ਅਜਨਾਲਾ: ਅਜਨਾਲਾ ਇਲਾਕੇ ਵਿੱਚ ਪੁਲਿਸ ਮੁਲਾਜ਼ਮ ਨੂੰ ਨਿਸ਼ਾਨਾ ਬਣਾਉਂਦੇ ਹੋਏ ਫਾਇਰਿੰਗ ਦੀ ਘਟਨਾ ਸਾਹਮਣੇ ਆਈ ਹੈ। ਅੰਮ੍ਰਿਤਸਰ GRP ਵਿੱਚ ਤਾਇਨਾਤ ASI ਸੁਖਚੈਨ ਸਿੰਘ ’ਤੇ ਤਿੰਨ ਅਣਪਛਾਤੇ ਬਾਈਕ ਸਵਾਰ ਨੌਜਵਾਨਾਂ ਵੱਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਵਿੱਚ ASI ਜ਼ਖਮੀ ਹੋਏ ਹਨ ਅਤੇ ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਅਜਨਾਲਾ ਵਿਖੇ ਦਾਖਲ ਕਰਵਾਇਆ ਗਿਆ ਹੈ।
ਘਰ ਤੋਂ ਕੁਝ ਦੂਰੀ ’ਤੇ ਹੋਇਆ ਹਮਲਾ
ਜਾਣਕਾਰੀ ਮੁਤਾਬਕ ਘਟਨਾ ਸ਼ਾਮ ਕਰੀਬ 7 ਤੋਂ 7:15 ਵਜੇ ਦੇ ਵਿਚਕਾਰ ਵਾਪਰੀ। ASI ਸੁਖਚੈਨ ਸਿੰਘ ਡਿਊਟੀ ਪੂਰੀ ਕਰਨ ਤੋਂ ਬਾਅਦ ਮੋਟਰਸਾਈਕਲ ’ਤੇ ਆਪਣੇ ਪਿੰਡ ਜਗਦੇਵ ਖੁਰਦ ਵੱਲ ਜਾ ਰਹੇ ਸਨ।
ਦੱਸਿਆ ਜਾ ਰਿਹਾ ਹੈ ਕਿ ਜਦੋਂ ਉਹ ਜਗਦੇਵ ਕਲਾਂ ਵਾਲੀ ਨਹਿਰ ਪਾਰ ਕਰਕੇ ਆਪਣੇ ਘਰ ਤੋਂ ਲਗਭਗ ਇੱਕ ਕਿਲੋਮੀਟਰ ਦੂਰ ਪਹੁੰਚੇ ਤਾਂ ਪਿੱਛੋਂ ਆਏ ਬਾਈਕ ਸਵਾਰ ਤਿੰਨ ਵਿਅਕਤੀਆਂ ਨੇ ਉਨ੍ਹਾਂ ’ਤੇ ਫਾਇਰਿੰਗ ਕਰ ਦਿੱਤੀ। ਹਮਲਾਵਰ ਵਾਰਦਾਤ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ।
ਬਾਂਹ ਵਿੱਚ ਲੱਗੀ ਗੋਲੀ, ਖਤਰੇ ਤੋਂ ਬਾਹਰ ਦੱਸੇ ਜਾ ਰਹੇ ASI
ਫਾਇਰਿੰਗ ਦੌਰਾਨ ਇੱਕ ਗੋਲੀ ASI ਸੁਖਚੈਨ ਸਿੰਘ ਦੀ ਖੱਬੀ ਬਾਂਹ ਨੂੰ ਲੱਗੀ। ਗੋਲੀ ਮੋਢੇ ਤੋਂ ਹੇਠਾਂ ਬਾਂਹ ਦੇ ਹਿੱਸੇ ਨੂੰ ਚੀਰਦੀ ਹੋਈ ਆਰ-ਪਾਰ ਨਿਕਲ ਗਈ। ਮੁੱਢਲੀ ਜਾਣਕਾਰੀ ਮੁਤਾਬਕ ਗੋਲੀ ਕਿਸੇ ਅਹਿਮ ਅੰਗ ਨੂੰ ਨੁਕਸਾਨ ਨਹੀਂ ਪਹੁੰਚਾ ਸਕੀ।
ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਅਜਨਾਲਾ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਦੀ ਨਿਗਰਾਨੀ ਹੇਠ ਇਲਾਜ ਕੀਤਾ ਜਾ ਰਿਹਾ ਹੈ।
DSP ਸਮੇਤ ਪੁਲਿਸ ਅਧਿਕਾਰੀਆਂ ਨੇ ਲਿਆ ਘਟਨਾ ਸਥਾਨ ਦਾ ਜਾਇਜ਼ਾ
ਪੁਲਿਸ ਮੁਲਾਜ਼ਮ ’ਤੇ ਹਮਲੇ ਦੀ ਸੂਚਨਾ ਮਿਲਦੇ ਹੀ ਅਧਿਕਾਰੀ ਹਰਕਤ ਵਿੱਚ ਆ ਗਏ। DSP ਧਰਮਿੰਦਰ ਕਲਿਆਣ ਸਮੇਤ ਸਥਾਨਕ ਪੁਲਿਸ ਅਧਿਕਾਰੀਆਂ ਨੇ ਹਸਪਤਾਲ ਪਹੁੰਚ ਕੇ ਜ਼ਖਮੀ ASI ਦਾ ਹਾਲ ਜਾਣਿਆ ਅਤੇ ਬਾਅਦ ਵਿੱਚ ਘਟਨਾ ਸਥਾਨ ਦਾ ਵੀ ਮੁਆਇਨਾ ਕੀਤਾ। ਪੁਲਿਸ ਮੁਤਾਬਕ ਘਟਨਾ ਸਮੇਂ ASI ਸੁਖਚੈਨ ਸਿੰਘ ਡਿਊਟੀ ਤੋਂ ਵਾਪਸ ਆ ਰਹੇ ਸਨ ਅਤੇ ਉਨ੍ਹਾਂ ਨੇ ਸਿਵਲ ਕੱਪੜੇ ਪਹਿਨੇ ਹੋਏ ਸਨ।
ਹਮਲੇ ਦੇ ਕਾਰਨਾਂ ਦੀ ਜਾਂਚ, CCTV ਅਤੇ ਤਕਨੀਕੀ ਸਬੂਤ ਖੰਗਾਲੇ ਜਾ ਰਹੇ
ਪੁਲਿਸ ਨੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਟੀਮ ਵੱਲੋਂ ਘਟਨਾ ਨਾਲ ਜੁੜੇ ਤਕਨੀਕੀ ਸਬੂਤਾਂ ਨੂੰ ਖੰਗਾਲਿਆ ਜਾ ਰਿਹਾ ਹੈ ਅਤੇ ਹਮਲਾਵਰਾਂ ਦੀ ਪਛਾਣ ਲਈ ਸੰਭਾਵਿਤ ਰਸਤਿਆਂ ਅਤੇ ਆਸ-ਪਾਸ ਦੇ ਇਲਾਕਿਆਂ ਦੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ASI ’ਤੇ ਹਮਲਾ ਕਿਸ ਕਾਰਨ ਕੀਤਾ ਗਿਆ। ਕੀ ਇਹ ਨਿੱਜੀ ਰੰਜਿਸ਼ ਦਾ ਮਾਮਲਾ ਹੈ ਜਾਂ ਹਮਲੇ ਪਿੱਛੇ ਕੋਈ ਹੋਰ ਕਾਰਨ ਹੈ, ਇਸ ਬਾਰੇ ਪੁਲਿਸ ਜਾਂਚ ਤੋਂ ਬਾਅਦ ਹੀ ਤਸਵੀਰ ਸਾਫ਼ ਹੋਵੇਗੀ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੇ ਹਰ ਪੱਖ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਮਲਾਵਰਾਂ ਤੱਕ ਪਹੁੰਚਣ ਲਈ ਟੀਮਾਂ ਵੱਲੋਂ ਕੰਮ ਕੀਤਾ ਜਾ ਰਿਹਾ ਹੈ।










