ਮੁੰਬਈ: ਆਈ.ਆਈ.ਟੀ. ਬੰਬੇ ਦੇ ਵਿਦਿਆਰਥੀ ਸਾਹਿਲ ਵਕੋਡੇ ਦੀ ਮੌਤ ਦੇ ਮਾਮਲੇ ਵਿੱਚ ਪ੍ਰੀਖਿਆ ਹਾਲ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਉਣ ਤੋਂ ਬਾਅਦ ਜਾਂਚ ਵਿੱਚ ਨਵਾਂ ਪੱਖ ਜੁੜ ਗਿਆ ਹੈ। ਰਿਪੋਰਟਾਂ ਮੁਤਾਬਕ 18 ਸਤੰਬਰ ਨੂੰ ਦੁਪਹਿਰ ਕਰੀਬ 12:30 ਤੋਂ 12:45 ਵਜੇ ਦੇ ਵਿਚਕਾਰ ਦੀ ਫੁਟੇਜ ਵਿੱਚ ਸਾਹਿਲ ਪ੍ਰੀਖਿਆ ਹਾਲ ਵਿੱਚ ਬੈਠਾ ਦਿਖਾਈ ਦਿੰਦਾ ਹੈ। ਫੁਟੇਜ ਵਿੱਚ ਉਹ ਆਪਣੀ ਜੇਬ ਵੱਲ ਦੇਖਦਾ ਨਜ਼ਰ ਆਉਂਦਾ ਹੈ, ਜਿਸ ਤੋਂ ਬਾਅਦ ਪ੍ਰੋਫੈਸਰ ਸੂਰਿਆਨਾਰਾਇਣ ਦੁੱਲਾ ਉਸਦੇ ਕੋਲ ਪਹੁੰਚ ਕੇ ਉਸ ਨਾਲ ਗੱਲ ਕਰਦੇ ਹਨ। ਇਸ ਤੋਂ ਬਾਅਦ ਸਾਹਿਲ ਨੂੰ ਆਪਣਾ ਸਮਾਨ ਇਕੱਠਾ ਕਰਕੇ ਪ੍ਰੀਖਿਆ ਹਾਲ ਤੋਂ ਬਾਹਰ ਜਾਂਦੇ ਹੋਏ ਦਿਖਾਇਆ ਗਿਆ ਹੈ।
ਪੁਲਿਸ ਦੀ ਜਾਂਚ ਵਿੱਚ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਸਾਹਿਲ ’ਤੇ ਪ੍ਰੀਖਿਆ ਦੌਰਾਨ ਮੋਬਾਈਲ ਫੋਨ ਦੀ ਵਰਤੋਂ ਕਰਨ ਅਤੇ ਕਥਿਤ ਤੌਰ ’ਤੇ ਚੈਟਜੀਪੀਟੀ ਰਾਹੀਂ ਜਵਾਬ ਲੈਣ ਦਾ ਦੋਸ਼ ਲੱਗਾ ਸੀ। ਹਾਲਾਂਕਿ, ਆਈਆਈਟੀ ਬੰਬੇ ਨੇ ਬਾਅਦ ਵਿੱਚ ਇਸ ਮਾਮਲੇ ਬਾਰੇ ਪਹਿਲਾਂ ਦਿੱਤੀ ਜਾਣਕਾਰੀ ਲਈ ਮੁਆਫ਼ੀ ਮੰਗਦਿਆਂ ਕਿਹਾ ਸੀ ਕਿ ਜਾਂਚ ਪੂਰੀ ਹੋਣ ਤੋਂ ਪਹਿਲਾਂ ਘਟਨਾ ਦੀ ਵਿਆਖਿਆ ਕਰਨਾ ਉਚਿਤ ਨਹੀਂ ਸੀ।
ਸਾਹਿਲ ਦੀ ਮੌਤ ਤੋਂ ਬਾਅਦ ਉਸਦੇ ਪਰਿਵਾਰ ਨੇ ਪ੍ਰੋਫੈਸਰ ਦੁੱਲਾ ’ਤੇ ਜਾਤੀ ਆਧਾਰਿਤ ਭੇਦਭਾਵ ਅਤੇ ਮਾਨਸਿਕ ਦਬਾਅ ਦੇ ਦੋਸ਼ ਲਗਾਏ ਹਨ। ਇਨ੍ਹਾਂ ਦੋਸ਼ਾਂ ਦੇ ਆਧਾਰ ’ਤੇ ਪੁਲਿਸ ਨੇ ਖੁਦਕੁਸ਼ੀ ਲਈ ਉਕਸਾਉਣ ਸਮੇਤ ਮਾਮਲਾ ਦਰਜ ਕੀਤਾ ਹੈ। ਦੂਜੇ ਪਾਸੇ, ਆਈਆਈਟੀ ਬੰਬੇ ਫੈਕਲਟੀ ਫੋਰਮ ਦੇ ਪ੍ਰਧਾਨ ਨੇ ਕਿਹਾ ਹੈ ਕਿ ਪ੍ਰੋਫੈਸਰ ਵੱਲੋਂ ਜਾਤੀ-ਸਬੰਧੀ ਟਿੱਪਣੀਆਂ ਕਰਨ ਦਾ ਕੋਈ ਪੁਸ਼ਟ ਸਬੂਤ ਸਾਹਮਣੇ ਨਹੀਂ ਆਇਆ ਅਤੇ ਜਾਂਚ ਪੂਰੀ ਹੋਣ ਤੱਕ ਨਤੀਜਾ ਨਹੀਂ ਕੱਢਣਾ ਚਾਹੀਦਾ।
ਇਸ ਦੌਰਾਨ ਆਈਆਈਟੀ ਬੰਬੇ ਨੇ ਪ੍ਰੋਫੈਸਰ ਸੂਰਿਆਨਾਰਾਇਣ ਦੁੱਲਾ ਨੂੰ ਛੁੱਟੀ ’ਤੇ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਅੰਦਰੂਨੀ ਜਾਂਚ ਲਈ 10 ਮੈਂਬਰੀ ਕਮੇਟੀ ਬਣਾਈ ਹੈ। ਮੁੰਬਈ ਕ੍ਰਾਈਮ ਬ੍ਰਾਂਚ ਵੀ CCTV, ਬਿਆਨਾਂ ਅਤੇ ਹੋਰ ਸਬੂਤਾਂ ਦੀ ਜਾਂਚ ਕਰ ਰਹੀ ਹੈ। ਕਮੇਟੀ ਨੂੰ ਇੱਕ ਹਫ਼ਤੇ ਵਿੱਚ ਆਪਣੀ ਰਿਪੋਰਟ ਦੇਣ ਲਈ ਕਿਹਾ ਗਿਆ ਹੈ।












