Homeਪੰਜਾਬਤੜਕੇ ਡੇਰੇ ’ਚ ਦਾਖਲ ਹੋਏ 7 ਨਕਾਬਪੋਸ਼ ਲੁਟੇਰੇ, ਪਰਿਵਾਰ ਨੂੰ ਬਣਾਇਆ ਬੰਧਕ

ਤੜਕੇ ਡੇਰੇ ’ਚ ਦਾਖਲ ਹੋਏ 7 ਨਕਾਬਪੋਸ਼ ਲੁਟੇਰੇ, ਪਰਿਵਾਰ ਨੂੰ ਬਣਾਇਆ ਬੰਧਕ

ਟਾਂਡਾ ਉੜਮੁੜ: ਪਿੰਡ ਮਿਆਣੀ ਵਿੱਚ ਬੀਤੇ ਦਿਨੀਂ ਇੱਕ ਪਰਿਵਾਰ ਨਾਲ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਸੱਤ ਨਕਾਬਪੋਸ਼ ਵਿਅਕਤੀ ਕਰੀਬ 2:30 ਵਜੇ ਗੁੱਜਰ ਮੋਹੰਮਦ ਕਾਲੂ ਦੇ ਡੇਰੇ ਵਿੱਚ ਦਾਖਲ ਹੋਏ ਅਤੇ ਪਰਿਵਾਰਕ ਮੈਂਬਰਾਂ ਨੂੰ ਬੰਧਕ ਬਣਾ ਲਿਆ।

ਪਰਿਵਾਰ ਦਾ ਦੋਸ਼ ਹੈ ਕਿ ਘਰ ਵਿੱਚ ਦਾਖਲ ਹੁੰਦੇ ਹੀ ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਮੋਹੰਮਦ ਕਾਲੂ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਵੀ ਡਰਾ-ਧਮਕਾ ਕੇ ਇੱਕ ਥਾਂ ਬਿਠਾ ਦਿੱਤਾ। ਵਿਰੋਧ ਕਰਨ ’ਤੇ ਪਰਿਵਾਰਕ ਮੈਂਬਰਾਂ ਨਾਲ ਕੁੱਟਮਾਰ ਕੀਤੀ ਗਈ।

ਇਸ ਦੌਰਾਨ ਮੋਹੰਮਦ ਕਾਲੂ ਦੇ ਪੁੱਤਰ ਮਨਜ਼ੂਰ ਅਹਿਮਦ ਨੂੰ ਦਾਤਰ ਨਾਲ ਜ਼ਖਮੀ ਕਰਨ ਦਾ ਦੋਸ਼ ਹੈ। ਉਸ ਨੂੰ ਗੰਭੀਰ ਸੱਟਾਂ ਲੱਗਣ ਕਾਰਨ ਇਲਾਜ ਲਈ ਸਿਵਲ ਹਸਪਤਾਲ ਟਾਂਡਾ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

ਪਰਿਵਾਰ ਮੁਤਾਬਕ ਲੁਟੇਰਿਆਂ ਨੇ ਘਰ ਦੀ ਤਲਾਸ਼ੀ ਲੈ ਕੇ ਸੋਨੇ ਦੇ ਗਹਿਣੇ ਵੀ ਲੈ ਲਏ। ਮਨਜ਼ੂਰ ਅਹਿਮਦ ਦੇ ਕੰਨਾਂ ਵਿੱਚ ਪਾਈਆਂ ਸੋਨੇ ਦੀਆਂ ਵਾਲੀਆਂ, ਅੰਗੂਠੀ ਅਤੇ ਹੋਰ ਗਹਿਣਿਆਂ ਤੋਂ ਇਲਾਵਾ ਘਰ ਵਿੱਚ ਰੱਖੀ ਕਰੀਬ 70 ਹਜ਼ਾਰ ਰੁਪਏ ਦੀ ਨਕਦੀ ਵੀ ਲੁੱਟ ਲਈ ਗਈ।

ਮੋਹੰਮਦ ਕਾਲੂ ਨੇ ਦੱਸਿਆ ਕਿ ਬਦਮਾਸ਼ਾਂ ਨੇ ਉਸ ਦੀ, ਉਸ ਦੀ ਪਤਨੀ ਗੁਲਸ਼ਨ ਬੇਗਮ ਅਤੇ ਧੀ ਨਾਲ ਵੀ ਕੁੱਟਮਾਰ ਕੀਤੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਾਰੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ।

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਟਾਂਡਾ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰਿਵਾਰ ਨੇ ਪੁਲਿਸ ਤੋਂ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਕਾਬੂ ਕਰਨ ਅਤੇ ਲੁੱਟਿਆ ਗਿਆ ਸਮਾਨ ਬਰਾਮਦ ਕਰਨ ਦੀ ਮੰਗ ਕੀਤੀ ਹੈ। ਪੁਲਿਸ ਵੱਲੋਂ ਮਾਮਲੇ ਨਾਲ ਜੁੜੇ ਸਾਰੇ ਪੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments