ਨੈਨਟਕੇਟ: ਅਮਰੀਕਾ ਦੇ ਨੈਨਟਕੇਟ ਤਟ ਨੇੜੇ ਇੱਕ ਮੈਡੀਕਲ ਇਵੈਕੂਏਸ਼ਨ ਜਹਾਜ਼ ਲਾਪਤਾ ਹੋਣ ਤੋਂ ਬਾਅਦ ਉਸ ਦਾ ਮਲਬਾ ਮਿਲਿਆ ਹੈ। ਇਹ ਜਹਾਜ਼ ਬਰਮੂਡਾ ਤੋਂ ਬੋਸਟਨ ਵੱਲ ਜਾ ਰਿਹਾ ਸੀ ਅਤੇ ਇਸ ਵਿੱਚ ਕੁੱਲ 6 ਲੋਕ ਸਵਾਰ ਸਨ। ਅਮਰੀਕੀ ਕੋਸਟ ਗਾਰਡ ਵੱਲੋਂ ਜਹਾਜ਼ ਦੀ ਭਾਲ ਲਈ ਸਰਚ ਅਤੇ ਰੈਸਕਿਊ ਆਪਰੇਸ਼ਨ ਜਾਰੀ ਹੈ।
ਅਧਿਕਾਰੀਆਂ ਮੁਤਾਬਕ ਸ਼ਨੀਵਾਰ ਤੜਕੇ ਕਰੀਬ 2 ਵਜੇ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਨੂੰ ਜਹਾਜ਼ ਨਾਲ ਸੰਪਰਕ ਟੁੱਟਣ ਦੀ ਸੂਚਨਾ ਮਿਲੀ। ਇਹ ਗਲਫਸਟ੍ਰੀਮ G100 ਜਹਾਜ਼ ਸੀ, ਜਿਸ ਦਾ ਟੇਲ ਨੰਬਰ C-GRJP ਦੱਸਿਆ ਗਿਆ ਹੈ। ਜਹਾਜ਼ ਨੂੰ ਕੈਨੇਡਾ ਦੀ ਏਅਰੋ-ਮੈਡੀਕਲ ਟਰਾਂਸਪੋਰਟ ਕੰਪਨੀ ‘ਲੈਟੀਟਿਊਡ ਏਅਰ ਐਂਬੂਲੈਂਸ’ ਵੱਲੋਂ ਚਲਾਇਆ ਜਾ ਰਿਹਾ ਸੀ।
ਨੈਨਟਕੇਟ ਤਟ ਨੇੜੇ ਮਿਲਿਆ ਮਲਬਾ
ਅਮਰੀਕੀ ਕੋਸਟ ਗਾਰਡ ਨੇ ਪੁਸ਼ਟੀ ਕੀਤੀ ਹੈ ਕਿ ਸਰਚ ਟੀਮਾਂ ਨੂੰ ਨੈਨਟਕੇਟ ਦੇ ਤਟ ਨੇੜੇ ਜਹਾਜ਼ ਦਾ ਮਲਬਾ ਮਿਲਿਆ ਹੈ। ਹਾਲਾਂਕਿ ਜਹਾਜ਼ ਦੇ ਸਾਰੇ 6 ਸਵਾਰਾਂ ਦੀ ਸਥਿਤੀ ਬਾਰੇ ਅਜੇ ਕੋਈ ਪੁਸ਼ਟੀ ਨਹੀਂ ਹੋਈ ਅਤੇ ਉਨ੍ਹਾਂ ਦੀ ਭਾਲ ਜਾਰੀ ਹੈ।
ਅਧਿਕਾਰੀਆਂ ਅਨੁਸਾਰ ਜਹਾਜ਼ ਵਿੱਚ ਕੈਨੇਡਾ ਦੇ 4 ਅਤੇ ਬਰਮੂਡਾ ਦੇ 2 ਨਾਗਰਿਕ ਸਵਾਰ ਸਨ। ਸਬੰਧਤ ਪਰਿਵਾਰਾਂ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।
ਉਡਾਣ ਦੌਰਾਨ ਅਚਾਨਕ ਘਟੀ ਸੀ ਉਚਾਈ
ਫਲਾਈਟ ਟ੍ਰੈਕਿੰਗ ਡਾਟਾ ਮੁਤਾਬਕ ਸੰਪਰਕ ਟੁੱਟਣ ਤੋਂ ਕੁਝ ਸਮਾਂ ਪਹਿਲਾਂ ਜਹਾਜ਼ ਦੀ ਉਚਾਈ ਵਿੱਚ ਤੇਜ਼ੀ ਨਾਲ ਕਮੀ ਆਈ ਸੀ। ਰਿਪੋਰਟਾਂ ਅਨੁਸਾਰ ਜਹਾਜ਼ ਲਗਭਗ 7,300 ਮੀਟਰ ਦੀ ਉਚਾਈ ਤੋਂ ਕੁਝ ਹੀ ਸਮੇਂ ਵਿੱਚ ਕਰੀਬ 3,300 ਮੀਟਰ ਤੱਕ ਹੇਠਾਂ ਆ ਗਿਆ ਸੀ।
ਉਡਾਣ ਨਾਲ ਜੁੜੀ ਏਅਰ ਟ੍ਰੈਫਿਕ ਕੰਟਰੋਲ ਗੱਲਬਾਤ ਦੇ ਸਾਹਮਣੇ ਆਏ ਵੇਰਵਿਆਂ ਵਿੱਚ ਕਥਿਤ ਤੌਰ ’ਤੇ ਪਾਇਲਟ ਵੱਲੋਂ ਤਕਨੀਕੀ, ਖ਼ਾਸ ਕਰਕੇ ਇਲੈਕਟ੍ਰਿਕਲ ਸਮੱਸਿਆਵਾਂ ਦੀ ਜਾਣਕਾਰੀ ਦਿੱਤੇ ਜਾਣ ਦੀ ਗੱਲ ਸਾਹਮਣੇ ਆਈ ਹੈ।
ਪਾਇਲਟ ਨੇ ਐਮਰਜੈਂਸੀ ਦੀ ਸੂਚਨਾ ਦਿੱਤੀ
ਏਅਰ ਟ੍ਰੈਫਿਕ ਕੰਟਰੋਲ ਨਾਲ ਹੋਈ ਗੱਲਬਾਤ ਦੌਰਾਨ ਜਹਾਜ਼ ਦੀ ਸਥਿਤੀ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਗਈ। ਇਸ ਤੋਂ ਬਾਅਦ ਐਮਰਜੈਂਸੀ ਸਥਿਤੀ ਦੀ ਪੁਸ਼ਟੀ ਹੋਈ। ਕੁਝ ਹੀ ਸਮੇਂ ਬਾਅਦ ਜਹਾਜ਼ ਨਾਲ ਸੰਪਰਕ ਟੁੱਟ ਗਿਆ।
ਇਸ ਘਟਨਾ ਤੋਂ ਬਾਅਦ ਕੋਸਟ ਗਾਰਡ ਦੀਆਂ ਟੀਮਾਂ ਨੇ ਸਮੁੰਦਰ ਵਿੱਚ ਸਰਚ ਆਪਰੇਸ਼ਨ ਸ਼ੁਰੂ ਕੀਤਾ। ਕੋਸਟ ਗਾਰਡ ਦਾ ਜਹਾਜ਼ ‘ਵਿਲੀਅਮ ਸਪਾਰਲਿੰਗ’ ਵੀ ਰਾਤ ਭਰ ਖੋਜ ਮੁਹਿੰਮ ਵਿੱਚ ਸ਼ਾਮਲ ਰਿਹਾ।
ਕੈਨੇਡਾ ਦੇ ਟਰਾਂਸਪੋਰਟ ਮੰਤਰੀ ਨੇ ਪ੍ਰਗਟ ਕੀਤਾ ਦੁੱਖ
ਕੈਨੇਡਾ ਦੇ ਟਰਾਂਸਪੋਰਟ ਮੰਤਰੀ ਸਟੀਵਨ ਮੈਕਿਨਨ ਨੇ ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰੀ ਅਧਿਕਾਰੀ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ। ਉਨ੍ਹਾਂ ਨੇ ਜਹਾਜ਼ ਵਿੱਚ ਸਵਾਰ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕੀਤੀ ਅਤੇ ਸਰਚ ਤੇ ਰੈਸਕਿਊ ਆਪਰੇਸ਼ਨ ਵਿੱਚ ਜੁਟੇ ਬਚਾਅ ਕਰਮਚਾਰੀਆਂ ਦਾ ਧੰਨਵਾਦ ਕੀਤਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਲਈ Chardikala Time TV ਨੂੰ ਕਰੋ Subscribe:-










