ਗੁਜਰਾਤ: ਗੁਜਰਾਤ ਦੇ ਆਨੰਦ ਜ਼ਿਲ੍ਹੇ ਵਿੱਚ ਅੱਜ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਅਹਿਮਦਾਬਾਦ-ਵਡੋਦਰਾ ਐਕਸਪ੍ਰੈਸਵੇਅ ’ਤੇ ਇੱਕ ਨਿੱਜੀ ਬੱਸ ਅਤੇ ਟਰੱਕ ਵਿਚਕਾਰ ਜ਼ੋਰਦਾਰ ਟੱਕਰ ਹੋ ਗਈ। ਹਾਦਸੇ ਵਿੱਚ ਬੱਸ ਸਵਾਰ 5 ਲੋਕਾਂ ਦੀ ਮੌਤ ਹੋ ਗਈ, ਜਦਕਿ 5 ਹੋਰ ਯਾਤਰੀ ਜ਼ਖਮੀ ਹੋ ਗਏ।
ਪੁਲਿਸ ਮੁਤਾਬਕ ਘਟਨਾ ਸਮੇਂ ਬੱਸ ਵਿੱਚ ਕਰੀਬ 30 ਤੋਂ 40 ਯਾਤਰੀ ਸਵਾਰ ਸਨ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਅਤੇ ਰਾਹਤ ਤੇ ਜਾਂਚ ਦਾ ਕੰਮ ਸ਼ੁਰੂ ਕੀਤਾ।
ਓਵਰਟੇਕ ਕਰਨ ਦੌਰਾਨ ਵਾਪਰਿਆ ਹਾਦਸਾ
ਆਨੰਦ ਦੇ ਪੁਲਿਸ ਸੁਪਰਡੈਂਟ ਜੀ.ਜੀ. ਜਸਾਨੀ ਮੁਤਾਬਕ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਨਿੱਜੀ ਬੱਸ ਐਕਸਪ੍ਰੈਸਵੇਅ ’ਤੇ ਇੱਕ ਟਰੱਕ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਇਸੇ ਦੌਰਾਨ ਬੱਸ ਦੀ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟੱਕਰ ਹੋ ਗਈ।
ਟੱਕਰ ਇੰਨੀ ਜ਼ੋਰਦਾਰ ਸੀ ਕਿ ਇਸ ਵਿੱਚ ਪੰਜ ਯਾਤਰੀਆਂ ਦੀ ਜਾਨ ਚਲੀ ਗਈ ਅਤੇ ਪੰਜ ਹੋਰ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ।
ਪੁਲਿਸ ਵੱਲੋਂ ਜਾਂਚ ਜਾਰੀ
ਹਾਦਸੇ ਤੋਂ ਬਾਅਦ ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ। ਹਾਦਸੇ ਦੇ ਸਹੀ ਕਾਰਨਾਂ ਅਤੇ ਘਟਨਾ ਨਾਲ ਜੁੜੇ ਹੋਰ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਹਾਦਸੇ ਦੀਆਂ ਸਥਿਤੀਆਂ ਅਤੇ ਵਾਹਨਾਂ ਨਾਲ ਸਬੰਧਤ ਜਾਣਕਾਰੀ ਵੀ ਇਕੱਠੀ ਕੀਤੀ ਜਾ ਰਹੀ ਹੈ।












