁੱਕੇ ਮੇਵਿਆਂ ਦੀਆਂ ਕੀਮਤਾਂ ਵਧਣ ਪਿੱਛੇ ਕਈ ਅੰਤਰਰਾਸ਼ਟਰੀ ਅਤੇ ਘਰੇਲੂ ਕਾਰਕ ਦੱਸੇ ਜਾ ਰਹੇ ਹਨ। ਈਰਾਨ ਅਤੇ ਅਫਗਾਨਿਸਤਾਨ ਤੋਂ ਆਉਣ ਵਾਲੀ ਸਪਲਾਈ ਵਿੱਚ ਰੁਕਾਵਟਾਂ, ਅੰਤਰਰਾਸ਼ਟਰੀ ਤਣਾਅ ਅਤੇ ਵਧੀਆਂ ਸ਼ਿਪਿੰਗ ਲਾਗਤਾਂ ਨੇ ਆਯਾਤਕਾਰਾਂ ’ਤੇ ਦਬਾਅ ਵਧਾਇਆ ਹੈ।

ਇਸ ਦੇ ਨਾਲ ਹੀ ਅਮਰੀਕਾ ਦੇ ਕੈਲੀਫੋਰਨੀਆ ਖੇਤਰ ਵਿੱਚ ਬਦਾਮ ਦੀ ਫਸਲ ਨਾਲ ਜੁੜੀਆਂ ਚੁਣੌਤੀਆਂ ਅਤੇ ਸ਼ਿਪਮੈਂਟ ਵਿੱਚ ਦੇਰੀ ਨੇ ਵੀ ਸਪਲਾਈ ਨੂੰ ਪ੍ਰਭਾਵਿਤ ਕੀਤਾ ਹੈ।

ਕਮਜ਼ੋਰ ਰੁਪਏ ਦਾ ਵੀ ਪਿਆ ਅਸਰ

ਡਾਲਰ ਦੇ ਮੁਕਾਬਲੇ ਰੁਪਏ ਦੀ ਕਮਜ਼ੋਰੀ ਕਾਰਨ ਵਿਦੇਸ਼ਾਂ ਤੋਂ ਸੁੱਕੇ ਮੇਵੇ ਮੰਗਵਾਉਣ ਦੀ ਲਾਗਤ ਵਧ ਜਾਂਦੀ ਹੈ। ਇਸ ਦੇ ਨਾਲ ਸਮੁੰਦਰੀ ਭਾੜੇ ਵਿੱਚ ਵਾਧੇ ਨੇ ਵੀ ਆਯਾਤ ਕੀਤੇ ਜਾਣ ਵਾਲੇ ਡਰਾਈ ਫਰੂਟਸ ਦੇ ਰੇਟ ਉੱਪਰ ਧੱਕੇ ਹਨ।

ਭਾਵੇਂ ਸਤੰਬਰ 2025 ਵਿੱਚ ਸੁੱਕੇ ਮੇਵਿਆਂ ’ਤੇ GST ਦਰ 12 ਫੀਸਦੀ ਤੋਂ ਘਟਾ ਕੇ 5 ਫੀਸਦੀ ਕੀਤੀ ਗਈ ਸੀ, ਪਰ ਵਧੀਆਂ ਆਯਾਤ ਲਾਗਤਾਂ ਕਾਰਨ ਇਸ ਦਾ ਪੂਰਾ ਲਾਭ ਬਾਜ਼ਾਰ ਕੀਮਤਾਂ ਵਿੱਚ ਨਜ਼ਰ ਨਹੀਂ ਆ ਰਿਹਾ।

ਤਿਉਹਾਰਾਂ ਦੌਰਾਨ ਹੋਰ ਵਧ ਸਕਦੇ ਨੇ ਭਾਅ

ਦੀਵਾਲੀ ਦੇ ਸੀਜ਼ਨ ਵਿੱਚ ਸੁੱਕੇ ਮੇਵਿਆਂ ਦੀ ਮੰਗ ਆਮ ਦਿਨਾਂ ਦੇ ਮੁਕਾਬਲੇ ਕਾਫ਼ੀ ਵਧ ਜਾਂਦੀ ਹੈ। ਲੋਕ ਇਨ੍ਹਾਂ ਦੀ ਵਰਤੋਂ ਮਠਿਆਈਆਂ ਬਣਾਉਣ ਅਤੇ ਤੋਹਫ਼ਿਆਂ ਵਜੋਂ ਵੀ ਕਰਦੇ ਹਨ।

ਅਜਿਹੇ ਵਿੱਚ ਜੇਕਰ ਮੰਗ ਵਧਦੀ ਰਹੀ ਅਤੇ ਸਪਲਾਈ ’ਤੇ ਦਬਾਅ ਬਣਿਆ ਰਿਹਾ ਤਾਂ ਆਉਣ ਵਾਲੇ ਦਿਨਾਂ ਵਿੱਚ ਸੁੱਕੇ ਮੇਵਿਆਂ ਦੀਆਂ ਕੀਮਤਾਂ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਬਣੀ ਰਹਿ ਸਕਦੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments